ਅਰਵਿੰਦ ਕੇਜਰੀਵਾਲ ਨੇ ਉਦਯੋਗਪਤੀਆਂ ਨੂੰ ਰਾਜ ਸਭਾ ਵਿੱਚ ਨੁਮਾਇੰਦਗੀ ਦੇ ਕੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ — ਚਮਕੌਰ ਸਿੰਘ ਵੀਰ
ਪਰਦੀਪ ਕਸਬਾ , ਸੰਗਰੂਰ, 21 ਮਾਰਚ 2022
ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਬਜਾਏ ਧਨਾਡ ਲੋਕਾਂ ਨੂੰ ਭੇਜਿਆ ਹੈ। ਇਹ ਪੰਜਾਬੀਆਂ ਨਾਲ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡਾ ਧੋਖਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰ: ਚਮਕੌਰ ਸਿੰਘ ਵੀਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਸੀਟਾਂ ਕਿਸੇ ਸੂਬੇ ਦੇ ਲੋਕਾਂ ਦੇ ਅਧਿਕਾਰਾਂ ਸੰਬੰਧੀ ਆਵਾਜ਼ ਉਠਾਉਣ ਲਈ ਹੁੰਦੀਆਂ ਹਨ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਾਰਟੀ ਫੰਡ ਦੇ ਨਾਂ ‘ਤੇ ਮੋਟੀਆਂ ਰਕਮਾਂ ਲੈ ਕੇ ਧਨਾਡ ਲੋਕਾਂ ਨੂੰ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਲੋਕਾਂ ਨੂੰ ਟਿਕਟਾਂ ਵੇਚ ਦਿੱਤੀਆਂ ਹਨ ਜਿਹੜੇ ਕਦੇ ਵੀ ਪੰਜਾਬ ਦੇ ਹਿਤਾਂ ਲਈ ਨਹੀਂ ਖੜ੍ਹੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ 37% ਅਬਾਦੀ ਹੋਣ ਦੇ ਬਾਵਜੂਦ ਇਹਨਾਂ ਰਾਜ ਸਭਾ ਮੈਂਬਰਾਂ ਵਿੱਚ ਇੱਕ ਵੀ ਨੁਮਾਇੰਦੇ ਨੂੰ ਨਾ ਭੇਜਣ ਤੋਂ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅਨੁਸੂਚਿਤ ਜਾਤੀ ਵਰਗ ਦੇ ਹਿਤਾਂ ਦੀ ਕਦੇ ਵੀ ਪੂਰਤੀ ਨਹੀਂ ਕਰ ਸਕਦੇ ਅਤੇ ਇਸ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨੇ ਇਸ ਸਮਾਜ ਨਾਲ ਦਗਾ ਕਮਾਇਆ ਹੈ। ਇਸ ਕਾਰਵਾਈ ਨਾਲ ਕੇਜਰੀਵਾਲ ਦਾ ਪੰਜਾਬ ਪ੍ਰਤੀ ਹੇਜ ਦਿਖਾਉਣ ਦਾ ਅਸਲੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਇਸਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੈਸਲਿਆਂ ਉੱਪਰ ਕੇਜਰੀਵਾਲ ਦਾ ਪੱਖ ਭਾਰੂ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਰਾਜਨੀਤੀ ਬਦਲਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਕੈਂਥ ਜ਼ਿਲ੍ਹਾ ਪ੍ਰਧਾਨ ਸੰਗਰੂਰ, ਮੱਘਰ ਸਿੰਘ ਸ਼ੇਰਪੁਰ, ਗਗਨਦੀਪ ਸਿੰਘ, ਰਣਧੀਰ ਸਿੰਘ ਨਾਗਰਾ ਜੋਨ ਇੰਚਾਰਜ, ਦਰਸ਼ਨ ਸਿੰਘ ਬਾਜਵਾ, ਤੇਜਿੰਦਰ ਸਿੰਘ, ਸੁਖਦੇਵ ਸਿੰਘ ਟਿੱਬਾ, ਹਰਵਿੰਦਰ ਸਿੰਘ ਮਿੰਟੂ ਅਤੇ ਜੱਗੀ ਸਿੰਘ ਸ਼ੇਰਪੁਰ ਆਦਿ ਆਗੂ ਹਾਜ਼ਰ ਸਨ।