ਬਰਨਾਲਾ ਚ, ਫਸੇ ਕਸ਼ਮੀਰੀ- 5 ਦਿਨਾਂ ਤੋਂ ਪ੍ਰਸ਼ਾਸ਼ਨ ਨੂੰ ਸਰਕਾਰ ਦੀ ਮੰਜੂਰੀ ਦਾ ਇੰਤਜ਼ਾਰ
60 ਕਸ਼ਮੀਰੀ, ਔਰਤਾਂ ਤੇ ਬੱਚਿਆਂ ਬਾਰੇ ,,ਬਰਨਾਲਾ ਟੂਡੇ, ਨੇ ਕੀਤਾ ਸੀ ਖੁਲਾਸਾ
ਡੀਸੀ ਨੇ ਕਿਹਾ, ਸਰਕਾਰ ਤੋਂ ਮੰਜੂਰੀ ਆ ਲੈਣ ਦਿਉ, ਪ੍ਰਸ਼ਾਸ਼ਨ ਤਿਆਰ-ਬਰ-ਤਿਆਰ
ਹਰਿੰਦਰ ਨਿੱਕਾ 26 ਅਪ੍ਰੈਲ 2020
ਭਾਂਵੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਤਖਤ ਸ੍ਰੀ ਹਜੂਰ ਸਾਹਿਬ , ਸ੍ਰੀ ਨਾਦੇੜ ਸਾਹਿਬ ਵਿਖੇ ਲੌਕਡਾਉਨ ਦੌਰਾਨ ਫਸੇ ਸ਼ਰਧਾਲੂਆਂ ਨੂੰ ਲਿਆਉਣ ਦੀ ਕਵਾਇਦ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਸ਼ਰਧਾਲੂਆਂ ਦਾ ਪਹਿਲਾ ਜਥਾ ਬਠਿੰਡਾ ਪਹੁੰਚ ਵੀ ਗਿਆ ਹੈ। ਪਰੰਤੂ ਦੂਸਰੇ ਪਾਸੇ ਬਰਨਾਲਾ ਚ, ਆਪਣੇ ਪਰਿਵਾਰ ਤੋਂ ਕੋਹਾਂ ਦੂਰ 36 ਦਿਨ ਤੋਂ ਲੌਕਡਾਉਨ ਚ, ਫਸੇ 60 ਕਸ਼ਮੀਰੀ ਮਰਦ, ਔਰਤਾਂ ਤੇ ਬੱਚਿਆਂ ਨੂੰ ਉਨ੍ਹਾਂ ਦੀ ਜਨਮ ਭੂਮੀ ਤੇ ਪਹੁੰਚਾਉਣ ਦਾ ਫੈਸਲਾ ਹਾਲੇ ਤੱਕ ਲਟਕਿਆ ਹੋਇਆ ਹੈ। ਜਿਨ੍ਹਾਂ ਦੀ ਆਪਣੇ ਘਰੀਂ ਪਰਤ ਜਾਣ ਦੀ ਤਾਂਘ ਹਰ ਪਲ ਉਬਾਲੇ ਮਾਰ ਰਹੀ ਹੈ। ਫਿਕਰ ਦੇ ਝਨਾਂ ਚ, ਗਮ ਦੇ ਗੋਤੇ ਲਾ ਰਹੇ , ਇੱਨ੍ਹਾਂ ਕਸ਼ਮੀਰੀਆਂ ਨੂੰ ਰਮਜ਼ਾਨ ਮਹੀਨੇ ਦਾ ਦੂਸਰਾ ਰੋਜ਼ਾ ਵੀ ਆਪਣਿਆਂ ਤੋਂ ਦੂਰ ਬਹਿ ਕੇ ਹੀ ਰੱਖਣਾ ਪਿਆ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ, ਤਿਉਂ-ਤਿਉਂ ਵਖਤ ਦੀ ਮਾਰ ਝੱਲ ਰਹੇ, ਇੱਨ੍ਹਾਂ ਕਸ਼ਮੀਰੀਆਂ ਦੀ ਚਿੰਤਾ ਵੀ ਹਰ ਪਲ ਵੱਧਦੀ ਜਾ ਰਹੀ ਹੈ । ਇੱਕ ਪਾਸੇ ਇਨ੍ਹਾਂ ਦੇ ਦਿਨ ਦਾ ਸ਼ਕੂਨ ਅਤੇ ਰਾਤਾਂ ਦੀ ਚੈਨ ਖੋ ਚੁੱਕੀ ਹੈ ਅਤੇ ਦੂਸਰੇ ਪਾਸੇ ਕਸ਼ਮੀਰ ਭੇਜ਼ਣ ਲਈ ਪ੍ਰਸ਼ਾਸ਼ਨ ਦੁਆਰਾ ਸਰਕਾਰ ਤੋਂ ਮੰਗੀ ਮੰਜੂਰੀ ਦਾ ਪੱਤਰ ਨਾਖਸ ਸਿਸਟਮ ਦੀ ਵਜ੍ਹਾਂ ਨਾਲ ਮੱਠੀ ਤੋਰ ਹੀ ਚੱਲ ਰਿਹਾ ਹੈ।
– ਭੁੱਖ ਤੋਂ ਵੱਧ ਸਾਨੂੰ ਆਪਣਿਆਂ ਤੋਂ ਦੂਰ ਰਹਿਣ ਦਾ ਦੁੱਖ
ਜੰਮੂ-ਕਸ਼ਮੀਰ ਪੁਲਿਸ ਦੇ ਕਾਂਸਟੇਬਲ ਮੰਜੂਰ ਅਹਿਮਦ ਸ਼ੇਖ ਤੇ ਉਸ ਦੇ ਨਾਲ ਰਹਿ ਰਹੇ ਵਿਅਕਤੀਆਂ ਨੇ ਕਿਹਾ ਕਿ ,,ਬਰਨਾਲਾ ਟੂਡੇ,, ਨੇ ਉਨ੍ਹਾਂ ਦੇ ਦਰਦ ਨੂੰ ਆਵਾਜ਼ ਦੇ ਕੇ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਇਆ ਹੈ। ਜਿਸ ਤੋਂ ਬਾਅਦ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਚ, ਉਨ੍ਹਾਂ ਦੀ ਟੀਮ ਜਰੂਰਤਮੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇ ਕੇ ਗਈ ਹੈ। ਸਿਵਲ ਪ੍ਰਸ਼ਾਸ਼ਨ ਨੇ ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰਕੇ ਸਰਕਾਰ ਨੂੰ ਵੀ ਭੇਜ਼ ਦਿੱਤੀਆਂ ਹਨ।ਗੁਲਜ਼ਾਰ ਅਹਿਮਦ ਸ਼ੇਖ, ਇਮਤਿਆਜ਼ ਅਹਿਮਦ ਸ਼ੇਖ, ਜਾਵੇਦ ਅਹਿਮਦ ਸ਼ੇਖ, ਨਸੀਰ ਪੀਰ, ਮੰਜੂਰ ਅਹਿਮਦ ਮਲਿਕ ਤੇ ਅਬਦੁੱਲ ਕਾਸਿਮ ਡਾਰ ਨੇ ਕਿਹਾ ਕਿ ਕਈ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਉਨ੍ਹਾਂ ਦਾ ਦਰਦ ਵੰਡਾਉਣ ਲਈ ਪਹੁੰਚੇ । ਜਿਨ੍ਹਾਂ ਦਾ ਉਹ ਤਹਿ ਦਿਲ ਤੋਂ ਸ਼ੁਕਰੀਆ ਵੀ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਭੁੱਖ ਤੋਂ ਵੀ ਵੱਧ , ਉਨ੍ਹਾਂ ਨੂੰ ਆਪਣਿਆਂ ਤੋਂ ਦੂਰ ਰਹਿਣ ਦਾ ਦੁੱਖ ਸਤਾ ਰਿਹਾ ਹੈ। ਇਸ ਹਾਲਤ ਚ, ਸਾਡਾ ਸਾਰਿਆਂ ਦਾ ਅੱਲ੍ਹਾ ਦੀ ਇਬਾਦਤ ਤੇ ਹੀ ਜ਼ੋਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਦੁਆਰਾ ਸਾਡੇ ਬਾਰੇ ਸਰਕਾਰ ਨੂੰ ਭੇਜੀ ਸੂਚਨਾ ਨੂੰ ਵੀ 5 ਦਿਨ ਹੋ ਗਏ ਹਨ। ਹਾਲੇ ਕੋਈ ਜੁਆਬ ਜਾਂ ਭੇਜ਼ਣ ਦੀ ਪ੍ਰਵਾਨਗੀ ਦਾ ਪੱਤਰ ਸਰਕਾਰ ਵੱਲੋਂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਪੰਜਾਬ ਪਹੁੰਚ ਵੀ ਗਿਆ ਹੈ। ਇਸ ਨਾਲ ਸਾਨੂੰ ਵੀ ਜਲਦ ਕਸ਼ਮੀਰ ਪਹੁੰਚ ਜਾਣ ਦੀ ਉਮੀਦ ਬੱਝੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਕਿ ਅੱਲ੍ਹਾ ਦਾ ਵਾਸਤਾ ਹੈ, ਸਾਨੂੰ ਇੱਥੋਂ ਛੇਤੀ ਕਸ਼ਮੀਰ ਭੇਜ਼ ਦਿਉ। ਵਰਨਣਯੋਗ ਹੈ ਕਿ ਬਰਨਾਲਾ ਦੇ ਪੱਤੀ ਰੋਡ ਖੇਤਰ ਚ, 34 ਅਤੇ ਕਿਲਾ ਮੁਹੱਲਾ ਖੇਤਰ ਚ, 26 ਕਸ਼ਮੀਰੀ ਮਰਦ,ਔਰਤਾਂ ਤੇ ਬੱਚੇ ਫਸੇ ਹੋਏ ਹਨ।
-ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 60 ਕਸ਼ਮੀਰੀਆਂ ਦੇ ਸਬੰਧ ਚ, ਬਕਾਇਦਾ ਉਨ੍ਹਾਂ ਨੂੰ ਇੱਥੋਂ ਭੇਜਣ ਲਈ ਸੂਚੀ ਤੇ ਪ੍ਰਵਾਨਗੀ ਲਈ ਪੱਤਰ ਸਰਕਾਰ ਕੋਲ ਭੇਜਿਆ ਹੋਇਆ ਹੈ। ਹਾਲੇ ਮੰਜੂਰੀ ਨਹੀਂ ਮਿਲੀ। ਜਦੋਂ ਹੀ ਮੰਜੂਰੀ ਦਾ ਪੱਤਰ ਆ ਗਿਆ, ਉਦੋਂ ਹੀ ਇਨ੍ਹਾਂ ਨੂੰ ਸੁਰੱਖਿਅਤ ਕਸ਼ਮੀਰ ਭੇਜ਼ਣ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਫਸੇ ਕਸ਼ਮੀਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਤੇ ਸਰਕਾਰ ਪੂਰੀ ਤਰਾਂ ਉਨ੍ਹਾਂ ਦੇ ਨਾਲ ਹੈ, ਕੋਈ ਫਿਕਰ ਤੇ ਫਾਕਾ ਕੱਟਣ ਦੀ ਲੋੜ ਨਹੀਂ ਹੈ। ਨਾ ਇੱਥੇ ਤੇ ਨਾ ਹੀ ਰਾਹ ਵਿੱਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।