ਗੋਲੀ ਨਾਲ ਇੱਕ ਵਿਅਕਤੀ ਜਖ਼ਮੀ, ਕਈ ਪੁਲਿਸ ਵਾਲੇ ਵੀ ਹੋਏ ਫੱਟੜ
ਪੁਲਿਸ ਨੇ ਕੀਤੀ ਹਵਾਈ ਫਾਇਰਿੰਗ, ਪਟਿਆਲਾ ’ਚ ਸਾਰਾ ਦਿਨ ਰਿਹਾ ਤਣਾਅ ਵਾਲਾ ਮਾਹੌਲ
ਹਰਿੰਦਰ ਨਿੱਕਾ , ਪਟਿਆਲਾ, 29 ਅਪਰੈਲ 2022
ਸ਼ਾਹੀ ਸ਼ਹਿਰ ’ਚ ਪੁਲਿਸ ਦੇ ਸਖਤ ਸੁਰੱਖਿਆ ਪਹਿਰੇ ਦੇ ਬਾਵਜੂਦ ਵੀ, ਖਾਲਿਸਤਾਨ ਵਿਰੋਧੀ ਅਤੇ ਖਾਲਸਿਤਾਨ ਪੱਖੀ, ਸ਼ਹਿਰ ਵਿੱਚ ਮਾਰਚ ਕੱਢਣ ਅਤੇ ਮਾਰਚ ਨੂੰ ਰੋਕਣ ਲਈ ਆਹਮੋ-ਸਾਹਮਣੇ ਹੋ ਗਏ। ਤਣਾਅਪੂਰਣ ਮਾਹੌਲ ‘ਚ ਦੋਵੇਂ ਧਿਰਾਂ ਦਰਮਿਆਨ ਇੱਟਾਂ, ਰੋਡੇ, ਤਲਵਾਰਾਂ ਵੀ ਚੱਲੀਆਂ ਅਤੇ ਪੁਲਿਸ ਵੱਲੋਂ ਟਕਰਾਅ ਨੂੰ ਟਾਲਣ ਅਤੇ ਅਮਨ ਸ਼ਾਂਤੀ ਬਹਾਲੀ ਲਈ, ਹਵਾਈ ਫਾਇਰ ਵੀ ਕੀਤੇ ਗਏ। ਦੋਵਾਂ ਧਿਰਾਂ ਦੇ ਟਕਰਾਅ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ , ਜਦਕਿ ਇੱਕ ਹੋਰ ਵਿਅਕਤੀ ਤਲਵਾਰ ਦੇ ਵਾਰ ਨਾਲ ਜਖਮੀ ਹੋ ਗਿਆ । ਦੋਵਾਂ ਧਿਰਾਂ ਤੋਂ ਇਲਾਵਾ ਇਸ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਪਤਾ ਇਹ ਵੀ ਲੱਗਿਆ ਹੈ ਕਿ ਇਹ ਝਗੜਾ, ਇੱਕ ਅਫਵਾਹ ਤੋਂ ਬਾਅਦ, ਉਦੋਂ ਤੂਲ ਫੜ੍ਹ ਗਿਆ, ਜਦੋਂ ਇੱਕ ਪਤਰਕਾਰ ਨੇ, ਸਿੱਖ ਕਾਰਕੁਨਾਂ ਕੋਲ, ਕਥਿਤ ਤੌਰ ਤੇ ਇਹ ਝੂਠੀ ਸੂਚਨਾ ਪਹੁੰਚਾ ਦਿੱਤੀ ਕਿ ਸ਼ਿਵ ਸੈਨਾ ਵਾਲਿਆਂ ਨੇ, ਪ੍ਰਸ਼ਾਸ਼ਨ ਦੀ ਪਾਬੰਦੀ ਅਤੇ ਸਿੱਖ ਕਾਰਕੁਨਾਂ ਨੂੰ ਦਿੱਤੇ ਭਰੋਸੇ ਦੇ ਬਾਵਜੂਦ ਖਾਲਿਸਤਾਨ ਮੁਰਦਾਬਾਦ ਦੇ ਨਾਂ ਹੇਠ ਸ਼ਹਿਰ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂਕਿ ਉਸ ਸਮੇਂ, ਅਜਿਹਾ ਨਹੀਂ ਹੋ ਰਿਹਾ ਸੀ। ਮੌਕੇ ਤੇ ਇਕੱਤਰ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਹਰੀਸ ਸਿੰਗਲਾ ਵੱਲੋਂ ਅੱਜ ਖਾਲਿਸਤਾਨ ਵਿਰੁੱਧ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ , ਜਦਕਿ ਸਿੱਖ ਜਥੇਬੰਦੀਆਂ ਇਸ ਦੇ ਵਿਰੋਧ ਵਿੱਚ ਇਕੱਠੀਆਂ ਹੋਈਆਂ ਸਨ। ਮਾਮਲਾ ਉਸ ਸਮੇਂ ਵੱਧ ਗਿਆ । ਜਦੋਂ ਸਿੱਖ ਜਥੇਬੰਦੀਆਂ ਦੇ ਕੁਝ ਕਾਰਕੁੰਨ ਬੱਸ ਸਟੈਂਡ ਦੀ ਤਰਫੋਂ ਆ ਰਹੇ ਸਨ ਤਾਂ ਉਹ ਮਾਤਾ ਕਾਲੀ ਮੰਦਿਰ ਕੋਲ ਪੁੱਜੇ ਤਾਂ ਉੱਥੇ ਇੱਕ ਦੂਜੇ ਦੇ ਵਿਰੁੱਧ ਨਾਅਰੇਬਾਜੀ ਹੋਈ । ਇਸ ਤੋਂ ਬਾਅਦ ਲੀਲਾ ਭਵਨ ਚੌਂਕ ਵਿਖੇ ਪੁਲਿਸ ਵੱਲੋਂ ਰੋਕੇ ਗਏ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਨਾਕੇ ਤੋੜ ਦੇ ਇੱਥੇ ਪੁੱਜ ਗਏੇ ਅਤੇ ਪੁਲਿਸ ਦੇ ਸਾਰੇ ਪ੍ਰਬੰਧ ਲੀਰੋਂ ਲੀਰ ਹੋ ਗਏ । ਕਾਲੀ ਮਾਤਾ ਮੰਦਿਰ ਦੇ ਨਾਲ ਲੱਗਦੀ ਇਮਾਰਤ ਉੱਪਰ ਸਿਵ ਸੈਨਾ ਦੇ ਕਾਰਕੁੰਨਾਂ ਵੱਲੋਂ ਇੱਟਾਂ, ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ ਗਏ, ਜਿਸ ਤੋਂ ਬਾਅਦ ਦੂਜੀ ਧਿਰ ਵੱਲੋਂ ਵੀ ਇੱਟਾਂ ਰੋੜਿਆਂ ਨਾਲ ਹਮਲੇ ਦਾ ਜੁਆਬ ਦਿੱਤਾ ਗਿਆ। ਇਸੇ ਦੌਰਾਨ ਹੀ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀ ਵੱਜ ਗਈ, ਜਿਸ ਨਾਲ ਕਿ ਉਹ ਜਖ਼ਮੀ ਹੋ ਗਿਆ । ਜ਼ਖਮੀ ਦਾ ਦੋਸ਼ ਹੈ ਕਿ ਇਹ ਗੋਲੀ ਸ਼ਿਵ ਸੈਨਾ ਦੇ ਕਾਰਕੁੰਨਾਂ ਵੱਲੋਂ ਚਲਾਈ ਗਈ । ਗੋਲੀ ਨਾਲ ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁਲਿਸ ਵੱਲੋਂ ਸਿੱਖ ਕਾਰਕੁੰਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਦਾ ਯਤਨ ਕੀਤਾ ਗਿਆ। ਜਿਸ ਵਿੱਚ ਥਾਣਾ ਤ੍ਰਿਪੜੀ ਦੇ ਐਸਐਸਓ ਦੇ ਹੱਥ ਉੱਪਰ ਤਲਵਾਰ ਲੱਗਣ ਕਾਰਨ ਉਹ ਵੀ ਜਖ਼ਮੀ ਹੋ ਗਿਆ । ਉੱਧਰ ਪਤਾ ਇਹ ਵੀ ਲੱਗਿਆ ਕਿ ਐਸ.ਐਸ.ਪੀ. ਨਾਨਕ ਸਿੰਘ ਦੇ ਵੀ ਰੋੜੇ ਲੱਗਣ ਕਾਰਨ ਜਖ਼ਮੀ ਹੋਣ ਦੀ ਖ਼ਬਰ ਹੈ । ਸਥਿਤੀ ਵਿਗੜਦੀ ਦੇਖ ਪੁਲਿਸ ਵੱਲੋਂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਹਵਾਈ ਫਾਇਰਿੰਗ ਕਰਨੀ ਪਈ ਅਤੇ ਦਰਜ਼ਨ ਤੋਂ ਵੱਧ ਫਾਇਰ ਕੀਤੇ ਗਏ। ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਟਿਕਾਉਣ ਲਈ ਪੂਰੀ ਜੱਦੋਂ ਜਹਿਦ ਕੀਤੀ ਗਈ।
ਡਿਪਟੀ ਕਮਿਸ਼ਨਰ, ਆਈ.ਜੀ., ਐਸਐਸਪੀ ਘਟਨਾ ਮੌਕੇ ਪੁੱਜੇ
ਇਸ ਤਣਾਅ ਭਰੇ ਮਹੌਲ ਦੌਰਾਨ ਪਟਿਆਲਾ ਦੇ ਆਈ.ਜੀ. ਰਾਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਅਤੇ ਐਸਐਸਪੀ ਡਾ. ਨਾਨਕ ਸਿੰਘ ਸਮੇਤ ਹੋਰ ਅਧਿਕਾਰੀ ਪੁੱਜੇ । ਇਸ ਮੌਕੇ ਆਈ ਜੀ. ਅਗਰਵਾਲ ਨੇ ਕਿਹਾ ਕਿ ਅੱਜ ਦੀ ਇਹ ਘਟਨਾ ਦੋਹਾਂ ਧਿਰਾਂ ਵਿੱਚ ਗਲਤ ਫਹਿਮੀ ਸਮੇਤ ਸ਼ੋਸਲ ਮੀਡੀਆ ਤੇ ਫੈਲੀ ਅਫ਼ਵਾਹ ਕਾਰਣ ਵਾਪਰੀ ਹੈ । ਉਨ੍ਹਾਂ ਦੋਹਾਂ ਧਿਰਾਂ ਨੂੰ ਸਾਂਤੀ ਬਣਾਕੇ ਰੱਖਣ ਦੀ ਅਪੀਲ ਕਰਦਿਆ ਆਖਿਆ ਕਿ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਪੁੱਛਿਆ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਹੈ, ਜਦਕਿ ਇੱਕ ਹਫ਼ਤੇ ਤੋਂ ਅਜਿਹੇ ਮਾਰਚ ਸਬੰਧੀ ਜਾਣਕਾਰੀ ਸੀ, ਤਾ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਆਪਣੇ ਪ੍ਰਬੰਧ ਕੀਤੇ ਹੋਏ ਸਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਈਚਾਰੇ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੋਹਾਂ ਧਿਰਾਂ ਨੂੰ ਸਾਂਤੀ ਬਣਾਕੇ ਰੱਖਣ ਦੀ ਅਪੀਲ ਕੀਤੀ।
ਵੱਖ-ਵੱਖ ਆਗੂਆਂ ਵੱਲੋਂ ਸਾਂਤੀ ਦੀ ਅਪੀਲ
ਇੱਧਰ ਇਸ ਘਟਨਾ ਤੋਂ ਬਾਅਦ ਰਾਜਨੀਤਿਕ ਆਗੂਆਂ ਵੱਲੋਂ ਵੀ ਸਾਂਤੀ ਦੀ ਅਪੀਲ ਕੀਤੀ ਗਈ। ਸੰਸਦ ਮੈਂਬਰ ਪਰਨੀਤ ਕੌਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਕੋਹਲੀ, ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ, ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਸਮੇਤ ਅਨੇਕਾਂ ਆਗੁੂਆਂ ਵੱਲੋਂ ਚਿੰਤਾ ਪ੍ਰਗਟ ਕਰਦਿਆ ਸਾਂਤੀ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਘਟਨਾ ਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਕਦਮ ਚੁੱਕੇ।