ਜਨਰਲ ਅਬਜ਼ਰਵਰਾਂ ਵੱਲੋਂ ਵੱਖ-ਵੱਖ ਹਲਕਿਆਂ ਵਿਚ ਪੋਲਿੰਗ ਸਟਾਫ਼ ਦੀ ਦੂਜੀ ਚੋਣ ਰਿਹਰਸਲ ਦਾ ਜਾਇਜ਼ਾ
ਪਰਦੀਪ ਕਸਬਾ ,ਸੰਗਰੂਰ, 8 ਫ਼ਰਵਰੀ:2022
ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਰਿਟਰਨਿੰਗ ਅਧਿਕਾਰੀਆਂ ਵੱਲੋਂ ਜਨਰਲ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਅੱਜ ਪੋਲਿੰਗ ਸਟਾਫ਼ ਦੀ ਦੂਜੀ ਚੋਣ ਰਿਹਰਸਲ ਕੀਤੀ ਗਈ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰਾਂ ਸ਼੍ਰੀ ਸੁਬੋਧ ਯਾਦਵ ਤੇ ਸ਼੍ਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੇ ਆਪੋ-ਆਪਣੇ ਦਾਇਰੇ ਅੰਦਰ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਦੂਜੀ ਚੋਣ ਰਿਹਰਸਲ ਦਾ ਜਾਇਜ਼ਾ ਲਿਆ।
ਜਨਰਲ ਅਬਜ਼ਰਵਰ ਸ਼੍ਰੀ ਸੁਬੋਧ ਯਾਦਵ ਨੇ ਦਿੜ੍ਹਬਾ, ਧੂਰੀ ਅਤੇ ਸੰਗਰੂਰ ਦੇ ਸਬੰਧਤ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ ਕੀਤੀ। ਉਨ੍ਹਾਂ ਚੋਣ ਸਟਾਫ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਆਖਿਆ।
ਲਹਿਰਾਗਾਗਾ ਅਤੇ ਸੁਨਾਮ ਵਿਖੇ ਆਪਣੇ ਦੌਰੇ ਦੌਰਾਨ ਜਨਰਲ ਅਬਜ਼ਰਵਰ ਸ਼੍ਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਸਮੁੱਚਾ ਅਮਲ ਸ਼ਾਂਤੀਪੂਰਵਕ, ਸੁਰੱਖਿਅਤ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਸਮਾਂਬੱਧ ਅਤੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਜਾਣ।
ਇਸ ਬਾਰੇ ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਪਹਿਲੀ ਚੋਣ ਰਿਹਰਸਲ ਵਿਚ ਚੋਣਾਂ ਨਾਲ ਸਬੰਧਤ ਫ਼ਾਰਮਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਅੱਜ ਦੂਜੀ ਰਿਹਰਸਲ ਵਿਚ ਪ੍ਰੀਜਾਈਡਿੰਗ ਅਫਸਰਾਂ, ਏਪੀਆਰਓਜ਼, ਪੋਲਿੰਗ ਅਫ਼ਸਰਾਂ ਨੂੰ ਸਕਰੀਨ ਰਾਹੀਂ ਪੋਲਿੰਗ ਤੋਂ ਪਹਿਲਾਂ, ਪੋਲਿੰਗ ਵਾਲੇ ਦਿਨ ਅਤੇ ਪੋਲਿੰਗ ਤੋਂ ਬਾਅਦ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੋਲਿੰਗ ਅਫ਼ਸਰ, ਸਹਾਇਕ ਪ੍ਰੋਜਾਈਡਾਇੰਗ ਅਫ਼ਸਰ ਦੀਆਂ ਕੀ-ਕੀ ਜਿੰਮੇਵਾਰੀਆਂ ਹੁੰਦੀਆਂ ਹਨ, ਬਾਰੇ ਵੀ ਦੱਸਿਆ ਗਿਆ।