ਹਰਿੰਦਰ ਨਿੱਕਾ , ਬਰਨਾਲਾ 26 ਫਰਵਰੀ 2022
ਪੋਲਿੰਗ ਕੇਂਦਰ ਤੇ ਵੋਟ ਪਾਉਣ ਸਮੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਬੱਚੇ ਸਣੇ, ਵੋਟ ਪਾ ਕੇ ਵੋਟਿੰਗ ਦੀ ਵੀਡੀਉ ਵਾਇਰਲ ਕਰਨ ਵਾਲੇ ਵਿਅਕਤੀ ਦੇ ਖਿਲਾਫ ਆਖਿਰ 6 ਦਿਨ ਬਾਅਦ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਰਿਟਰਨਿੰਗ ਅਫਸਰ ਦੀ ਸ਼ਕਾਇਤ ਤੇ ਕੇਸ ਦਰਜ਼ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਦੋਸ਼ੀ ਦੀ ਸ਼ਨਾਖਤ ਅਤੇ ਗਿਰਫਤਾਰੀ ਲਈ, ਯਤਨ ਜ਼ਾਰੀ ਹਨ।
25 ਫਰਵਰੀ ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਇਹ ਮੁਕੱਦਮਾਂ ਨੰਬਰ 79 , ਪੱਤਰ ਨੰਬਰ 43 ਮਿਤੀ 24-02-2022 ਵੱਲੋਂ ਦਫਤਰ ਰਿਟਰਨਿੰਗ ਅਫਸਰ ਵਿਧਾਨ ਸਭਾ 103 ਬਰਨਾਲਾ ਕਮ ਉਪ ਮੰਡਲ ਮੈਜਿਸਟਰੇਟ ਬਰਨਾਲਾ ਦੀ ਤਰਫੋਂ ਅਣਪਛਾਤੇ ਵਿਅਕਤੀ ਖਿਲਾਫ ਦਰਜ਼ ਕਰਵਾਇਆ ਗਿਆ ਹੈ। ਸ਼ਕਾਇਤ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਹੈ ,ਜਿਸ ਵਿੱਚ ਇੱਕ ਪੋਲਿੰਗ ਬੂਥ ਦੇ ਵੋਟਿੰਗ ਕੰਪਾਰਟਮੈਟ ਵਿੱਚ ਇੱਕ ਵਿਅਕਤੀ ਵੋਟ ਪਾਉਣ ਸਮੇਂ ਵੀਡੀਓਗਰਾਫੀ ਕਰਦਾ ਨਜਰ ਆ ਰਿਹਾ ਹੈ ਅਤੇ ਵੀਡੀਓ ਵਿੱਚ ਇੱਕ ਛੋਟੇ ਬੱਚੇ ਦਾ ਹੱਥ ਵੀ ਦਿਖਾਈ ਦੇ ਰਿਹਾ ਹੈ । ਮਾਨਯੋਗ ਇਲੈਕਸਨ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਵੋਟ ਪੋਲ ਕਰਨ ਸਮੇਂ ਵੀਡੀਓਗਰਾਫੀ ਕਰਨਾ ਅਤੇ ਬੱਚੇ ਨੂੰ ਨਾਲ ਲੈ ਜਾਣਾ ਗੈਰਕਨੂੰਨੀ ਹੈ। ਇਹ ਪੱਤਰ ਮੌਸੂਲ ਹੋਣ ਪਰ ਮੁਕੱਦਮਾ ਉਕਤ ਅਧੀਨ ਜੁਰਮ 188 IPC, 66 INFORMATION TECHNOLOGY ACT 2000, Sec 128 REPRESENTATION OF PEOPLE ACT 1951 & 1988 PS CITY -1 BNL ਵਿਖੇ ਬਰਖਿਲਾਫ ਨਾਮਲੂਮ ਵਿਅਕਤੀ ਦਰਜ ਰਜਿਸਟਰ ਕੀਤਾ ਗਿਆ। ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਅਣਪਛਾਤੇ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਇੰਸਪੈਕਟਰ ਗੁਰਮੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਜਲਦ ਹੀ ਦੋਸ਼ੀ ਦੀ ਸ਼ਨਾਖਤ ਕਰਕੇ,ਉਸ ਨੂੰ ਕਾਬੂ ਕਰਕੇ,ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਵਰਜੀਤ ਵਾਲੀਆ ਨੇ ਮੰਨਿਆ ਕਿ ਪੋਲਿੰਗ ਕੇਂਦਰਾਂ ਤੇ ਬਕਾਇਦਾ ਸਿਵਲ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਡਿਊਟੀ ਤੇ ਤਾਇਨਾਤ ਸਨ। ਵਿਧਾਨ ਸਭਾ ਹਲਕੇ ਅੰਦਰ, ਸਿਰਫ ਇੱਕ ਹੀ ਅਜਿਹਾ ਵੋਟਰ ਨਿੱਕਲਿਆ , ਜਿਸ ਨੇ ਪੋਲਿੰਗ ਸਟੇਸ਼ਨ ਤੇ ਤਾਇਨਾਤ ਸਟਾਫ ਨੂੰ ਚਕਮਾ ਦੇ ਕੇ ਹੁਸ਼ਿਆਰੀ ਨਾਲ ਆਪਣੀ ਵੋਟ ਪਾਉਣ ਸਮੇਂ ਵੀਡੀਉ ਤਿਆਰ ਕਰ ਲਈ। ਉਨਾਂ ਕਿਹਾ ਕਿ ਡੀਐਸਪੀ ਨੂੰ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ, ਇਸ ਗੰਭੀਰ ਮਾਮਲੇ ਦੀ ਤਹਿ ਤੱਕ ਜਾਣ ਲਈ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।