ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੀਆਂ ਕੋਵਿਡ 19 ਸੰਬੰਧੀ ਸੋਧੇ ਦਿਸ਼ਾ ਨਿਰਦੇਸ਼ਾਂ ਨੂੰ ਕੁੱਝ ਹੋਰ ਸੁਰੱਖਿਆ ਹਦਾਇਤਾਂ ਸਮੇਤ 20 ਅਪ੍ਰੈਲ ਤੋਂ ਲਾਗੂ ਕਰਨ ਲਈ ਆਦੇ਼ਸ਼ ਜਾਰੀ

Advertisement
Spread information

ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਸਖ਼ਤ ਪਾਬੰਦੀ; ਡਿਪਟੀ ਕਮਿਸ਼ਨਰ ਸੰਸਥਾਵਾਂ ਅਤੇ ਉਦਯੋਗਿਕ ਤੇ ਹੋਰ ਗਤੀਵਿਧੀਆਂ ਦਾ ਸਮਾਂ ਨਿਰਧਾਰਤ ਕਰਨਗੇ

ਉਦਯੋਗਿਕ ਸੰਸਥਾਵਾਂ 10 ਤੋਂ ਵੱਧ ਕੰਮ ਕਰਨ ਵਾਲੇ ਕਾਮਿਆਂ ਲਈ ਫੈਕਟਰੀ ‘ਚ ਇਕਾਂਤਵਾਸ ਜਾਂ ਟਰਾਂਸਪੋਰਟ ਸਹੂਲਤਾਂ ਯਕੀਨੀ ਬਣਾਉਣਗੇ

ਸਕੂਲਾਂ ਅਤੇ ਕਾਲਜਾਂ ਦੀਆਂ ਕਿਤਾਬਾਂ ਦੀਆਂ ਦੁਕਾਨਾਂ, ਏ.ਸੀ., ਕੂਲਰਾਂ ਅਤੇ ਪੱਖਿਆਂ ਆਦਿ ਦੀ ਵਿਕਰੀ ਨੂੰ ਵੀ ਦਿੱਤੀ ਮਨਜ਼ੂਰੀ

ਹਰਿੰਦਰ ਨਿੱਕਾ ਚੰਡੀਗੜ੍ਹ, 19 ਅਪ੍ਰੈਲ 2020

ਕੋਵਿਡ -19 ਜੰਗ ਵਿਰੁੱਧ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਥਾਨਕ ਜ਼ਰੂਰਤਾਂ ਅਤੇ ਸਮਾਜਿਕ ਵਿੱਥ ਦੇ ਨਿਯਮਾਂ ਦੇ ਅਧਾਰ ਤੇ ਉਦਯੋਗਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ-ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

Advertisement

ਇਹ ਫੈਸਲਾ ਲਿਆ ਗਿਆ ਹੈ ਕਿ ਸੂਬਾ 3 ਮਈ, 2020 ਤੱਕ ਕਰਫਿਊ ਦਾ ਪੂਰਾ ਪਾਲਣ ਕਰੇਗਾ ਅਤੇ ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜਾਰੀ ਕਰਨਾ ਕਾਇਮ ਰੱਖਿਆ ਜਾਵੇਗਾ।

ਸੂਬਾ ਸਰਕਾਰ ਨੇ ਓਪਰੇਟਰਾਂ ਨੂੰ ਫੈਕਟਰੀ ਵਿਚ ਠਹਿਰਣ ਦੇ ਪ੍ਰਬੰਧਾਂ ਜਾਂ ਕਰਮਚਾਰੀਆਂ ਦੇ ਆਉਣ-ਜਾਣ ਦੀ ਦੇਖਭਾਲ ਕਰਨ ਲਈ ਆਗਿਆ ਦਿੱਤੀ ਹੈ, ਜਿਹਨਾਂ ਫੈਕਟਰੀਆਂ ਵਿਚ 10 ਜਾਂ ਇਸ ਤੋਂ ਵੱਧ ਵਿਅਕਤੀ ਨੌਕਰੀ ਕਰ ਰਹੇ ਹਨ। ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜ਼ਰੂਰੀ ਹੋਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਭਾਰਤ ਸਰਕਾਰ ਦੀਆਂ ਸੋਧੀਆਂ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ 20 ਅਪ੍ਰੈਲ ਤੋਂ ਲਾਗੂ ਕਰਨ ਲਈ ਜਾਰੀ ਕੀਤੇ ਗਏ ਹਨ।

ਕਿਸੇ ਸਥਾਨ ਵਿਚ ਕੋਵਿਡ -19 ਦੇ 2 ਜਾਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਉਸ ਸਥਾਨ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਜ਼ੋਨ ਦੀ ਘੋਸ਼ਣਾ ਕੇਸਾਂ ਦੀ ਗਿਣਤੀ, ਉਨ੍ਹਾਂ ਦੀ ਭੂਗੋਲਿਕ ਵੰਡ ਅਤੇ ਖੇਤਰ ਨੂੰ ਸੀਲ ਕਰਨ ਦੀ ਸੰਭਾਵਨਾ ਦੇ ਅਧਾਰ ਤੇ ਜ਼ਿਲ੍ਹਾ ਅਧਿਕਾਰੀਆਂ (ਡੀਸੀ, ਐਸਐਸਪੀ ਅਤੇ ਸੀਐਸ) ਦੁਆਰਾ ਕੀਤੀ ਜਾਂਦੀ ਹੈ।

ਕੰਟੇਨਮੈਂਟ ਜ਼ੋਨ ਇੱਕ ਸਥਾਨ ਤੋਂ ਮੁਹੱਲੇ, ਸੈਕਟਰ(ਪਿੰਡ), ਇੱਕ ਜਾਂ ਇੱਕ ਤੋਂ ਵੱਧ ਵਾਰਡ ਜਾਂ ਪੂਰੇ ਸ਼ਹਿਰ ਮੁਤਾਬਕ ਹੋ ਸਕਦਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ 15.04.2020 ਦੇ ਦਿਸ਼ਾ ਨਿਰਦੇਸ਼ਾਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਹਾਟਸਪਾਟ ਜਾਂ ਰੈਡ ਜ਼ੋਨ ਨਾ ਸਮਝਿਆ ਜਾਵੇ।

ਅਗਾਮੀ ਗਰਮੀ ਦੇ ਮੌਸਮ ਅਤੇ ਨਵੇਂ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀਆਂ ਦੁਕਾਨਾਂ ਵੱਲੋਂ ਕਿਤਾਬਾਂ ਦੀ ਵੰਡ ਅਤੇ ਏਅਰ ਕੰਡੀਸ਼ਨਰਾਂ, ਏਅਰ ਕੂਲਰਾਂ, ਪੱਖਿਆਂ ਦੀ ਉਪਲਬਧਤਾ ਤੇ ਮੁਰੰਮਤ ਲਈ ਬਿਜਲੀ ਵਾਲੀਆਂ ਦੁਕਾਨਾਂ ਨੂੰ ਜ਼ਰੂਰੀ ਸਮਾਨ/ਸੇਵਾਵਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਹੁਣ ਇਨ੍ਹਾਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ਦੀ ਆਗਿਆ ਹੋਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਮੁਤਾਬਕ ਢਾਬੇ ਖੁੱਲੇ ਰਹਿਣਗੇ ਪਰ ਉਹ ਸਿਰਫ਼ ਪੈਕ ਕੀਤਾ ਭੋਜਨ ਹੀ ਮੁਹੱਈਆ ਕਰਵਾਉਣਗੇ।

————

Advertisement
Advertisement
Advertisement
Advertisement
Advertisement
error: Content is protected !!