ਆਪ ਵਿਧਾਇਕ ਬੋਲੇ , ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ

Advertisement
Spread information

ਪਟਿਆਲਾ ਦੇ ਵਿਧਾਇਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ‘ਤੇ ਜ਼ੋਰ

ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਵੇਗੀ ਭਗਵੰਤ ਮਾਨ ਸਰਕਾਰ-ਅਜੀਤ ਪਾਲ ਸਿੰਘ ਕੋਹਲੀ

ਡੂੰਘੀ ਸਾਜਿਸ਼ ਨਾਕਾਬ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ-ਡਾ. ਬਲਬੀਰ ਸਿੰਘ

ਅਜੀਤ ਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਚੇਤਨ ਸਿੰਘ ਜੌੜਾਮਾਜਰਾ ਤੇ ਗੁਰਲਾਲ ਘਨੌਰ ਵੱਲੋਂ ਦੋ ਧਿਰਾਂ ਦਰਮਿਆਨ ਝੜਪ ਦੀ ਸਖ਼ਤ ਨਿਖੇਧੀ


ਹਰਿੰਦਰ ਨਿੱਕਾ , ਪਟਿਆਲਾ, 29 ਅਪ੍ਰੈਲ 2022 
     ਜਿਲ੍ਹੇ ਦੇ ਵਿਧਾਇਕਾਂ ਨੇ ਇਕਮੱਤ ਹੁੰਦਿਆਂ ਸ਼ਹਿਰ ‘ਚ ਅੱਜ ਦਿਨ ਸਮੇਂ ਵਾਪਰੀ ਹਿੰਸਕ ਘਟਨਾ ਦੀ ਅੱਜ ਸ਼ਾਮ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਦੀ ਅਮਨ ਸ਼ਾਂਤੀ ‘ਤੇ ਰਾਜਨੀਤੀ ਕਰਨ ਵਾਲਿਆਂ ਨੂੰ ਅਜਿਹਾ ਕਰਨ ਤੋਂ ਵਰਜ਼ਦਿਆਂ ਸਖ਼ਤ ਸੁਨੇਹਾ ਦਿੱਤਾ ਹੈ। ਇੱਥੇ ਸਰਕਟ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।
      ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਹਿੰਦੂ ਤੇ ਸਿੱਖ ਵਸਨੀਕਾਂ ਨੇ ਵੀ ਇਸ ਮੰਦਭਾਗੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਕੋਈ ਵੀ ਸਮਝਦਾਰ ਪਟਿਆਲਾ ਵਾਸੀ ਮਾੜੇ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਧਰਮ ਦੀ ਵਰਤੋਂ ਰਾਜਨੀਤੀ ਲਈ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਸ. ਕੋਹਲੀ ਨੇ ਹੋਰ ਕਿਹਾ ਕਿ ਸਮੁਚੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕਿਸੇ ਵੀ ਪੱਧਰ ‘ਤੇ ਕੋਈ ਪ੍ਰਸ਼ਾਸਨਿਕ ਅਣਗਹਿਲੀ ਜਾਂ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
      ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਅਜਿਹੇ ਵਿਅਕਤੀ ਧਰਮ ਦੇ ਨਾਮ ‘ਤੇ ਰਾਜਨੀਤੀ ਕਰਦੇ ਰਹੇ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਅਜਿਹੇ ਅਨਸਰਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਭਵਿੱਖ ‘ਚ ਕੋਈ ਅਜਿਹਾ ਕਰਨ ਦੀ ਜ਼ੁਰਅਤ ਨਾ ਕਰੇ। ਉਨ੍ਹਾਂ ਅਜਿਹੇ ਲੋਕਾਂ ਨੂੰ ਤਾੜਨਾ ਕੀਤੀ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਬਾਜ ਆ ਜਾਣ।
       ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਹੈ ਅਤੇ ਇਸ ਨੂੰ ਨਾਕਾਬ ਕਰਕੇ ਦੋਸ਼ੀਆਂ ਨੂੰ ਜਲਦ ਹੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਨੂੰ ਹਸਦਾ-ਵੱਸਦਾ ਤੇ ਤਰੱਕੀ ਕਰਦਾ ਨਹੀਂ ਦੇਖਣਾ ਚਾਹੁੰਦੇ ਇਸ ਲਈ ਅਜਿਹੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ । ਪਰੰਤੂ ਪੰਜਾਬ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਇਹ ਦੋ ਧਿਰਾਂ ਦੀ ਆਪਸੀ ਲੜਾਈ ਤੇ ਅਮਨ ਕਾਨੂੰਨ ਦਾ ਮੁੱਦਾ ਸੀ ਨਾ ਕਿ ਹਿੰਦੂ ਜਾਂ ਸਿੱਖਾਂ ਦਾ ਕੋਈ ਧਾਰਮਿਕ ਮਸਲਾ ਸੀ।
       ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਲਈ ਪਿੱਠ ਥਾਪੜਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਹਰਕਤ ‘ਚ ਨਾ ਆਉਂਦੇ ਤਾਂ ਕੋਈ ਵੱਡਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਿਵ ਸੈਨਾ ਆਗੂ ਨੂੰ ਘਰ ‘ਚ ਨਜ਼ਰਬੰਦ ਕਰਕੇ ਮਾਰਚ ਕੱਢਣ ਤੋਂ ਰੋਕਿਆ ਸੀ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੂੰ ਵੀ ਕੋਈ ਵਿਰੋਧੀ ਮਾਰਚ ਕੱਢਣ ਤੋਂ ਮਨ੍ਹਾਂ ਕੀਤਾ ਸੀ, ਪਰੰਤੂ ਦੋਵਾਂ ਧਿਰਾਂ ਨੇ ਇਸ ਦੀ ਉਲੰਘਣਾ ਕੀਤੀ ਹੈ, ਜਿਸ ਲਈ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
       ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਸੰਯੁਕਤ ਸਕੱਤਰ ਆਪ ਪੰਜਾਬ ਜਰਨੈਲ ਸਿੰਘ ਮੰਨੂੰ ਸਮੇਤ ਹੋਰ ਵੱਡੀ ਗਿਣਤੀ ‘ਚ ਆਗੂ ਤੇ ਵਲੰਟੀਅਰ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!