ਇਸਤ੍ਰੀ ਜਾਗਿ੍ਰਤੀ ਮੰਚ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਹਿਜਾਬ ਅਤੇ ਪੱਗੜੀ ਉੱਪਰ ਲਗਾਈ ਪਾਬੰਦੀ ਵਿਰੁੱਧ ਮੁਜ਼ਾਹਰਾ
ਮੁਜ਼ਾਹਰਾਕਾਰੀਆਂ ਨੇ ਦਿੱਤਾ ਫਿਰਕੂ ਪਾਟਕਪਾਊ ਏਜੰਡੇ ਵਿਰੁੱਧ ਸੁਚੇਤ ਹੋਣ ਦਾ ਹੋਕਾ
ਪਰਦੀਪ ਕਸਬਾ , ਨਵਾਂਸ਼ਹਿਰ, 26 ਫਰਵਰੀ 2022
ਕਰਨਾਟਕਾ ਵਿਚ ਹਿਜਾਬ ਦੇ ਬਹਾਨੇ ਮੁਸਲਿਮ ਅਤੇ ਹੋਰ ਘੱਟਗਿਣਤੀਆਂ ਦੀ ਘੇਰਾਬੰਦੀ ਆਰ.ਐੱਸ.ਐੱਸ.-ਭਾਜਪਾ ਦੇ ਹਿੰਦੂ ਰਾਸ਼ਟਰ ਦੇ ਖ਼ਤਰਨਾਕ ਏਜੰਡੇ ਦਾ ਹਿੱਸਾ ਹੈ ਜਿਸ ਨੂੰ ਭਾਰਤ ਦੇ ਭਾਈਚਾਰਕ ਸਾਂਝ ਦੇ ਮੁਦੱਈ ਇਨਸਾਫ਼ਪਸੰਦ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਇਹ ਵਿਚਾਰ ਅੱਜ ਇੱਥੇ ਇਸਤਰੀ ਜਾਗਿ੍ਰਤੀ ਮੰਚ ਪੰਜਾਬ ਵੱਲੋਂ ਬਾਰਾਂਦਰੀ ਬਾਗ਼ ਵਿਚ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿਚ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਮੰਚ ਦੀ ਸੂਬਾ ਪ੍ਰਧਾਨ ਗੁਰਬਖ਼ਸ਼ ਕੌਰ ਸੰਘਾ ਅਤੇ ਰੁਪਿੰਦਰ ਕੌਰ ਦੁਰਗਾਪੁਰ ਨੇ ਪ੍ਰਗਟ ਕੀਤੇ। ਮੁਜ਼ਾਹਰੇ ਵਿਚ ਆਟੋ ਰਿਕਸ਼ਾ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਅਧਿਕਾਰ ਸਭਾ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ, ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ, ਇਸਤ੍ਰੀ ਵਿੰਗ ਦੀ ਪ੍ਰਧਾਨ ਸੁਰਜੀਤ ਕੌਰ ਵੜੈਚ, ਰਣਜੀਤ ਕੌਰ ਮਹਿਮੂਦਪੁਰ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ, ਡਾ. ਅੰਬੇਡਕਰ ਮਿਸ਼ਨ ਸੇਵਾ ਸੁਸਾਇਟੀ ਦੀ ਆਗੂ ਸਿਮਰਜੀਤ ਕੌਰ ਸਿੰਮੀ, ਆਟੋ ਯੂਨੀਅਨ ਦੇ ਪ੍ਰਧਾਨ ਬਿੱਲਾ ਗੁੱਜਰ, ਆਸ਼ਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਆਗੂ ਸ਼ਕੁੰਤਲਾ ਦੇਵੀ ਅਤੇ ਪੀ.ਐੱਸ.ਯੂ. ਦੀ ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਪੂਰੇ ਦੇਸ਼ ’ਚ ਮੁਜਰਿਮ ਬੇਖ਼ੌਫ਼ ਹੋ ਕੇ ਬਲਾਤਕਾਰਾਂ ਅਤੇ ਔਰਤਾਂ ਵਿਰੁੱਧ ਜਿਨਸੀ ਹਿੰਸਾ ਨੂੰ ਅੰਜਾਮ ਦੇ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨਿਕ ਕਦਮ ਚੁੱਕਣ ਅਤੇ ਔਰਤਾਂ ਦੀ ਸੁਰੱਖਿਆ ਯਕੀਨੀਂ ਬਣਾਉਣ ਦੀ ਬਜਾਏ ਭਗਵੇਂ ਹੁਕਮਰਾਨ ਹਿਜਾਬ, ਲਵ ਜਿਹਾਦ, ਧਰਮ-ਪਰਿਵਰਤਨ, ਗਊ ਹੱਤਿਆ ਵਰਗੇ ਵਿਵਾਦ ਖੜ੍ਹੇ ਕਰਕੇ ਮੁਸਲਿਮ ਅਤੇ ਹੋਰ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਨਾਗਰਿਕਾਂ ਦੇ ਪਹਿਰਾਵੇ, ਖਾਣ-ਪੀਣ ਅਤੇ ਧਾਰਮਿਕ ਵਿਸ਼ਵਾਸਾਂ ਉੱਪਰ ਪਾਬੰਦੀਆਂ ਲਗਾ ਕੇ ਅਤੇ ਦੇਸ਼ ਦੀ ਸਮਾਜਿਕ-ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਆਰ.ਐੱਸ.ਐੱਸ.-ਭਾਜਪਾ ਇਕ ਰਾਸ਼ਟਰ ਇਕ ਧਰਮ, ਇਕ ਬੋਲੀ ਥੋਪਣਾ ਚਾਹੁੰਦੀ ਹੈ ਜੋ ਨਾ ਸਿਰਫ਼ ਸੰਵਿਧਾਨ ਵਿਰੋਧੀ ਕਾਰਵਾਈ ਹੈ ਸਗੋਂ ਸਮਾਜ ਦੀ ਭਾਈਚਾਰਕ ਸਾਂਝ ਨੂੰ ਤੋੜਣ ਦੀ ਖ਼ਤਰਨਾਕ ਖੇਡ ਹੈ। ਐਸੇ ਫਿਰਕੂ ਮੁੱਦੇ ਉਠਾ ਕੇ ਜਿੱਥੇ ਭਾਜਪਾ ਫਿਰਕੂ ਧਰੁਵੀਕਰਨ ਰਾਹੀਂ ਆਪਣਾ ਵੋਟ ਆਧਾਰ ਬਣਾਉਣਾ ਚਾਹੁੰਦੀ ਹੈ ਉੱਥੇ ਦੇਸ਼ ਨੂੰ ਦਰਪੇਸ਼ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਵੀ ਹਟਾਉਣਾ ਚਾਹੁੰਦੀ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਭਾਰਤ ਦੇ ਭਾਈਚਾਰਕ ਏਕਤਾ ਅਤੇ ਸਾਂਝ ਦੇ ਪਹਿਰੇਦਾਰ ਲੋਕ ਇਨ੍ਹਾਂ ਪਾਟਕਪਾਊ ਚਾਲਾਂ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਹਿੰਦੂ ਰਾਸ਼ਟਰ ਦੇ ਫਾਸ਼ੀਵਾਦੀ ਪ੍ਰੋਜੈਕਟ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।
ਰੈਲੀ ਕਰਨ ਬਾਰਾਂਦਰੀ ਤੋਂ ਲੈ ਕੇ ਅੰਬੇਡਕਰ ਚੌਂਕ ਤੱਕ ਮੁਜ਼ਾਹਰਾ ਕੀਤਾ ਗਿਆ। ‘ਭਗਵਾਂਕਰਨ ਨਹੀਂ ਚੱਲੇਗਾ’, ‘ਹਿੰਦੂ-ਮੁਸਲਿਮ-ਸਿੱਖ-ਇਸਾਈ, ਅਸੀਂ ਹਾਂ ਸਾਰੇ ਭਾਈ-ਭਾਈ’ ਅਤੇ ‘ਆਰ.ਐੱਸ.ਐੱਸ.-ਭਾਜਪਾ ਮੁਰਦਾਬਾਦ’ ਦੇ ਰੋਹ ਭਰਪੂਰ ਨਾਅਰੇ ਲਾਉਦਿਆਂ ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਆਰ.ਐੱਸ.ਐੱਸ.-ਭਾਜਪਾ ਪਾਟਕਪਾਊ ਸਿਆਸਤ ਬੰਦ ਕਰੇ, ਹਿਜਾਬ ਅਤੇ ਦਸਤਾਰ ਪਹਿਨਣ ਉੱਪਰ ਲਗਾਈ ਪਾਬੰਦੀ ਖ਼ਤਮ ਕਰਕੇ ਹਰ ਨਾਗਰਿਕ ਦਾ ਆਪਣੀ ਪਸੰਦ ਅਤੇ ਸੱਭਿਆਰਕ ਰਵਾਇਤ ਅਨੁਸਾਰ ਖਾਣ-ਪਹਿਨਣ ਦਾ ਹੱਕ ਬਹਾਲ ਕੀਤਾ ਜਾਵੇ, ਦਿੱਲੀ ਅਤੇ ਹੋਰ ਬਲਾਤਕਾਰ ਕਾਂਡਾਂ ਦੇ ਦੋਸ਼ੀਆਂ ਵਿਰੁੱਧ ਫਾਸਟ ਟਰੈਕ ਮੁਕੱਦਮਾ ਚਲਾ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਕਰਤਾਰਪੁਰ ਵਿਚ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ। ਯੂਕਰੇਨ ਉੱਪਰ ਰੂਸੀ ਹਮਲਾ ਬੰਦ ਕੀਤਾ ਜਾਵੇ ਅਤੇ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਵੇ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੀਨੀਅਰ ਆਗੂ ਜੋਗਿੰਦਰ ਕੁੱਲੇਵਾਲ ਅਤੇ ਬਲਜਿੰਦਰ ਤਰਕਸ਼ੀਲ, ਬਲਵਿੰਦਰ ਕੌਰ ਸਲੋਹ, ਮਨਜੀਤ ਕੌਰ ਅਲਾਚੌਰ, ਸੰਤੋਸ਼ ਕੁਰਲ, ਸੁਦੇਸ਼ ਕੁਮਾਰੀ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਮੀਰਪੁਰ ਜੱਟਾਂ ਅਤੇ ਪ੍ਰੇਮ ਸਿੰਘ, ਬਲਵੀਰ ਕੌਰ ਸੰਘਾ, ਸਿਮਰਨਜੀਤ ਸਿੰਮੀ, ਗੁਰਨੇਕ ਸਿੰਘ ਚੂਹੜਪੁਰ, ਬਲਜੀਤ ਸਿੰਘ ਧਰਮਕੋਟ, ਬਲਜਿੰਦਰ ਕੌਰ ਰਸੂਲਪੁਰ, ਨੀਲਮ ਰਾਣੀ ਅਤੇ ਜਨਤਕ ਜਥੇਬੰਦੀਆਂ ਦੇ ਹੋਰ ਆਗੂ ਅਤੇ ਕਾਰਕੁੰਨ ਅਤੇ ਆਸ਼ਾ ਵਰਕਰਾਂ ਇਸਤ੍ਰੀ ਜਾਗਿ੍ਰਤੀ ਮੰਚ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਹਿਜਾਬ ਅਤੇ ਪੱਗੜੀ ਉੱਪਰ ਲਗਾਈ ਪਾਬੰਦੀ ਵਿਰੁੱਧ ਮੁਜ਼ਾਹਰਾ। ਮੁਜ਼ਾਹਰਾਕਾਰੀਆਂ ਨੇ ਦਿੱਤਾ ਫਿਰਕੂ ਪਾਟਕਪਾਊ ਏਜੰਡੇ ਵਿਰੁੱਧ ਸੁਚੇਤ ਹੋਣ ਦਾ ਹੋਕਾ