ਖੁਸ਼ੀਆਂ ਦੀ ਵਾਪਸੀ ਲਈ ਸਾਨੂੰ ਸਭ ਨੂੰ ਮਿਲ ਕੇ ਕੋਰੋਨਾ ਨੂੰ ਹਰਾਉਣਾ ਪੈਣਾ ਹੈ ਅਤੇ ਇਸ ਨੂੰ ਹਰਾਉਣ ਲਈ ਲੜਾਈ ਦਾ ਵੱਲ੍ਹ ਸਾਨੂੰ ਡਾਕਟਰਾਂ ਅਤੇ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹੈ,
**ਅਦਾਰੇ ਵੱਲੋਂ ਸਮਾਜਿਕ ਖੁਸ਼ੀਆਂ ਦੀ ਜਲਦ ਵਾਪਸੀ ਦੀ ਦੁਆ,,,
ਦਸੰਬਰ ਜਨਵਰੀ ਮਹੀਨੇ ਚੀਨ ਵੱਲੋਂ ਆ ਰਹੀਆਂ ਕੋਰੋਨਾ ਵਾਇਰਸ ਦੀਆਂ ਖਬਰਾਂ ਨੂੰ ਬਾਕੀ ਮੁਲਕਾਂ ਦੀਆਂ ਸਰਕਾਰਾਂ ਸਮੇਤ ਆਮ ਲੋਕਾਂ ਨੇ ਬਿਲਕੁੱਲ ਵੀ ਗੰਭੀਰਤਾ ਨਾਲ ਨਹੀਂ ਸੀ ਲਿਆ।ਬਹੁਗਿਣਤੀ ਮੁਲਕਾਂ ਅਤੇ ਉੱਥੋਂ ਦੇ ਨਾਗਰਿਕਾਂ ਨੂੰ ਇਹੀ ਜਾਪਦਾ ਸੀ ਕਿ ਚੀਨ ਸ਼ਾਇਦ ਅਬਲਾ ਸਬਲਾ ਖਾਣ ਕਾਰਨ ਇਸ ਵਾਇਰਸ ਦੀ ਮਾਰ ਹੇਠ ਆਇਆ ਹੈ ਅਤੇ ਉਹੋ ਹੀ ਨਤੀਜੇ ਭੁਗਤੇਗਾ।ਬਹੁਗਿਣਤੀ ਮੁਲਕਾਂ ਨੂੰ ਇਹੋ ਲਗਦਾ ਸੀ ਕਿ ਚੀਨੀ ਲੋਕਾਂ ਵੱਲੋਂ ਅੱਧ ਮਰ੍ਹੇ ਇੱਥੋਂ ਤੱਕ ਕਿ ਜਿਉਂਦੇ ਜਾਨਵਰ ਅਤੇ ਪਸ਼ੂ ਖਾਣ ਦੀ ਬਦੌਲਤ ਹੀ ਇਸ ਆਫਤ ਨੇ ਚੀਨ ਨੂੰ ਘੇਰਿਆ ਹੈ।ਜਾਂ ਦੂਜੇ ਪਾਸੇ ਇਹ ਕਹਿ ਲਈਏ ਕਿ ਚੀਨ ਨੇ ਜਾਣਬੁੱਝ ਕੇ ਬਾਕੀ ਮੁਲਕਾਂ ਨੂੰ ਇਸ ਵਾਇਰਸ ਦੀ ਖਤਰਨਾਕਤਾ ਬਾਰੇ ਸਹੀ ਨਹੀਂ ਦੱਸਿਆ।
ਹੋਇਆਂ ਇਹ ਕਿ ਚੀਂ ਖੁਦ ਤਾਂ ਇਸ ਅਲਾਮਤ ਤੋਂ ਆਜ਼ਾਦ ਹੋ ਗਿਆ ਦੱਸਿਆ ਜਾ ਰਿਹਾ ਹੈ ਪਰ ਸਮੁੱਚਾ ਵਿਸ਼ਵ ਇਸ ਸਮੇਂ ਚਿੰਤਾਂ ਦੀ ਭੱਠੀ ਵਿੱਚ ਜਲ ਰਿਹਾ ਹੈ।ਇਨਸਾਨੀ ਜਾਨੀ ਲਈ ਆਦਮ ਬੋ ਆਦਮ ਕਰਦਾ ਫਿਰ ਰਿਹਾ ਕੋਰੋਨਾ ਵਾਇਰਸ ਦਿਨ ਪ੍ਰਤੀ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ।ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਡਾਕਟਰ ਨਾਂ ਤਾਂ ਇਸ ਦੇ ਖਾਤਮੇ ਬਾਰੇ ਕੋਈ ਭਵਿੱਖਬਾਣੀ ਕਰ ਰਹੇ ਹਨ ਅਤੇ ਨਾਂ ਹੀ ਇਸ ਦੇ ਮੁਕਾਬਲੇ ਲਈ ਦਵਾਈ ਤਿਆਰ ਹੋਣ ਬਾਰੇ ਕੋਈ ਸੁਖਦ ਖਬਰ ਸਾਹਮਣੇ ਆ ਰਹੀ ਹੈ। ਜੇਕਰ ਇਸ ਵਾਇਰਸ ਦੇ ਟਾਕਰੇ ਲਈ ਹੁਣ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸਾਰੇ ਮੁਲਕਾਂ ਨੇ ਦਸੰਬਰ ਜਨਵਰੀ ਮਹੀਨਿਆਂ ਦੌਰਾਨ ਕੀਤੀਆਂ ਹੁੰਦੀਆਂ ਤਾਂ ਵਿਸ਼ਵ ਲਾਜ਼ਮੀ ਤੌਰ ‘ਤੇ ਇੰਨ੍ਹੇ ਜਾਨੀ ਨੁਕਸਾਨ ਦਾ ਸਹਮਣਾ ਨਾਂ ਕਰਦਾ।
ਕੋਰੋਨਾ ਵਾਇਰਸ ਨੇ ਇਨਸਾਨੀ ਜਿੰਦਗੀ ਦੇ ਮਾਅਨੇ ਹੀ ਬਦਲ ਕੇ ਰੱਖ ਦਿੱਤੇ ਹਨ।ਹਰ ਪਾਸੇ ਖੌਫ,ਚਿੰਤਾ ਅਤੇ ਫਿਕਰ ਦਾ ਛਾਇਆ ਹੈ।ਚਾਰੇ ਪਾਸੇ ਆਇਆ ਕੁਦਰਤ ਦਾ ਨਿਖਾਰ ਵੀ ਇਨਸਾਨ ਖੁਸ਼ੀਆਂ ਬਖਸ਼ਣ ਦੇ ਸਮਰੱਥ ਨਹੀਂ ਜਾਪਦਾ।ਉਸਾਰੀਆਂ ਸੜਕਾਂ ਅਤੇ ਪੁਲ ਤਾਂ ਜਿਵੇਂ ਖਾਣ ਨੂੰ ਆ ਰਹੇ ਹਨ।ਲੱਗਦਾ ਹੀ ਨਹੀਂ ਕਿ ਕਦੇ ਉਹ ਦਿਨ ਵੀ ਪਰਤ ਆਉਣਗੇ ਜਿਹੜੇ ਦਿਨ ਛੱਡ ਕੇ ਘਰਾਂ ‘ਚ ਵੜੇ ਸੀ।ਹਾਸਿਆਂ ਨੇ ਜਿਵੇਂ ਇਨਸਾਨਾਂ ਤੋਂ ਪਾਸਾ ਹੀ ਵੱਟ ਲਿਆ ਹੈ।ਸਭ ਦੇ ਚਿਹਰੇ ਉਦਾਸੇ ਪਏ ਹਨ।ਸਮਾਜ ਵਿੱਚੋਂ ਜਿਵੇਂ ਖੁਸ਼ੀਆਂ ਦਾ ਤਾਂ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਬਹੁਗਿਣਤੀ ਲੋਕਾਂ ਦੇ ਖੁਸ਼ੀਆਂ ਦੇ ਪ੍ਰੋਗਰਾਮ ਵਿੱਚੇ ਲਟਕ ਗਏ ਹਨ।ਪੰਜਾਬ ‘ਚ ਮਾਰਚ ਮਹੀਨੇ ਨੂੰ ਆਮ ਤੌਰ ‘ਤੇ ਵਿਆਹਾਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਵਿਆਹਾਂ ਦੀਆਂ ਮਿਤੀਆਂ ਅਜਿਹੀਆਂ ਰੱਦ ਹੋਈਆਂ ਹਨ ਕਿ ਹੁਣ ਯਕੀਨ ਨਾਲ ਕਿਹਾ ਨਹੀਂ ਜਾ ਸਕਦਾ ਕਿ ਦੁਬਾਰਾ ਕਦੋਂ ਸਹੀ ਸਮਾਂ ਆਵੇਗਾ?ਜਿਹੜੇ ਪਰਿਵਾਰਾਂ ਨੇ ਵਿਆਹ ਨਿਰਧਾਰਤ ਮਿਤੀਆਂ ‘ਤੇ ਕੀਤੇ ਵੀ ਹਨ ਉਹਨਾਂ ‘ਤੇ ਵੀ ਖੌਫ ਦਾ ਪ੍ਰਛਾਵਾਂ ਬਣਿਆ ਰਿਹਾ।ਸੀਮਿਤ ਮੈਂਬਰਾਂ ਨੇ ਵਿਆਹਾਂ ਦੀਆਂ ਰਸਮਾਂ ਸੰਪੂਰਨ ਕਰ ਲਈਆਂ ਹਨ।ਹਰ ਕੋਈ ਇੱਕ ਦੂਜੇ ਦੇ ਨਜ਼ਦੀਕ ਆਉਣ ਤੋਂ ਤ੍ਰਬਕਦਾ ਰਿਹਾ।ਲੋਕਾਂ ਦੀਆਂ ਖੁਸ਼ੀਆਂ ਦੇ ਖੈਰ ਗਵਾਹ ਮੈਰਿਜ ਪੈਲੇਸ ਸੁੰਨੇ ਪਏ ਹਨ।
ਆਪਣੇ ਸੂਬੇ ‘ਚ ਇਸੇ ਮਹੀਨੇ ਲੋਕ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਆਪੋ ਆਪਣੇ ਘਰਾਂ ‘ਚ ਪਵਾ ਕੇ ਸ੍ਰੀ ਸਹਿਜ਼ ਅਤੇ ਆਖੰਡ ਪਾਠਾਂ ਦੇ ਭੋਗ ਪਵਾਉਂਦੇ ਹਨ।ਗੱਲ ਕੀ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ।ਵਿਸਾਖੀ ਦੀਆਂ ਖੁਸ਼ੀਆਂ ਇੰਨ੍ਹੀਆਂ ਫਿੱਕੀਆਂ ਰਹੀਆਂ ਹੋਣ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ।ਸੰਗਤਾਂ ਖਾਲਸਾ ਸਿਰਜਣਾ ਦਿਵਸ ਮੌਕੇ ਗੁਰੂ ਘਰਾਂ ‘ਚ ਨਤਮਸਤਕ ਨਾਂ ਹੋ ਸਕੀਆਂ ਹੋਣ ਇਹ ਸ਼ਾਇਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਿਰਜਣਾ ਤੋਂ ਲੈ ਕੇ ਅੱਜ ਤੱਕ ਪਹਿਲੀ ਵਾਰ ਹੀ ਹੋਇਆ ਹੋਵੇਗਾ।
ਸਮਾਜ ਦੀਆਂ ਇਹ ਖੁਸ਼ੀਆਂ ਜਿੱਥੇ ਇਨਸਾਨੀ ਮਨਾਂ ਸਮੇਤ ਆਲੇ ਦੁਆਲੇ ਨੂੰ ਖੇੜਾ ਬਖਸ਼ ਕੇ ਇਨਸਾਨ ਨੂੰ ਮਾਨਸਿਕ ਸਕੂਨ ਦਿੰਦੀਆਂ ਹਨ ਉੱਥੇ ਹੀ ਸਮਾਜ ਦੀਆਂ ਇਹ ਖੁਸ਼ੀਆਂ ਹਜ਼ਾਰਾਂ ਪਰਿਵਾਰਾਂ ਦੇ ਗੁਜ਼ਾਰੇ ਦਾ ਸਬੱਬ ਵੀ ਬਣਦੀਆਂ ਹਨ।ਕੋਰੋਨਾ ਤੋਂ ਬਚਾਅ ਹਿੱਤ ਲੱਗੀਆਂ ਪਾਬੰਦੀਆਂ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਅਜਿਹਾ ਮਜਬੂਰ ਕੀਤਾ ਹੈ ਕਿ ਖੁਸ਼ੀਆਂ ਦੇ ਪ੍ਰੋਗਰਾਮਾਂ ਤੋਂ ਪਰਿਵਾਰ ਪਾਲਣ ਵਾਲਿਆਂ ਲਈ ਵੱਡੀ ਬਿਪਤਾ ਖੜੀ ਹੋ ਗਈ ਹੈ।ਲੋਕਾਂ ਦੇ ਖੁਸ਼ੀਆਂ ਦੇ ਪ੍ਰੋਗਰਾਮਾਂ ਨੂੰ ਵਿਉਂਤਣ ਵਾਲੇ ਹੁਣ ਖੁਦ ਦੇ ਪਰਿਵਾਰ ਦਾ ਪੇਟ ਚਲਾਉਣ ਦੀਆਂ ਸਕੀਮਾਂ ਵਿਉਂਤਣ ਤੋਂ ਵੀ ਅਸਮਰਥ ਹੋਏ ਪਏ ਹਨ।
ਕੱਲ੍ਹ ਹੀ ਇੱਕ ਹਲਵਾਈ ਨਾਲ ਗੱਲਬਾਤ ਹੋਈ ਤਾਂ ਕਹਿਣ ਲੱਗਿਆ ਵੀਰ ਜੀ ਇਹਨੀਂ ਦਿਨੀਂ ਤਾਂ ਸਾਡੇ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਹੁੰਦੀ।ਪਰ ਹੁਣ ਅਸੀਂ ਇੰਨ੍ਹੇ ਵਿਹਲੇ ਹੋਏ ਪਏ ਹਾਂ ਕਿ ਪਰਿਵਾਰ ਦੇ ਪਾਲਣ ਪੋਸ਼ਣ ਦੀ ਚਿੰਤਾ ਸਤਾਉਣ ਲੱਗੀ ਹੈ।ਥਾਂ ਪੁਰ ਥਾਂ ਲੱਗਣ ਵਾਲੇ ਮੇਲੇ ਵੀ ਸੈਂਕੜੇ ਪਰਿਵਾਰਾਂ ਦੇ ਗੁਜ਼ਾਰੇ ਦਾ ਜਰੀਆ ਬਣਦੇ ਹਨ।ਮੇਲਿਆਂ ‘ਤੇ ਦੁਕਾਨਾਂ ਲਗਾ ਕੇ ਖਾਣ ਪੀਣ ਤੋਂ ਲੈ ਕੇ ਹਰ ਤਰ੍ਹਾਂ ਦਾ ਸਮਾਨ ਵੇਚਣ ਵਾਲਿਆਂ ‘ਤੇ ਕੋਰੋਨਾ ਪਾਬੰਦੀਆਂ ਕਹਿਰ ਬਣਕੇ ਬਰਸੀਆਂ ਹਨ।
ਇਨਸਾਨੀ ਚਿਹਰੇ ਤਾਂ ਹੱਸਦੇ ਹੀ ਚੰਗੇ ਲੱਗਦੇ ਹਨ।ਇਨਸਾਨਾਂ ਨੂੰ ਮਾਨਸਿਕ ਤਣਾਅ ਤੋੋਂ ਮੁਕਤ ਕਰਨ ਦੀ ਹਾਸੇ ਤੋਂ ਵੱਡੀ ਸ਼ਾਇਦ ਹੋਰ ਕੋਈ ਦਵਾਈ ਨਹੀਂ।ਸਮਾਜ ਦੀਆਂ ਰੌਣਕਾਂ ਤਾਂ ਖੁਸ਼ੀਆਂ ਦੇ ਪ੍ਰੋਗਰਾਮਾਂ ਨਾਲ ਹੀ ਬਣਦੀਆਂ ਹਨ।ਕਾਸ਼!ਸਮਾਜ ਦੀਆਂ ਖੁਸ਼ੀਆਂ ਦੇ ਦਿਨ ਜਲਦੀ ਪਰਤ ਆਉਣ ਅਤੇ ਪਰਤ ਆਵੇ ਇਹਨਾਂ ਖੁਸ਼ੀਆਂ ਨਾਲ ਜੁੜੇ ਲੋਕਾਂ ਦੇ ਚਿਹਰਿਆਂ ‘ਤੇ ਖੇੜਾ।ਪਰ ਮੌਜ਼ੂਦਾ ਹਾਲਾਤਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਸਮਾਜ ਦੀਆਂ ਗਵਾਚੀਆਂ ਖੁਸ਼ੀਆਂ ਦੀ ਵਾਪਸੀ ਲਈ ਸਾਨੂੰ ਸਭ ਨੂੰ ਮਿਲ ਕੇ ਕੋਰੋਨਾ ਨੂੰ ਹਰਾਉਣਾ ਪੈਣਾ ਹੈ ਅਤੇ ਇਸ ਨੂੰ ਹਰਾਉਣ ਲਈ ਲੜਾਈ ਦਾ ਵੱਲ੍ਹ ਸਾਨੂੰ ਡਾਕਟਰਾਂ ਅਤੇ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ।ਮੁੜ ਤੋਂ ਹੱਸਦਾ ਵੱਸਦਾ ਸਮਾਜ ਵੇਖਣ ਲਈ ਜਰੂਰੀ ਬਣ ਜਾਂਦਾ ਹੈ ਕਿ ਆਪਾਂ ਸਾਰੇ ਬਿਨਾਂ ਕੰੰਮ ਤੋਂ ਘਰੋਂ ਬਾਹਰ ਨਾਂ ਨਿੱਕਲੀਏ ਅਤੇ ਨਾਂ ਹੀ ਕਿਸੇ ਨੂੰ ਨਿੱਕਲਣ ਦੇਈਏ।ਸਾਡੀ ਇਹੋ ਦੁਆ ਹੈ ਕਿ ਵਾਹਿਗੁਰੂ ਜਲਦੀ ਉਹੀ ਲਾਕਡਾਊਨ ਅਤੇ ਕਰਫਿਊ ਤੋਂ ਪਹਿਲਾਂ ਦਾ ਹੱਸਦਾ ਵਸਦਾ ਸਮਾਜ ਸਾਡੀ ਸਭ ਦੀ ਝੋਲੀ ਪਾਵੇ।
ਬਿੰਦਰ ਸਿੰਘ ਖੁੱਡੀ ਕਲਾਂ, ਮੋਬ-98786-05965