ਪ੍ਰਧਾਨ ਮੰਤਰੀ ਮੋਦੀ ਤੇ ਕਸਿਆ ਵਿਅੰਗ, ਨਾਂ ਖਾਊਂਗਾ ਨਾਂ ਖਾਨੇ ਦੂੰਗਾਂ “ ਦੇ ਨਾਹਰਿਆਂ ਦੀ ਫੂਕ ਨਿੱਕਲੀ
ਹਰਿੰਦਰ ਨਿੱਕਾ ਬਰਨਾਲਾ 29 ਅਪ੍ਰੈਲ 2020
ਇੱਕ ਪਾਸੇ ਮੁਲਕ ਦੀਆਂ ਬੈਂਕਾਂ ਡੁੱਬ ਰਹੀਆਂ ਹਨ ਤੇ ਦੂਜੇ ਪਾਸੇ ਕਿਰਤੀ-ਕਿਸਾਨਾਂ ਸਮੇਤ ਮੁਲਕ ਦੇ 138 ਕਰੋੜ ਬਸ਼ਿੰਦਿਆਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਟੈਕਸਾਂ ਨਾਲ ਭਰਿਆ ਖਜਾਨਾ ਕੁੱਝ ਧਨਵਾਨਾਂ ਨੂੰ ਮੁਲਕ ਦੇ ਹਾਕਮਾਂ ਦੀ ਸਵੱਲੀ ਨਜਰ ਦੀ ਬਦੌਲਤ ਦੋਵੇਂ ਹੱਥੀਂ ਲੁਟਾਇਆ ਜਾ ਰਿਹਾ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੀਡੀਆ ਚ, ਆਈਆਂ ਰਿਪੋਰਟਾਂ ਅਨੁਸਾਰ ਦੇਸ਼ ਦੇ ਕੇਂਦਰੀ ਬੈਂਕ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ 50 ਕਰਜ਼ਾ ਵਾਪਸ ਨਾ ਕਰਨ ਵਾਲੇ ਲੋਕਾਂ ਦੇ 68,607 ਕਰੋੜ ਰੁਪਏ ਦੇ ਕਰਜ਼ੇ ਨਾ ਵਾਪਸ ਹੋਣ ਵਾਲੇ ਕਰਜ਼ਿਆਂ ਦੇ ਖ਼ਾਤੇ ਵਿੱਚ ਪਾ ਦਿੱਤੇ ਹਨ।
ਕਰਜ਼ਾ ਨਾ ਵਾਪਸ ਕਰਨ ਵਾਲਿਆਂ ਵਿੱਚ ਮੇਹੁਲ ਚੌਕਸੀ, ਜੋ ਕਰਜ਼ਾ ਵਾਪਸ ਨਾ ਕਰਨ ਕਾਰਨ ਦੇਸ਼ ਤੋਂ ਭਗੌੜਾ ਹੈ, ਵੀ ਸ਼ਾਮਲ ਹੈ। ਇਸ ਲਿਸਟ ਵਿੱਚ ਸਭ ਤੋਂ ਸਿਖ਼ਰ ‘ਤੇ ਮੇਹੁਲ ਚੌਕਸੀ ਦੀ ਕੰਪਨੀ ਗੀਤਾਂਜਲੀ ਜੈਮਜ ਲਿਮਟਿਡ ਦਾ ਨਾਂ ਹੈ। ਜਿਸ ਨੇ 5,492 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨਾ ਸੀ। ਚੌਕਸੀ ਇਸ ਵੇਲ਼ੇ ਭਗੌੜਾ ਹੋ ਕੇ ਐਂਟੀਗੁਆ ਤੇ ਬਰਬੂਡਾ ਆਈਸਲੈਂਡ ਵਿੱਚ ਰਹਿ ਰਿਹਾ ਹੈ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਲੰਡਨ ਵਿੱਚ ਹੈ। ਇਕ ਪਾਸੇ ਸਰਕਾਰ ਦੋਹਾਂ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਤੇ ਸਫ਼ਾਰਤੀ ਲੜਾਈ ਲੜ ਰਹੀ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਕਰਜ਼ੇ ਨੂੰ ਵਾਪਸ ਨਾ ਹੋਣ ਵਾਲੇ ਕਰਜ਼ਿਆਂ ਦੇ ਖ਼ਾਤੇ ਵਿੱਚ ਪਾਇਆ ਜਾ ਰਿਹਾ ਹੈ। ਇਸ ਲਿਸਟ ਵਿੱਚ ਹੀਰਿਆਂ ਦੇ ਵਪਾਰੀਆਂ ਦੇ ਕਰਜ਼ੇ ਵੱਡੀ ਗਿਣਤੀ ਵਿੱਚ ਹਨ ।
ਭਾਵੇਂ ਕਿ ਉਨ੍ਹਾਂ ਵਿਚੋਂ ਕਈਆਂ ਦੇ ਵਿਰੁੱਧ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਪੜਤਾਲ ਕਰ ਰਹੇ ਹਨ। ਆਰਈਆਈ ਐਗਰੋ ਕੰਪਨੀ, ਜਿਸ ਦੇ ਡਾਇਰੈਕਟਰ ਸੰਦੀਪ ਝੁਨਝੁਨਵਾਲਾ ਅਤੇ ਸੰਜੇ ਝੁਨਝੁਨਵਾਲਾ ਹਨ, ਦੇ 4,314 ਕਰੋੜ ਰੁਪਏ ਅਤੇ ਜਤਿਨ ਮਹਿਤਾ ਦੀ ਕੰਪਨੀ ਵਿਨਸਮ ਡਾਇਮੰਡ ਐਂਡ ਜਿਊਲਰੀ ਦੇ 4 ਹਜ਼ਾਰ ਕਰੋੜ ਰੁਪਏ ਰਾਈਟ ਆਫ਼ ਕੀਤੇ ਗਏ ਹਨ। ਕੂਦੋਸ ਕੈਮੀ ਪੰਜਾਬ ਦੇ 2,326 ਕਰੋੜ ਅਤੇ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਦੀ ਕੰਪਨੀ ਰੁਚੀ ਸੋਇਆ ਇੰਡਸਟਰੀ ਦੇ 2,212 ਕਰੋੜ, ਜਿਓ ਡਿਵੈਲਪਰ ਦੇ 2,012 ਕਰੋੜ ਇਸ ਲਿਸਟ ਵਿੱਚ ਸ਼ਾਮਲ ਹਨ। 1,943 ਕਰੋੜ ਰੁਪਏ ਕਰਜ਼ੇ ਵਾਲੀ ਵਿਜੈ ਮਾਲੀਆ ਦੀ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਵੀ ਇਨ੍ਹਾਂ ਵਿੱਚ ਸ਼ਾਮਿਲ ਹੈ ।
ਇਨ੍ਹਾਂ ਰਿਪੋਰਟਾਂ ਅਨੁਸਾਰ ਇਸ ਜਾਣਕਾਰੀ ਵਿੱਚ 30 ਸਤੰਬਰ 2019 ਤਕ ਰਾਈਟ ਆਫ਼ ਕੀਤੇ ਗਏ ਕਰਜ਼ੇ ਸ਼ਾਮਲ ਹਨ। ਆਗੂਆਂ ਕਿਹਾ ਕਿ ਕਾਲਾ ਧਨ ਬਾਹਰੋਂ ਲੈਕੇ ਜਨਧਨ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਦੇ ਲਾਲੀਪਾਪ ਲਾਉਣ ਵਾਲੀ ਮੋਦੀ ਸਰਕਾਰ 2014 ਵਿੱਚ ਸੱਤਾ ਸੰਭਾਲਣ ਤੋਂ ਬਾਅਦ 6 ਲੱਖ ਕਰੋੜ ਰੁ. ਦਾ ਕਰਜਾ ਮੁਆਫ ਕਰ ਚੁੱਕੀ ਹੈ। ਇਹ ਸਾਰਾ ਕਰਜਾ ਚੰਦ ਕੁ ਉੱਚ ਅਮੀਰ ਅਰਬਪਤੀ ਘਰਾਣਿਆਂ ਦਾ ਹੈ। ਹੁਣ ਤਾਂ ਮੋਦੀ ਹਕੂਮਤ ਦੋ ਕਦਮ ਅੱਗੇ ਨਿੱਕਲ ਗਈ ਹੈ ਕਿ ਇਹਨਾਂ ਅਮੀਰ ਘਰਾਣਿਆਂ ਉਪਰ ਟੈਕਸ ਲਾਉਣ ਦਾ ਸੁਝਾਅ ਦੇਣ ਵਾਲੇ ਆਮਦਨ ਕਰ ਉਗਰਾਹੁਣ ਵਾਲੇ ਉੱਚ ਅਧਿਕਾਰੀਆਂ ਨੂੰ ਵੀ ਨੌਕਰੀ ਤੋਂ ਫਾਰਗ ਕਰ ਦਿਤਾ ਹੈ। ਅਜਿਹਾ ਕਰਨ ਨਾਲ ਪ੍ਰਧਾਨ ਮੰਤਰੀ ਮੋਦੀ ਦੇ ” ਨਾਂ ਖਾਊਂਗਾ ਨਾਂ ਖਾਨੇ ਦੂੰਗਾਂ “ ਦੇ ਨਾਹਰਿਆਂ ਦੀ ਫੂਕ ਨਿੱਕਲ ਗਈ ਹੈ। ਸਗੋਂ ਸੱਚ ਇਹ ਹੈ ਕਿ ਗਰੀਬਾਂ ਉੱਪਰ ਟੈਕਸ ਦਾ ਨਿੱਤ ਨਵਾਂ ਬੋਝ ਪਾਕੇ ਦੋਵੇਂ ਹੱਥੀਂ ਅਮੀਰ ਘਰਾਣਿਆਂ ਨੂੰ ਲੁਟਾਇਆ ਜਾ ਹਿਹਾ ਹੈ। ਕੇਂਦਰ ਦੇ ਆਗੂਆਂ ਨੇ ਹਾਕਮਾਂ ਦੀ ਇਹ ਗਰੀਬ ਵਿਰੋਧੀ ਨੀਤੀ ਲੋਕਾਂ ਵਿੱਚ ਪਰਦਾਫਾਸ਼ ਕਰਦੇ ਹੋਏ ਸੰਘ੍ਰਸ਼ਸ਼ੀਲ ਲੋਕਾਂ ਨੂੰ ਲੋਕ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਅਤੇ ਤਿੱਖਾ ਕਰਨ ਦੇ ਰਾਹ ਪੈਣ ਦੀ ਲੋੜ ਤੇ ਜੋਰ ਦਿਤਾ।