PROTEST- ਸਿੱਖਿਆ ਮੰਤਰੀ ਮੀਤ ਦੀ ਕੋਠੀ ਵੱਲ ਵੱਧ ਰਹੇ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥੀਆਂ

Advertisement
Spread information

ਮੀਤ ਹੇਅਰ ਦੀ ਕੋਠੀ ਵੱਲ ਵੱਧਦੇ ਅਧਿਆਪਕਾਂ ਅਤੇ ਪੁਲਿਸ ਦਰਮਿਆਨ ਖਿੱਚਧੂਹ, ਤਣਾਅ

ਬੈਰੀਕੇਡ ਲੰਘਣ ਲਈ ਪ੍ਰਦਰਸ਼ਨਕਾਰੀਆਂ ਨੇ ਕੀਤੀ ਜੱਦੋ-ਜਹਿਦ , ਅਧਿਆਪਕਾਂ ਤੇ ਭਾਰੀ ਪਈ ਪੁਲਿਸ

ਮਹਿਲਾ ਅਧਿਆਪਕ ਨਵਲਦੀਪ ਦਾ ਦੋਸ਼-ਪੁਲਿਸ ਨੇ ਮੈਨੂੰ ਕੇਸਾਂ ਤੋਂ ਫੜ੍ਹਕੇ ਘੜੀਸਿਆ


 ਹਰਿੰਦਰ ਨਿੱਕਾ,ਬਰਨਾਲਾ 29 ਮਈ 2022

     ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਵੱਲ ਰੋਸ ਪ੍ਰਦਰਸ਼ਨ ਕਰਨ ਲਈ ਅੱਗੇ ਵੱਧ ਰਹੇ ਅਧਿਆਪਕਾਂ ਦੇ ਕਦਮ , ਪੁਲਿਸ ਦੀ ਸਖਤੀ ਨੇ ਕੋਠੀ ਤੋਂ ਫਰਲਾਂਗ ਦੀ ਦੂਰੀ ਤੇ ਹੀ ਰੋਕ ਲਏ ਗਏ। ਬੈਰੀਕੇਡ ਲੰਘ ਕੇ ਅੱਗੇ ਵੱਧਣ ਦਾ ਯਤਨ ਕਰਦੇ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਭਾਰੀ ਸੰਖਿਆ ਵਿੱਚ ਤਾਇਨਾਤ ਪੁਲਿਸ ਨਾਲ ਕਾਫੀ ਦੇਰ ਤੱਕ ਜ਼ੋਰ ਅਜਮਾਈ ਵੀ ਚਲਦੀ ਰਹੀ। ਆਖਿਰ ਪੁਲਿਸ , ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਤੋਂ ਰੋਕਣ ਵਿੱਚ ਸਫਲ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਰੋਸ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਤੇ ਅਧਿਆਪਕਾਂ ਦਰਮਿਆਨ ਹੋਈ ਖਿੱਚਧੂਹ ਦਰਮਿਆਨ, ਕੁੱਝ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਵੀ ਲੱਥ ਗਈਆਂ। ਅਧਿਆਪਕ ਮੈਡਮ ਨਵਲਦੀਪ ਸ਼ਰਮਾ ਨੇ ਪੁਰਸ਼ ਪੁਲਿਸ ਵਾਲਿਆਂ ਤੇ ਉਸ ਨੂੰ ਕੇਸਾਂ ਤੋਂ ਫੜ੍ਹਕੇ ਘੜੀਸਣ ਦਾ ਗੰਭੀਰ ਦੋਸ਼ ਵੀ ਲਾਇਆ। ਜਿਸ ਦਾ ਪੁਲਿਸ ਅਧਿਕਾਰੀਆਂ ਨੇ ਖੰਡਨ ਵੀ ਕੀਤਾ। ਕੁੱਝ ਦਿਨ ਪਹਿਲਾਂ ਡੈਮੋਕ੍ਰੇਟਿਕ ਟੀਚਰ ਫਰੰਟ ਵਲੋਂ 29 ਮਈ ਨੂੰ ਮੀਤ ਹੇਅਰ ਦੀ ਕੋਠੀ ਘੇਰਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੋਇਆ ਸੀ।

Advertisement

          ਆਪਣੇ ਦਿੱਤੇ ਪ੍ਰੋਗਰਾਮ ਅਨੁਸਾਰ ਡੈਮੋਕ੍ਰੇਟਿਕ ਟੀਚਰ ਫਰੰਟ ਵਲੋਂ ਅੱਜ ਸਵੇਰ ਤੋਂ ਸਥਾਨਕ ਮਿੰਨੀ ਸਕੱਤਰੇਤ ਵਿਖੇ ਧਰਨਾ ਦਿੱਤਾ ਗਿਆ ਅਤੇ ਇਸ ਦੌਰਾਨ ਡੀ ਐੱਸ ਪੀ ਸ੍ਰੀ ਰਾਜੇਸ਼ ਸਨੇਹੀ ਬੱਤਾ ਅਤੇ ਐੱਸ ਡੀ ਐਮ ਸ੍ਰੀ ਗੋਪਾਲ ਸਿੰਘ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਫਰੰਟ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ । ਪਰ ਦਿਨ ਭਰ ਚੱਲੀਆਂ ਮੀਟਿੰਗਾਂ ਬੇਸਿੱਟਾ ਰਹਿਣ ਉਪਰੰਤ ਬਾਅਦ ਦੁਪਿਹਰ ਪ੍ਰਦਰਸ਼ਨਕਾਰੀਆਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ । ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖ਼ਤ ਬੈਰੀਕੇਟਿੰਗ ਅਤੇ ਸੈਂਕੜੇ ਪੰਜਾਬ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੇ ਦਸਤੇ ਵੀ ਤਾਇਨਾਤ ਕੀਤੇ ਗਏ ਸਨ। ਹੱਥਾਂ ਵਿੱਚ ਸਰਕਾਰ ਵਿਰੋਧੀ ਤਖ਼ਤੀਆਂ ਫੜ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਸਿੱਖਿਆ ਮੰਤਰੀ ਮੁਰਦਾਬਾਦ’ ਦੇ ਆਕਾਸ਼ ਗੂੰਜਦੇ ਨਾਅਰੇ ਲਾ ਕੋਠੀ ਵੱਲ ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਾਈਆਂ ਰੋਕਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ।

      ਮੀਡੀਆ ਨਾਲ ਗੱਲਬਾਤ ਕਰਦਿਆਂ ਫਰੰਟ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ , ਜਰਮਨਜੀਤ ਸਿੰਘ ਅਤੇ ਜਰਨਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ 8,886 ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ ਦੌਰਾਨ ਰੈਗੂਲਰ ਦੀ ਆਪਸ਼ਨ ਲੈਣ ਦੇ ਬਾਵਜੂਦ ਭਵਾਨੀਗੜ੍ਹ ਦੇ ਦੋ ਅਧਿਆਪਕਾਂ ਹਰਿੰਦਰ ਸਿੰਘ (ਸ.ਮਿ.ਸ. ਕਛਵਾ, ਪਟਿਆਲਾ) ਅਤੇ ਮੈਡਮ ਨਵਲਦੀਪ ਸ਼ਰਮਾ (ਸ.ਹ.ਸ. ਬੋਲੜ ਕਲਾਂ, ਪਟਿਆਲਾ) ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ‘ਆਪ’ ਸਿੰਘ ਔਜਲਾ ਸਰਕਾਰ ਦੁਆਰਾ ਰੈਗੂਲਰ ਦੇ ਆਰਡਰ ਨਹੀਂ ਦਿੱਤੇ ਗਏ, ਜਦਕਿ ਬਾਕੀ ਸਮੂਹ ਅਧਿਆਪਕ ਮਿਤੀ 01-04-2018 ਤੋਂ ਰੈਗੂਲਰ ਹੋਣ ਤੋਂ ਬਾਅਦ, ਅਪ੍ਰੈਲ 2020 ਤੱਕ ਕਨਫਰਮ ਵੀ ਹੋ ਚੁੱਕੇ  ਹਨ। ਇਸ ਬੇਇਨਸਾਫ਼ੀ, ਧੱਕੇਸ਼ਾਹੀ ਅਤੇ ਪੱਖਪਾਤ ਕਾਰਨ ਉਕਤ ਦੋਨੋਂ ਅਧਿਆਪਕ ਅਤੇ  ਇਹਨਾਂ ਦੇ ਪਰਿਵਾਰ ਗਹਿਰੀ ਮਾਨਸਿਕ ਤੇ ਆਰਥਿਕ ਪੀੜ ਦਾ ਸ਼ਿਕਾਰ ਹੋ ਚੁੱਕੇ ਹਨ।

       ਉਹਨਾ ਮੰਗ ਕੀਤੀ ਕਿ ਉਕਤ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਆਰਡਰ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ 8 ਜੂਨ 2012 ਅਕਾਲੀ ਦਲ ਸਰਕਾਰ ਦੌਰਾਨ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨ ਦੋਰਾਨ ਕੋਠਾਗੁਰੂ ਵਿਖੇ ਹੋਏ ਲਾਠੀਚਾਰਜ ਦੌਰਾਨ 59 ਅਧਿਆਪਕਾਂ ਤੇ ਦਰਜ਼ ਹੋਏ ਮਾਮਲੇ ਤੁਰੰਤ ਰੱਦ ਕੀਤੇ ਜਾਣ। ਉਹਨਾ ਕਿਹਾ ਕਿ ਬੀਤੇ ਦਿਨੀਂ ਸਥਾਨਕ ਰੈਸਟ ਹਾਊਸ ਵਿਖੇ ਉਹਨਾ ਵਲੋਂ ਸਿੱਖਿਆ ਮੰਤਰੀ ਦੇ ਨਾਮ ਉਹਨਾ ਦੇ ਓਐਸਡੀ ਨੂੰ ਮੰਗ ਪੱਤਰ ਦੇ ਉਕਤ ਮੰਗਾਂ ਦਾ ਹੱਲ ਕਰਨ ਦੀ ਅਪੀਲ ਕੀਤੀ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰ ਨੇ ਉਹਨਾ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹਨਾ ਵਲੋਂ 29 ਮਈ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਪਰ ਕਰੀਬ ਦੋ ਹਫ਼ਤੇ ਦੇ ਕਰੀਬ ਸਮਾਂ ਬੀਤ ਜਾਣ ਤੇ ਸਿੱਖਿਆ ਮੰਤਰੀ ਵਲੋਂ ਉਹਨਾ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਤੇ ਉਨ੍ਹਾਂ ਵਲੋਂ ਆਪਣੇ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਤੋਂ ਸਥਾਨਕ ਮਿੰਨੀ ਸਕੱਤਰੇਤ ਵਿਖੇ ਧਰਨਾ ਦੇ ਕੇ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ ਸੀ ।

      ਉਹਨਾ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਰਕਾਰ ਵੱਲੋਂ ਉਹਨਾ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ। ਉਹਨਾ ਦਾ ਧਰਨਾ ਇਸੇ ਥਾਂ ਤੇ ਲਗਾਤਾਰ ਜਾਰੀ ਰਹੇਗਾ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਧਨੇਰ, ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਟੋਡਰਪੁਰ , ਅਸ਼ਵਨੀ ਅਵਸਥੀ, ਗੁਰਪਿਆਰ ਸਿੰਘ ਕੋਟਲੀ,ਰਾਜੀਵ ਕੁਮਾਰ ਬਰਨਾਲਾ, ਰਘਵੀਰ ਸਿੰਘ ਭਵਾਨੀਗੜ੍ਹ, ਸੁਖਦੇਵ ਸਿੰਘ ਡਾਨਸੀਵਾਲ ਆਦਿ ਹਾਜ਼ਰ ਸਨ। ਆਖਿਰ ਪ੍ਰਸ਼ਾਸ਼ਨ ਦੀ ਤਰਫੋਂ ਪ੍ਰਦਰਸ਼ਨਕਾਰੀਆਂ ਨੂੰ ਲਿਖਤੀ ਪੱਤਰ ਜਾਰੀ ਕਰਕੇ, ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ 8 ਜੂਨ ਨੂੰ ਸਿੱਖਿਆ ਮੰਤਰੀ ਨਾਲ ਤੈਅ ਕਰ ਦਿੱਤੀ ਗਈ ਹੈ। ਲਿਖਤੀ ਪੱਤਰ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਰੋਸ ਧਰਨਾ ਖਤਮ ਕਰ ਦਿੱਤਾ , ਉਨਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ, ਉਨਾਂ ਦੀ ਮੰਗ ਪ੍ਰਵਾਨ ਨਾ ਕੀਤੀ ਤਾਂ ਉਹ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Advertisement
Advertisement
Advertisement
Advertisement
Advertisement

One thought on “PROTEST- ਸਿੱਖਿਆ ਮੰਤਰੀ ਮੀਤ ਦੀ ਕੋਠੀ ਵੱਲ ਵੱਧ ਰਹੇ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥੀਆਂ

Comments are closed.

error: Content is protected !!