5 ਦੀ ਰਿਪੋਰਟ ਪੈਂਡਿੰਗ, 48 ਦੀ ਨੈਗੇਟਿਵ , 47 ਜਣਿਆਂ ਦੇ ਹੋਰ ਜਾਂਚ ਲਈ ਭੇਜ਼ੇ ਸੈਂਪਲ
ਹਰਿੰਦਰ ਨਿੱਕਾ ਬਰਨਾਲਾ 29 ਅਪ੍ਰੈਲ 2020
ਜਿਲ੍ਹੇ ਦੇ ਸਿਹਤ ਵਿਭਾਗ ਵੱਲੋਂ 28 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਲਏ ਕੁੱਲ 53 ਸੈਂਪਲਾਂ ਵਿੱਚੋਂ 48 ਜਣਿਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਜਦੋਂ ਕਿ 5 ਜਣਿਆਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਇਹ ਸੂਚਨਾ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਰਨਾਲਾ, ਤਪਾ, ਮਹਿਲ ਕਲਾਂ ਅਤੇ ਧਨੌਲਾ ਹਸਪਤਾਲਾਂ ਚ, ਅੱਜ ਵੀ 47 ਜਣਿਆਂ ਦੇ ਹੋਰ ਨਵੇਂ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਗਏ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਜਿਲ੍ਹੇ ਅੰਦਰ ਫਿਲਹਾਲ ਕੋਈ ਮਰੀਜ਼ ਪੌਜੇਟਿਵ ਨਹੀਂ ਹੈ। ਜਦੋਂ ਕਿ ਬਰਨਾਲਾ ਦੇ 2 ਮਰੀਜ਼ ਹੋਰ ਪੌਜੇਟਿਵ ਹੋਣ ਦੀਆਂ ਅਫਵਾਹਾਂ ਚ, ਕੋਈ ਸਚਾਈ ਨਹੀਂ ਹੈ । ਕੁੱਝ ਲੋਕ ਸਰਕਾਰ ਵੱਲੋਂ ਕੋਵਿਡ 19 ਸਬੰਧੀ ਜਾਰੀ ਮੀਡੀਆ ਬੁਲੇਟਿਨ ਦੇ ਅਧਾਰ ਤੇ ਬਿਨਾਂ ਸਮਝੇ ਹੀ 2 ਪੌਜੇਟਿਵ ਮਰੀਜ਼ ਹੋਣ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਚ, ਡਰ ਪੈਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੀਡੀਆ ਬੁਲੇਟਿਨ ਚ, 2 ਪੁਰਾਣੇ ਕੇਸਾਂ ਦਾ ਜਿਕਰ ਹੋ ਰਿਹਾ ਹੈ। ਜਿਨ੍ਹਾਂ ਚੋਂ ਮਹਿਲ ਕਲਾਂ ਦੀ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੂਜੀ ਪੌਜੇਟਿਵ ਮਰੀਜ਼ ਰਹੀ ਬਰਨਾਲਾ ਦੇ ਸੇਖਾ ਰੋਡ ਦੀ ਰਹਿਣ ਵਾਲੀ ਔਰਤ ਕੋਰੋਨਾ ਨੂੰ ਹਰਾ ਕੇ ਤੰਦਰੁਸਤ ਹੋ ਕੇ ਘਰ ਵੀ ਪਹੁੰਚ ਚੁੱਕੀ ਹੈ।