ਪਿਉ-ਪੁੱਤ ਖਿਲਾਫ ਦਹੇਜ ਹੱਤਿਆ ਦਾ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 25 ਫਰਵਰੀ 2022
ਸੌਹਰਿਆਂ ਦੇ ਅੱਤਿਆਚਾਰ ਤੋਂ ਤੰਗ ਆਈ ਇੱਕ ਵਿਆਹੁਤਾ ਨੇ ਲੰਘੀ ਕੱਲ੍ਹ ਰਾਤ ਆਪਣੀ ਜਾਨ ਗੁਆ ਲਈ। ਜਦੋਂ ਉਸ ਦਾ ਪੇਕਾ ਪਰਿਵਾਰ ਪਹੁੰਚਿਆਂ ਤਾਂ ਉਨ੍ਹਾਂ ਨੂੰ ਆਪਣੀ ਧੀ ਦੀ ਛੱਤ ਪੱਖੇ ਨਾਲ ਲਟਕਦੀ ਲਾਸ਼ ਹੀ ਮਿਲੀ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਪਿਉ-ਪੁੱਤ ਦੇ ਖਿਲਾਫ ਦਹੇਜ ਹੱਤਿਆ ਦਾ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਸਤਪਾਲ ਦਾਸ ਪੁੱਤਰ ਜਗਰੂਪ ਦਾਸ ਵਾਸੀ ਘੱਗਾ ,ਥਾਣਾ ਘੱਗਾ ਜਿਲਾ ਪਟਿਆਲਾ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਸੰਦੀਪ ਕੌਰ ਉਮਰ ਕਰੀਬ 23 ਸਾਲ ਦੀ ਅਰਸਾ ਕਰੀਬ 4 ਸਾਲ ਪਹਿਲਾਂ ਸੁਖਪ੍ਰੀਤ ਦਾਸ @ ਸੁੱਖੀ ਪੁੱਤਰ ਮੁਖਤਿਆਰ ਦਾਸ ਵਾਸੀ ਪਿੰਡ ਸੇਖਾ ਨਾਲ ਹੋਈ ਸੀ। ਸ਼ਾਦੀ ਤੋਂ ਕਰੀਬ 2 ਸਾਲ ਬਾਅਦ ਉਨ੍ਹਾਂ ਦੇ ਘਰ ਲੜਕਾ ਵੀ ਪੈਦਾ ਹੋਇਆ ਸੀ।
ਸੱਤਪਾਲ ਦਾਸ ਨੇ ਕਿਹਾ ਕਿ 15-20 ਦਿਨ ਪਹਿਲਾਂ ਉਸ ਦੀ ਭੈਣ ਸੰਦੀਪ ਕੌਰ ਨੇ ਆਪਣੇ ਪਿਉ ਨੂੰ ਮੋਬਾਇਲ ਫੋਨ ਤੇ ਦੱਸਿਆ ਸੀ ਕਿ ਉਸ ਦੀ ,ਉਸ ਦੇ ਸਹੁਰੇ ਮੁਖਤਿਆਰ ਦਾਸ ਅਤੇ ਘਰਵਾਲੇ ਸੁਖਪ੍ਰੀਤ ਦਾਸ ਨੇ ਅਤੇ ਨਣਦ ਬੱਬੂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਿਸ ਵਿੱਚ ਬੱਬੂ ਦੇ ਘਰਵਾਲੇ ਗੋਰਾ ਦਾ ਵੀ ਹੱਥ ਸੀ। ਇਹ ਗੱਲ ਮੇਰੇ ਪਿਤਾ ਨੇ ਮੇਰੇ ਨਾਲ ਵੀ ਸਾਂਝੀ ਕੀਤੀ ਸੀ, ਪਰੰਤੂ ਅਸੀਂ ਦੋਵਾਂ ਨੇ ਇਸ ਨੂੰ ਮੋਬਾਇਲ ਫੋਨ ਤੇ ਕਿਹਾ ਕਿ ਤੁਹਾਡਾ ਆਪਣਾ ਪਰਿਵਾਰ ਹੈ ,ਰਲ ਮਿਲ ਕੇ ਰਹੋ। ਉਸ ਨੇ ਕਿਹਾ ਕਿ ਸੰਦੀਪ ਕੌਰ ਨੇ 5-7 ਦਿਨ ਪਹਿਲਾਂ ਵੀ ਮੈਨੂੰ ਫੋਨ ਕੀਤਾ ਸੀ ਕਿ ਉਸ ਦਾ ਪਤੀ ਸੁਖਪ੍ਰੀਤ ਦਾਸ ਅਤੇ ਸਹੁਰਾ ਮੁਖਤਿਆਰ ਦਾਸ ਇਕੱਠੇ ਸਰਾਬ ਪੀਂਦੇ ਹਨ ਅਤੇ ਉਸ ਦੀ ਕੁੱਟਮਾਰ ਕਰਦੇ ਹਨ।
ਸੱਤਪਾਲ ਨੇ ਦੱਸਿਆ ਕਿ ਲੰਘੀ ਕੱਲ੍ਹ ਸਵੇਰੇ ਕਰੀਬ 6 ਵਜੇ , ਉਸਦੇ ਭਣੋਈਏ ਦਾ ਫੋਨ ਆਇਆ ਕਿ 18 ਲੱਖ ਰੁਪਏ ਦੀ ਸਕਾਰਪੀਉ ਗੱਡੀ ਲੈਣੀ ਹੈ , ਗੱਡੀ ਲਈ ਪੈਸਿਆਂ ਦਾ ਪ੍ਰਬੰਧ ਕਰੋ, ਇਹ ਸੁਣਕੇ ਮੈਂ ਫੋਨ ਕੱਟ ਦਿੱਤਾ । ਦੁਬਾਰਾ ਫਿਰ ਉਸ ਨੇ ਕਰੀਬ 11 ਵਜੇ ਮੇਰੇ ਫੋਨ ਤੋਂ ਗੱਡੀ ਦੀਆ ਫੋਟੋਆ ਵੀ ਭੇਜੀਆਂ। ਉਨਾਂ ਕਿਹਾ ਕਿ ਲੰਘੀ ਕੱਲ੍ਹ ਸ਼ਾਮ ਨੂੰ ਫਿਰ ਉਸ ਦੀ ਭੈਣ ਸੰਦੀਪ ਕੌਰ ਨੇ ਫੋਨ ਕੀਤਾ ਕਿ ਮੋਬਾਈਲ ਫੋਨ ਤੇ ਭੇਜੀਆਂ ਫੋਟੋਆ ਵਾਲੀ ਗੱਡੀ ਲੈ ਦਿਉ । ਉਸ ਤੋਂ ਬਾਅਦ ਰਾਤ ਨੂੰ ਫਿਰ ਉਸ ਦੇ ਭਣੋਈਏ ਨੇ ਫੋਨ ਕੀਤਾ ਕਿ ਸੰਦੀਪ ਕੌਰ ਦੀ ਮੌਤ ਹੋ ਗਈ ਤੇ ਤੁਸੀਂ ਹੁਣੇ ਪਹੁੰਚ ਜਾਉ। ਉਨਾਂ ਕਿਹਾ ਕਿ ਜਦੋਂ ਮੈਂ ਆਪਣੇ ਪਰਵਾਰਿਕ ਮੈਬਰਾਂ ਅਤੇ ਹੋਰ ਜਿੰਮੇਵਾਰ ਬੰਦਿਆ ਨੂੰ ਆਪਣੇ ਨਾਲ ਲੈ ਕੇ ਆਪਣੀ ਭੈਣ ਦੇ ਸਹੁਰੇ ਪਿੰਡ ਸੇਖਾ ਵਿਖੇ ਪਹੁੰਚਿਆਂ ਤਾਂ ਉਨਾਂ ਨੂੰ ਸੰਦੀਪ ਕੌਰ ਦੀ ਛੱਤ ਵਾਲੇ ਪੱਖੇ ਨਾਲ ਲਟਕਦੀ ਲਾਸ਼ ਹੀ ਮਿਲੀ। ਉਨਾਂ ਦੋਸ਼ ਲਾਇਆ ਕਿ ਸੰਦੀਪ ਕੌਰ ਨੂੰ ਉਸ ਦੇ ਘਰਵਾਲੇ ਸੁਖਪ੍ਰੀਤ ਦਾਸ ਤੇ ਸਹੁਰੇ ਮੁਖਤਿਆਰ ਦਾਸ ਨੇ ਦਹੇਜ ਦੇ ਲਾਲਚ ਵਿੱਚ ਮਾਰ ਕੇ ਪੱਖੇ ਨਾਲ ਲਟਕਾਇਆ ਹੈ।
ਕੇਸ ਦਰਜ਼, ਦੋਸ਼ੀਆਂ ਦੀ ਗਿਰਫਤਾਰੀ ਦੇ ਯਤਨ ਜ਼ਾਰੀ-ਡੀਐਸਪੀ ਸਨੇਹੀ
ਡੀਐਸਪੀ ਰਾਜੇਸ਼ ਸਨੇਹੀ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮ੍ਰਿਤਕਾ ਸੰਦੀਪ ਕੌਰ ਦੇ ਭਰਾ ਦੇ ਬਿਆਨ ਪਰ, ਥਾਣਾ ਸਦਰ ਬਰਨਾਲਾ ਵਿਖੇ ਨਾਮਜਦ ਦੋਸ਼ੀ ਪਿਉ-ਪੁੱਤ ਦੇ ਖਿਲਾਫ ਦਹੇਜ ਹੱਤਿਆ ਦਾ ਕੇਸ ਦਰਜ਼ ਕਰਕੇ, ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਅਤੇ ਮਾਮਲੇ ਦੀ ਤਫਤੀਸ਼ ਐਸ.ਐਚ.ਉ ਸੁਖਜੀਤ ਸਿੰਘ ਨੂੰ ਸੌਪ ਦਿੱਤੀ ਹੈ, ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।