ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਕੀਤੇ ਐਲਾਨਾਂ ਨੂੰ ਲਾਗੂ ਕਰੇ ਆਪ ਸਰਕਾਰ
ਰਾਜੇਸ਼ ਗੌਤਮ , ਪਟਿਆਲਾ,11 ਅਪ੍ਰੈਲ 2022
ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਦੀ ਅਹਿਮ ਮੰਗ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਸਬੰਧੀ ਕਈ ਐਲਾਨ ਅਤੇ ਵਾਅਦੇ ਕੀਤੇ ਗਏ ਸਨ।ਇਹਨਾਂ ਐਲਾਨਾਂ ਨੂੰ ਲਾਗੂ ਕਰਵਾਉਣ ਲਈ ਪੀ.ਪੀ.ਪੀ.ਐਫ ਫਰੰਟ ਵੱਲੋਂ ਆਪ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਲੜੀ ਤਹਿਤ,ਪਟਿਆਲਾ ਸ਼ਹਿਰੀ ਦੇ ਐਮ.ਐਲ.ਏ ਅਜੀਤਪਾਲ ਸਿੰਘ ਕੋਹਲੀ ਨੂੰ ਭਰਵੇਂ ਵਫਦ ਵੱਲੋਂ ਮੰਗ ਪੱਤਰ ਸੌਂਪਿਆ ਗਿਆ।ਵਿਧਾਇਕ ਵੱਲੋਂ ਇਹ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾਉਣ ਅਤੇ ਮੁਲਾਜ਼ਮਾਂ ਦੀ ਇਸ ਅਹਿਮ ਮੰਗ ਨੂੰ ਵਿਧਾਨ ਸਭਾ ਅਤੇ ਪਾਰਟੀ ਪੱਧਰ ਤੇ ਉਠਾਉਣ ਦਾ ਭਰੋਸਾ ਦਿੱਤਾ ਗਿਆ।
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂਆਂ ਵਿਕਰਮਦੇਵ ਸਿੰਘ(ਸੂਬਾ ਸਲਾਹਕਾਰ,ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ),ਹਰਵਿੰਦਰ ਰੱਖੜਾ, ਜਗਜੀਤ ਸਿੰਘ ਜਟਾਣਾ,ਕ੍ਰਿਸ਼ਨ ਸਿੰਘ ਚੂਹਾਣਕੇ ਅਤੇ ਅਕਸ਼ੈ ਕੁਮਾਰ ਖਨੌਰੀ ਨੇ ਮੰਗ ਪੱਤਰ ਦੇਣ ਉਪਰੰਤ ਦੱਸਿਆ ਕਿ ਪੰਜਾਬ ਚੇ ਡੇਢ ਲੱਖ ਤੋਂ ਵੱਧ ਐਨ.ਪੀ.ਐਸ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ ਭਖਦੀ ਮੰਗ ਬਣ ਚੁੱਕੀ ਹੈ ਜਿਸ ਤੋਂ ਪਿਛਲੀਆਂ ਸਰਕਾਰਾਂ ਲਗਾਤਾਰ ਟਾਲਾ ਵੱਟਦੀਆਂ ਆਈਆਂ ਹਨ।ਪਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਹੋਰਨਾਂ ਅਹਿਮ ਆਗੂਆਂ ਵੱਲੋਂ ਮੁਲਾਜ਼ਮ ਰੈਲੀਆਂ ਵਿੱਚ ਅਤੇ ਚੋਣਾਂ ਦੌਰਾਨ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਕੀਤੇ ਜਨਤਕ ਐਲਾਨਾਂ ਕਾਰਨ ਐਨ.ਪੀ.ਐਸ ਮੁਲਾਜ਼ਮ,ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਤੋਂ ਇਲਾਵਾ ਰਾਜਸਥਾਨ ਅਤੇ ਛਤੀਸਗੜ ਸਰਕਾਰਾਂ ਵੱਲੋਂ ਮੁੜ ਪੁਰਾਣੀ ਪੈਨਸ਼ਨ ਦਾ ਪ੍ਰਬੰਧ ਬਹਾਲ ਕੀਤੇ ਜਾਣ ਨਾਲ ਵੀ ਪੰਜਾਬ ਦੀ ਪੈਨਸ਼ਨ ਪ੍ਰਾਪਤੀ ਲਹਿਰ ਨੂੰ ਵੱਡਾ ਨੈਤਿਕ ਬੱਲ ਅਤੇ ਉਤਸ਼ਾਹ ਮਿਲਿਆ ਹੈ । ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਵੱਲੋਂ ਵੀ ਸੱਤਾ ਵਿੱਚ ਆਉਣ ਮਗਰੋਂ ਇਸ ਅਹਿਮ ਮੰਗ ਨੂੰ ਪਿਛਲੀਆਂ ਸਰਕਾਰਾਂ ਵਾਂਗ ਲਮਕਾਉਣ ਦੀ ਨੀਤੀ ਅਪਣਾਈ ਤਾਂ ਮੁਲਾਜ਼ਮਾਂ ਦੀ ਵੱਡੀ ਆਸ ਤਿੱਖੇ ਰੋਹ ਵਿੱਚ ਬਦਲ ਕੇ ਸਰਕਾਰ ਅੱਗੇ ਵੱਡੀ ਚੁਣੌਤੀ ਬਣ ਸਕਦੀ ਹੈ। ਉਹਨਾਂ ਕਿਹਾ ਕਿ ਆਪ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੀ ਇਹ ਮੁਹਿੰਮ ਪਟਿਆਲਾ ਦੇ ਬਾਕੀ ਹਲਕਿਆਂ ਵਿੱਚ ਵੀ ਜਾਰੀ ਰੱਖੀ ਜਾਵੇਗੀ। ਇਸ ਵਫਦ ਵਿੱਚ ਰਾਮਸ਼ਰਨ,ਜਗਦੀਪ ਸਿੰਘ,ਚਮਕੌਰ ਸਿੰਘ,ਦਵਿੰਦਰ ਸਿੰਘ,ਹਰਿੰਦਰ ਸਿੰਘ,ਜਰਨੈਲ ਸਿੰਘ,ਕੰਵਰਜੀਤ ਸਿੰਘ ਧਾਲੀਵਾਲ,ਅਮਰਿੰਦਰ ਸਿੰਘ,ਸੁਖਬੀਰ ਸਿੰਘ, ਤਰਸੇਮ ਸਿੰਘ ਅਤੇ ਗੁਰਜੀਤ ਸਿੰਘ ਘਨੌਰ ਮੌਜੂਦ ਸਨ ।