ਰਾਜ ਨੰਬਰਦਾਰ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ
- ਵੱਖ-ਵੱਖ ਪਾਰਟੀਆਂ ਦੇ 100 ਤੋਂ ਵੱਧ ਪਰਿਵਾਰ ਭਾਜਪਾ ਵਿੱਚ ਹੋਏ ਸ਼ਾਮਲ
- ਪੰਜਾਬ ਦੇ ਲੋਕ ਡਬਲ ਇੰਜਨ ਸਰਕਾਰ ਬਣਾਉਣ ਨੂੰ ਉਤਾਵਲੇ: ਰਾਜ ਨੰਬਰਦਾਰ
ਅਸ਼ੋਕ ਵਰਮਾ, ਬਠਿੰਡਾ, 8 ਫਰਵਰੀ 2022
ਭਾਜਪਾ-ਪੰਜਾਬ ਲੋਕ ਕਾਂਗਰਸ-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੀ ਚੋਣ ਮੁਹਿੰਮ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਦਿਨ ਬ ਦਿਨ ਤੇਜ਼ ਕੀਤੀ ਹੋਈ ਹੈ ਅਤੇ ਸ਼ਹਿਰ ਵਿੱਚ ਰਾਜ ਨੰਬਰਦਾਰ ਦੇ ਹੱਕ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ। ਰਾਜ ਨੰਬਰਦਾਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ 100 ਤੋਂ ਵੱਧ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ, ਜਿਨ੍ਹਾਂ ਨੂੰ ਰਾਜ ਨੰਬਰਦਾਰ ਨੇ ਭਾਜਪਾ ਦੇ ਸਿਰੋਪੇ ਪਾ ਕੇ ਸਮੂਹ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ ਅਤੇ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਨੰਬਰਦਾਰ ਨੇ ਕਿਹਾ ਕਿ ਲੋਕ ਅਕਾਲੀ, ਕਾਂਗਰਸ ਸਰਕਾਰਾਂ ਦੀਆਂ ਨੀਤੀਆਂ ਤੋਂ ਜਾਣੂ ਹੋ ਗਏ ਹਨ ਅਤੇ ਇਸ ਵਾਰ ਬਦਲਾਅ ਦੇ ਮੂਡ ਵਿੱਚ ਹਨ ਅਤੇ ਬਠਿੰਡਾ ਸ਼ਹਿਰ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੀ ਦਿਨ ਬ ਦਿਨ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਅਤੇ ਲੋਕ 20 ਫਰਵਰੀ ਨੂੰ ਕਮਲ ਦੇ ਫੁੱਲ ਤੇ ਵੋਟਾਂ ਪਾ ਕੇ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਹਿੱਸਾ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਹੀ ਬਠਿੰਡਾ ਸ਼ਹਿਰ ਅੰਦਰ ਗੁੰਡਾ ਰਾਜ ਖ਼ਤਮ ਕੀਤਾ ਜਾਵੇਗਾ ਅਤੇ ਹਰ ਵਰਗ ਦੇ ਲੋਕਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਅਤੇ ਇੱਕ ਖ਼ੁਸ਼ਹਾਲ ਸ਼ਹਿਰ ਬਣਾਇਆ ਜਾਵੇਗਾ। ਰਾਜ ਨੰਬਰਦਾਰ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਵੋਟਰਾਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੁਫ਼ਣਿਆਂ ਨੂੰ ਸਾਕਾਰ ਕਰਦੇ ਹੋਏ ਨਵਾਂ ਪੰਜਾਬ ਬਣਾਇਆ ਜਾਵੇਗਾ ਅਤੇ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਵੋਟਰ ਵੀ ਇਸ ਵਾਰ ਇਤਿਹਾਸ ਬਣਾਉਣਗੇ, ਜਿਨ੍ਹਾਂ ਵੱਲੋਂ ਝੂਠੇ ਵਾਅਦੇ ਕਰਣ ਵਾਲਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਡਰ, ਭ੍ਰਿਸ਼ਟਾਚਾਰ, ਲੁੱਟ-ਖਸੁੱਟ, ਧੱਕੇਸ਼ਾਹੀਆਂ, ਕੱਬਜਾ, ਜੁਏ-ਸੱਟੇ ਦੇ ਕੰਮ ਕਰਣ ਵਾਲਿਆਂ ਨੂੰ ਬਠਿੰਡਾ ਨਿਵਾਸੀ 20 ਫ਼ਰਵਰੀ ਵਾਲੇ ਦਿਨ ਕਮਲ ਦੇ ਨਿਸ਼ਾਨ ਦਾ ਬਟਨ ਦਬਾਕੇ ਅਜਿਹੀ ਹਾਰ ਦਿਲਾਉਂਣਗੇ, ਕਿ ਉਹ ਦੁਬਾਰਾ ਬਠਿੰਡਾ ਨੂੰ ਲੁੱਟਣ ਦਾ ਸੁੱਪਣਾ ਆਪਣੇ ਦਿਲੋਂ ਕੱਢ ਦੇਣਗੇ। ਇਸ ਮੌਕੇ ਸਮਾਜ ਸੇਵੀ ਵੀਨੂੰ ਗੋਇਲ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਡਬਲ ਇੰਜਣ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ, ਤਾਂ ਕਿ ਪੰਜਾਬ ਦੀ ਤਰੱਕੀ ਹੋਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਡਬਲ ਇੰਜਣ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ।