* ਮਜ਼ਦੂਰਾਂ ਵਿੱਚ ਉਭਰ ਰਹੇ ਖੁਦਕੁਸ਼ੀ ਦੇ ਰੁਝਾਨ ਨੂੰ ਚੇਤਾਵਨੀ ਵਜੋਂ ਲਵੇ ਕੈਪਟਨ ਸਰਕਾਰ -ਲਿਬਰੇਸ਼ਨ
ਪੀੜਤ ਪਰਿਵਾਰ ਸਮੇਤ ਸਾਰੇ ਗਰੀਬ ਪਰਿਵਾਰਾਂ ਨੂੰ ਤੁਰੰਤ ਨਕਦ ਰਾਹਤ ਦੇਣ ਦੀ ਮੰਗ
ਅਸ਼ੋਕ ਵਰਮਾ ਮਾਨਸਾ, 26ਅਪ੍ਰੈਲ 2020
ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾਂ ਖ਼ੁਰਦ ਦੇ 20 ਸਾਲਾ ਖੇਤ ਮਜ਼ਦੂਰ ਨੌਜਵਾਨ ਵਿੱਕੀ ਵਲੋਂ ਲੌਕਡਾਊਨ ਕਾਰਨ ਕੋਈ ਰਾਹਤ ਜਾਂ ਦਿਹਾੜੀ ਤੱਕ ਨਾ ਮਿਲਣ ਕਰਕੇ ਪੈਦਾ ਆਰਥਿਕ ਤੰਗੀ ਦਾ ਸਾਹਮਣਾ ਕਰਨ ਤੋਂ ਬੇਵੱਸ ਹੋ ਕੇ ਖੁਦਕੁਸ਼ੀ ਕਰ ਲੈਣ ‘ਤੇ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲਵੇ ਅਤੇ ਵਿੱਕੀ ਦੇ ਪੀੜਤ ਮਜ਼ਦੂਰ ਪਰਿਵਾਰ ਨੂੰ ਤੁਰੰਤ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ । ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਕ ਨੌਜਵਾਨ ਖੇਤ ਮਜ਼ਦੂਰ ਵਲੋਂ ਮੌਜੂਦਾ ਹਾਲਾਤ ਵਿੱਚ ਕੀਤੀ ਇਸ ਖੁਦਕੁਸ਼ੀ ਨੂੰ ਪੰਜਾਬ ਸਰਕਾਰ ਨੂੰ ਇਕ ਚੇਤਾਵਨੀ ਵਜੋਂ ਲੈਣਾ ਚਾਹੀਦਾ ਹੈ। ਲੰਬੇ ਲੌਕਡਾਊਨ ਕਾਰਨ ਡੂੰਘੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸੂਬੇ ਦੇ ਲੱਖਾਂ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਪਰਿਵਾਰਾਂ ਨੂੰ ਦਸ ਦਸ ਹਜ਼ਾਰ ਰੁਪਏ ਦੀ ਫੌਰੀ ਨਕਦ ਸਹਾਇਤਾ ਅਤੇ ਰਾਸ਼ਨ ਆਦਿ ਦਿੱਤੇ ਜਾਣ ਦੀ ਸਖ਼ਤ ਜ਼ਰੂਰਤ ਹੈ, ਵਰਨਾ ਗਰੀਬਾਂ ਸਾਹਮਣੇ ਖੜ੍ਹੇ ਇਸ ਗੰਭੀਰ ਆਰਥਿਕ ਸੰਕਟ ਕਾਰਨ ਡਿਪਰੈੱਸ਼ਨ ਅਤੇ ਖੁਦਕੁਸ਼ੀਆਂ ਦਾ ਇਹ ਵਰਤਾਰਾ ਨਾ ਸਿਰਫ਼ ਇਕ ਗੰਭੀਰ ਰੂਪ ਧਾਰਨ ਕਰ ਸਕਦਾ ਹੈ, ਬਲਕਿ ਭੁੱਖੇ ਅਤੇ ਦੁੱਖੀ ਲੋਕ ਕਰਫਿਊ ਤੋੜ ਕੇ ਸੜਕਾਂ ਉੱਤੇ ਉਤਰਨ ਲਈ ਵੀ ਮਜਬੂਰ ਹੋ ਸਕਦੇ ਹਨ।