ਤਖਤ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਦਾ ਪਹਿਲਾ ਜੱਥਾ ਪੰਜਾਬ ਪਰਤਿਆ,,,

Advertisement
Spread information

ਸ਼ਰਧਾਲੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਸ਼ੁਕਰੀਆ

ਅਸ਼ੋਕ ਵਰਮਾ ਬਠਿੰਡਾ, 26 ਅਪ੍ਰੈਲ 2020
ਐਤਵਾਰ ਦੀ ਚੜ੍ਹਦੀ ਸਵੇਰ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ , ਜਦ ਉਹ ਲੱਗਭੱਗ ਇਕ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਯਤਨਾਂ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਪੰਜਾਬ ਵਿਚ ਪ੍ਰਵੇਸ਼ ਕੀਤੇ। ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ਵਿਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫਸ ਗਏ ਸਨ।
ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇੰਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।ਇਸ ਤੋਂ ਬਿਨ੍ਹਾਂ ਜਿੰਨ੍ਹਾਂ ਰਾਜਾਂ ਵਿਚੋਂ ਇੰਨ੍ਹਾਂ ਸ਼ਰਧਾਲੂਆਂ ਦੀਆਂ ਬੱਸਾਂ ਨੇ ਲੰਘ ਕੇ ਆਉਣਾ ਸੀ ਉਨ੍ਹਾਂ ਨਾਲ ਵੀ ਪੰਜਾਬ ਸਰਕਾਰ ਵੱਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਾਸਤੇ ਵਿਚ ਇੰਨ੍ਹਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। 
                    ਇਸ ਕਾਫਲੇ ਵਿਚ ਸ਼ਾਮਿਲ 8 ਬੱਸਾਂ ਅੱਜ ਪੰਜਾਬ ਵਿਚ ਦਾਖਿਲ ਹੋਈਆਂ । ਜਿੰਨ੍ਹਾਂ ਵਿਚੋਂ 7 ਬੱਸਾਂ ਬਠਿੰਡਾ ਜਿ਼ਲ੍ਹੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ , ਜਦ ਕਿ ਇਕ ਫਾਜਿ਼ਲਕਾ ਜਿ਼ਲ੍ਹੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ।ਇੰਨ੍ਹਾਂ ਬੱਸਾਂ ਵਿਚ ਬਠਿੰਡਾ ਜਿ਼ਲ੍ਹੇ ਦੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜਿ਼ਲਕਾ, ਸੰਗਰੂਰ, ਪਟਿਆਲਾ, ਮੋਗਾ ਜਿ਼ਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਿਲ ਸਨ। ਪੰਜਾਬ ਦੀ ਹੱਦ ਅੰਦਰ ਪ੍ਰਵੇਸ਼ ਕਰਨ ਤੇ ਬਠਿੰਡਾ ਦੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਨਾਸਤਾ, ਪਾਣੀ, ਮਾਸਕ, ਸੈਨੀਟਾਈਜਰ ਦਿੱਤੇ ਗਏ ਅਤੇ ਬੱਸਾਂ ਨੂੰ ਸਬੰਧਤ ਜਿ਼ਲ੍ਹਿਆਂ ਲਈ ਰਵਾਨਾ ਕਰ ਦਿੱਤਾ ਗਿਆ। ਜ਼ਦ ਕਿ ਬਠਿੰਡਾ ਜਿ਼ਲ੍ਹੇ ਦੇ 21 ਨਾਗਰਿਕਾਂ ਨੂੰ ਸਿੱਧੇ ਇਕਾਂਤਵਾਸ ਕੇਂਦਰ ਵਿਚ ਲਿਜਾਇਆ ਗਿਆ ਜਿੱਥੇ ਇੰਨ੍ਹਾਂ ਦੀ ਮੁਕੰਮਲ ਮੈਡੀਕਲ ਜਾਂਚ ਹੋਵੇਗੀ ਅਤੇ ਸਾਰੇ ਮੈਡੀਕਲ ਨਿਯਮਾਂ ਦੀ ਪਾਲਣਾ ਤੋਂ ਬਾਅਦ ਹੀ ਇੰਨ੍ਹਾਂ ਨੂੰ ਘਰ ਭੇਜਿਆ ਜਾਵੇਗਾ।
                      ਇਸ ਮੌਕੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਸ ਨੇ ਲਗਾਤਾਰ ਭਾਰਤ ਸਰਕਾਰ ਅਤੇ ਦੂਜੀਆਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ। 
ਇੱਥੇ ਜਿ਼ਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਬਠਿੰਡਾ ਤੋਂ ਹੀ 80 ਬੱਸਾਂ ਦਾ ਕਾਫਲਾ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਹੈ ਜਿਸ ਰਾਹੀਂ ਉਥੇ ਰਹਿ ਗਏ ਹੋਰ 3200 ਸ਼ਰਧਾਲੂਆਂ ਨੂੰ ਇੰਨ੍ਹਾਂ ਬੱਸਾਂ ਰਾਹੀਂ ਮੁਫਤ ਪੰਜਾਬ ਲਿਆਂਦਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!