ਮੁੱਖ ਮੰਤਰੀ ਨੇ ਕੀਤਾ ਐਲਾਨ ,ਹੁਣ 17 ਮਈ ਤੱਕ ਜਾਰੀ ਰਹੂ ਕਰਫਿਊ , ਗੈਰ ਸੀਮਤ ਜ਼ੋਨਾਂ ਵਿੱਚ ਕੱਲ੍ਹ ਤੋਂ ਮਿਲੇਗੀ ਥੋੜ੍ਹੀ ਛੋਟ 

Advertisement
Spread information

• ਪੰਜਾਬ ਵਿੱਚ ਕਰਫਿਊ ਹੁਣ 17 ਮਈ ਤੱਕ ਜਾਰੀ ਰਹੇਗਾ , ਪਰ ਕੱਲ੍ਹ ਤੋਂ ਹਰ ਰੋਜ਼ ਸਵੇਰੇ 4 ਘੰਟੇ ਰੋਟੇਸ਼ਨ ਨਾਲ ਖੁੱਲਣਗੀਆਂ ਦੁਕਾਨਾਂ

• ਸੂਬੇ ਦੀ ਅਰਥਚਾਰੇ ਦੀ ਮੁੜ ਸੁਰਜੀਤੀ ਲਈ ਮਜ਼ਦੂਰਾਂ ਦੇ ਫੈਕਟਰੀ ਅੰਦਰ ਜਾਂ ਗੁਆਂਢ ਵਿੱਚ ਪ੍ਰਬੰਧਾਂ ਨਾਲ ਉਦਯੋਗ ਖੋਲਣ ਦੀ ਕੀਤੀ ਅਪੀਲ

ਏ.ਐਸ. ਅਰਸ਼ੀ  ਚੰਡੀਗੜ 29 ਅਪਰੈਲ2020
                         ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਰਫਿਊ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ 3 ਮਈ ਤੋਂ ਬਾਅਦ ਦੋ ਹਫਤੇ ਲਈ ਹੋਰ ਕਰਫਿਊ ਲਾਗੂ ਰਹੇਗਾ ਪਰ ਕੱਲ ਤੋਂ ਲੌਕਡਾਊਨ ਦੀਆਂ ਥੋੜੀਆਂ ਬੰਦਸ਼ਾਂ ਜ਼ਰੂਰ ਹਟਾਈਆਂ ਜਾ ਰਹੀਆਂ ਹਨ। ਇਹ ਥੋੜੀਆਂ ਛੋਟਾਂ ਵੀ ਕੋਵਿਡ-19 ਦੇ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਸਿਰਫ ਗੈਰ ਸੀਮਤ ਤੇ ਗੈਰ ਰੈਡ ਜ਼ੋਨਾਂ ਲਈ ਦਿੱਤੀਆਂ ਗਈਆਂ ਹਨ।

 ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕੋਵਿਡ ਦੀ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਦੇ ਆਧਾਰ ‘ਤੇ ਇਹ ਜ਼ਰੂਰੀ ਹੈ ਕਿ ਲੌਕਡਾਊਨ ਦੀਆਂ ਬੰਦਸ਼ਾਂ ਹਾਲੇ ਥੋੜਾਂ ਸਮਾਂ ਹੋਰ ਜਾਰੀ ਰੱਖੀਆਂ ਜਾਣ।
             ਪੰਜਾਬ ਵਿੱਚ ਕਰਫਿਊ/ਲੌਕਡਾਊਨ ਹੁਣ 17 ਮਈ ਤੱਕ ਜਾਰੀ ਰਹੇਗਾ ਪਰ ਇਸ ਦੇ ਨਾਲ ਹੀ ਕੱਲ• ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜੀਆਂ ਛੋਟਾਂ ਜ਼ਰੂਰ ਮਿਲਣਗੀਆਂ। ਸੀਮਤ ਅਤੇ ਰੈਡ ਜ਼ੋਨ ਵਾਲੇ ਖੇਤਰਾਂ ਵਿੱਚ ਪਹਿਲਾਂ ਵਾਂਗ ਹੀ ਲੌਕਡਾਊਨ ਦੀਆਂ ਬੰਦਸ਼ਾਂ ਮੁਕੰਮਲ ਤੌਰ ‘ਤੇ ਸਖਤੀ ਨਾਲ ਲਾਗੂ ਰਹਿਣਗੀਆਂ।
                 ਸੂਬੇ ਦੇ ਲੋਕਾਂ ਦੇ ਨਾਮ ਜਾਰੀ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਦੋ ਹਫਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ ਅਤੇ ਜੇਕਰ ਮਹਾਮਾਰੀ ਕੰਟਰੋਲ ਵਿੱਚ ਰਹੀ ਤਾਂ ਹੋਰ ਢਿੱਲਾਂ ਬਾਅਦ ਵਿੱਚ ਐਲਾਨੀਆਂ ਜਾਣਗੀਆਂ।
ਮੁੱਖ ਮੰਤਰੀ ਵੱਲੋਂ ਥੋੜੀਆਂ ਰਾਹਤਾਂ ਦੇਣ ਦੇ ਕੀਤੇ ਐਲਾਨ ਤਹਿਤ ਕੁਝ ਦੁਕਾਨਾਂ ਨੂੰ ਸਬੰਧਤ ਖੇਤਰਾਂ ਵਿੱਚ ਰੋਟੇਸ਼ਨ ਨਾਲ ਖੋਲਣ ਦੀ ਆਗਿਆ ਹੋਵੇਗੀ। ਇਹ ਦੁਕਾਨਾਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਖੋਲੀਆਂ ਜਾ ਸਕਣਗੀਆਂ। ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦੇ ਦਿੱਤੇ ਗਏ ਹਨ ਕਿ ਉਹ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਦੁਕਾਨਾਂ ਨੂੰ ਖੋਲਣ ਲਈ ਦੀ ਰੋਟੇਸ਼ਨਲ ਸਮਾਂ ਸਾਰਣੀ ਬਣਾ ਲੈਣ। ਇਹ ਹੁਕਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਲਾਗੂ ਹੋਣ ਦੇ ਚਾਰ ਦਿਨ ਬਾਅਦ ਕੀਤੇ ਗਏ ਹਨ।
                   ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ/ਕਰਫਿਊ ਸਵੇਰੇ 11 ਵਜੇ ਤੋਂ ਪਹਿਲਾਂ ਵਾਂਗ ਜਾਰੀ ਰਹੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਤੈਅ ਸਮੇਂ ਤੱਕ ਆਪਣੇ ਘਰਾਂ ਵਿੱਚ ਪਰਤ ਜਾਇਆ ਕਰਨ। ਛੋਟ ਵਾਲੇ ਸਮੇਂ ਦੌਰਾਨ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਮਾਸਕ ਪਹਿਨਣਾ ਅਤੇ ਦੂਜੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰਾਹਤ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ। ਉਹ ਇਸ ਰਾਹਤ ਦੇ ਸਮੇਂ ਦੌਰਾਨ ਦੋਸਤਾਂ ਜਾਂ ਹੋਰਨਾਂ ਨੂੰ ਨਾ ਮਿਲਣ। ਉਨ੍ਹਾਂ ਕਿਹਾ ਕਿ ਜੇ 2 ਹਫਤਿਆਂ ਵਿੱਚ ਸਥਿਤੀ ਵਿੱਚ ਸੁਧਾਰ ਹੋਇਆ ਤਾਂ ਅਸੀਂ ਹੋਰ ਵੀ ਰਾਹਤ ਦੇਣ ਦੇ ਕਦਮ ਚੁੱਕੇ ਜਾ ਸਕਦੇ ਹਨ।
                    ਮੁੱਖ ਮੰਤਰੀ ਵੱਲੋਂ ਐਲਾਨੀ ਸੀਮਿਤ ਢਿੱਲ ਵਿੱਚ ਭਲਕ ਤੋਂ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਵਰਕਰਾਂ ਦੀ 50 ਫੀਸਦੀ ਗਿਣਤੀ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਨਵੀਆਂ ਹਦਾਇਤਾਂ ਮੁਤਾਬਕ ਇਸ ਸਮੇਂ ਦੌਰਾਨ ਸ਼ਹਿਰੀ ਇਲਾਕਿਆਂ ਵਿੱਚ ਸਾਰੀਆਂ ਇਕੱਲੀਆਂ ਦੁਕਾਨਾਂ, ਨੇਬਰਹੁੱਡ ਸ਼ਾਪਜ਼ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਦੁਕਾਨਾਂ ਨੂੰ ਖੋਲਣ ਦੀ ਵੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੈਲੂਨ, ਹਜ਼ਾਮਤ ਕਰਨ ਵਾਲੀਆਂ ਦੁਕਾਨਾਂ ਆਦਿ ਸੇਵਾਵਾਂ ਬੰਦ ਰਹਿਣਗੀਆਂ। ਇਸੇ ਤਰਾਂ ਲੌਕਡਾਊਨ ਦੇ ਸਮੇਂ ਦੌਰਾਨ ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਹੋਵੇਗੀ।
       ਉਦਯੋਗ ਨੂੰ ਖੋਲਣ ਲਈ ਆਪਣੀ ਸਰਕਾਰ ਦੀ ਦਿਲਚਸਪੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਜਿਹੜੇ ਉਦਯੋਗ ਕਾਮਿਆਂ ਦੇ ਰਹਿਣ-ਸਹਿਣ ਦਾ ਬੰਦੋਬਸਤ ਕਰ ਸਕਦੇ ਹੋਣ ਜਾਂ ਫਿਰ ਕਾਮੇ ਨਾਲ ਲਗਦੇ ਇਲਾਕਿਆਂ ਤੋਂ ਆਉਂਦੇ ਹਨ, ਨੂੰ ਆਪਣੇ ਯੂਨਿਟ ਚਲਾਉਣ ਦੀ ਅਪੀਲ ਕੀਤੀ ਤਾਂ ਕਿ ਸੂਬੇ ਦੇ ਅਰਚਥਾਰੇ ਨੂੰ ਮੁੜ ਪੈਰਾਂ-ਸਿਰ ਕੀਤਾ ਜਾ ਸਕੇ।
                 ਲੌਕਡਾਊਨ ਦੇ ਸਮੇਂ ਦੌਰਾਨ ਬਾਹਰਲੇ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਫਸੇ ਪੰਜਾਬੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਵਾਪਸ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਇਨਾਂ ਨੂੰ 21 ਦਿਨਾਂ ਲਈ ਏਕਾਂਤਵਾਸ ਵਿੱਚ ਰਹਿਣਾ ਪਵੇਗਾ। ਉਨਾਂ ਦੱਸਿਆ ਕਿ ਸੂਬੇ ਨੇ ਸਾਰੇ ਜ਼ਿਲਿਆਂ ਵਿੱਚ ਇਨਾਂ ਦੇ ਏਕਾਂਤਵਾਸ ਲਈ ਬੰਦੋਬਸਤ ਕੀਤੇ ਹਨ। ਉਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਐਨ.ਆਰ.ਆਈਜ਼ ਦੀ ਘਰ ਵਾਪਸੀ ਦੌਰਾਨ ਪੰਜਾਬ ਵਿੱਚ ਸਮੱਸਿਆ ਗੰਭੀਰ ਹੋਈ ਸੀ ਅਤੇ ਇਸ ਤੋਂ ਬਾਅਦ ਨਿਜ਼ਾਮੂਦੀਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਸੂਬੇ ਵਿੱਚ ਵਾਪਸੀ ਹੋਣ ‘ਤੇ ਇਹ ਸਮੱਸਿਆ ਹੋਰ ਵਧ ਗਈ ਸੀ। ਉਨਾਂ ਕਿਹਾ ਕਿ ਸੂਬਾ ਇਹ ਸਹਿਣ ਨਹੀਂ ਕਰ ਸਕਦਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨਾਲ ਹਾਲਾਤ ਇਕ ਵਾਰ ਫੇਰ ਬੇਕਾਬੂ ਹੋ ਜਾਣ। ਉਨਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਆਪਣੇ ਘਰ ਆਉਣ ਵਾਲਿਆਂ ਨੂੰ ਏਕਾਂਤਵਾਸ ਵਿੱਚ ਰੱਖਣਾ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਐਲਾਨੀ ਗਈ ਰਾਹਤ ਨਾਲ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਪਿਛਲੇ 38 ਦਿਨਾਂ ਤੋਂ ਕਰਫਿਊ ਦੀਆਂ ਵੱਖ-ਵੱਖ ਬੰਦਸ਼ਾਂ ‘ਚ ਰਹਿ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਇਸ ਨੂੰ ਔਖਾ ਸਮਾਂ ਦੱਸਿਆ ਜਿਨਾਂ ਨੇ ਆਪਣੇ ਲਈ, ਪਰਿਵਾਰਾਂ ਅਤੇ ਸੂਬੇ ਲਈ ਵੱਡੀ ਕੁਰਬਾਨੀ ਕੀਤੀ ਹੈ। ਉਨਾਂ ਕਿਹਾ ਕਿ ਮਹਾਮਾਰੀ ਨੂੰ ਕਾਬੂ ਕਰਨਾ ਲਾਜ਼ਮੀ ਹੈ। ਜਿਸ ਨਾਲ ਸੂਬੇ ਵਿੱਚ ਹੁਣ ਤੱਕ 330 ਵਿਅਕਤੀ ਪ੍ਰਭਾਵਿਤ ਹੋਏ ਹਨ।
             ਕੋਰੋਨਾਵਾਇਰਸ ਨੂੰ ਲੰਮੀ ਲੜਾਈ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਵੱਖ-ਵੱਖ ਮਾਹਿਰਾਂ ਦੀ ਇਸ ਬਾਰੇ ਵੱਖੋ-ਵੱਖ ਰਾਏ ਹੈ । ਪਰ ਅਜਿਹੇ ਸੰਕੇਤ ਮਿਲਦੇ ਹਨ ਕਿ ਕੋਰੋਨਾਵਾਇਰਸ ਦਾ ਸੰਕਟ ਜੁਲਾਈ/ਅਗਸਤ ਤੱਕ ਜਾਂ ਇੱਥੋਂ ਤੱਕ ਸਤੰਬਰ ਤੱਕ ਵੀ ਜਾਰੀ ਰਹੇਗਾ। ਕੋਰੋਨਾਵਾਇਰਸ ਦੀ ਮਾਰ ਤੋਂ ਕਿਸੇ ਵੀ ਮੁਲਕ ਦੇ ਨਾ ਬਚਣ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਰੋਗ ਨਾਲ ਵਿਸ਼ਵ ਭਰ ਵਿੱਚ ਵੱਡੀ ਪੱਧਰ ‘ਤੇ ਜਾਨਾਂ ਗਈਆਂ ਹਨ ਅਤੇ ਇਕੱਲੇ ਅਮਰੀਕਾ ਵਿੱਚ ਲਗਪਗ 50, 000 ਮੌਤਾਂ ਹੋਈਆਂ ਹਨ ਅਤੇ ਹੁਣ ਤੱਕ 10 ਲੱਖ ਕੇਸ ਸਾਹਮਣੇ ਆਏ ਹਨ। ਉਨਾਂ ਨੇ ਇੰਗਲੈਂਡ, ਜਰਮਨੀ ਅਤੇ ਕੈਨੇਡਾ ਦੀਆਂ ਮਿਸਾਲਾਂ ਦਿੰਦਿਆਂ ਲਗਾਤਾਰ ਚੌਕਸ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ।

Advertisement
Advertisement
Advertisement
Advertisement
Advertisement
Advertisement
error: Content is protected !!