ਅਕਾਲੀ ਦਲ ਦੇ ਵੱਡੇ ਆਗੂਆਂ ਨੇ ਫਿਲਹਾਲ ਕਰ ਰੱਖਿਆ ਚੋਣ ਮੁਹਿੰਮ ਤੋਂ ਕਿਨਾਰਾ
ਹਰਿੰਦਰ ਨਿੱਕਾ , ਬਰਨਾਲਾ 10 ਦਸੰਬਰ 2021
ਵਿਧਾਨ ਸਭਾ ਚੋਣਾਂ ਲਈ ਢੋਲ ਤੇ ਡੱਗਾ ਲੱਗ ਚੁੱਕਿਆ ਹੈ। ਪਰੰਤੂ ਬਰਨਾਲਾ ਹਲਕੇ ‘ਚ ਅਕਾਲੀ ਦਲ ਦੀ ਫੁੱਟ ਸਾਹਮਣੇ ਆਉਣੀ ਸ਼ੁਰੂ ਹੋ ਚੁੱਕੀ ਹੈ। ਜਿਸ ਕਾਰਣ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੰਤਾ ਦੀ ਤੱਕੜੀ ਦੀਆਂ ਡਸਾਂ ਦਿਨ ਬ ਦਿਨ ਢਿੱਲੀਆਂ ਹੁੰਦੀਆਂ ਜਾ ਰਹੀਆਂ ਹਨ। ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਦੀਆਂ ਵੀ 3 ਹੀ ਚੋਣਾਂ ਵਿੱਚ ਅਕਾਲੀ ਦਲ , ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹਾਰ ਦਾ ਮੂੰਹ ਦੇਖਦਾ ਆ ਰਿਹਾ ਹੈ। ਅਕਾਲੀ ਦਲ ਦਾ ਕੋਈ ਵੀ ਅਜਿਹਾ ਆਗੂ ਹਾਲੇ ਤੱਕ ਹਲਕੇ ਅੰਦਰ ਇੱਨ੍ਹਾਂ ਪ੍ਰਭਾਵਸ਼ਾਲੀ ਨਹੀਂ ਬਣ ਸਕਿਆ, ਜੋ ਹਲਕੇ ਅੰਦਰਲੀ ਫੁੱਟ ਨੂੰ ਦੂਰ ਕਰਵਾ ਕੇ ਪਾਰਟੀ ਦੇ ਆਗੂਆਂ ਨੂੰ ਇੱਕਜੁੱਟ ਕਰਕੇ,ਦਲ ਨੂੰ ਮਜਬੂਤ ਕਰ ਸਕੇ। ਚੋਣਾਂ ਐਨ ਸਿਰ ਤੇ ਹੋਣ ਦੇ ਬਾਵਜੂਦ ਅਕਾਲੀ ਉਮੀਦਵਾਰ ਦੀ ਕੁਲਵੰਤ ਸਿੰਘ ਕੰਤਾ ਦੀ ਚੋਣ ਮੁਹਿੰਮ ਹਾਲੇ ਤੱਕ ਪਟੜੀ ਤੇ ਚੜ੍ਹਦੀ ਕਿੱਧਰੇ ਵੀ ਦਿਖਾਈ ਨਹੀਂ ਦੇ ਰਹੀ।
ਜਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਨੇ ਚੋਣ ਮੁਹਿੰਮ ਤੋਂ ਬਣਾਈ ਦੂਰੀ !
ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਦੀ ਅੰਤਰਿਗ ਕਮੇਟੀ ਦੇ ਸਾਬਕਾ ਮੈਂਬਰ ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਹਾਲੇ ਤੱਕ ਕੁਲਵੰਤ ਸਿੰਘ ਕੰਤਾ ਦੀ ਚੋਣ ਮੁਹਿੰਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਸੰਤ ਬਾਬਾ ਟੇਕ ਸਿੰਘ ਧਨੌਲਾ , ਵਿਧਾਨ ਸਭਾ ਹਲਕਾ ਭਦੌੜ ਵਿੱਚ ਤਾਂ ਪਾਰਟੀ ਉਮੀਦਵਾਰ ਲਈ ਸਰਗਰਮੀ ਵਧਾ ਰਹੇ ਹਨ। ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਖਾਲਸਾ , ਜਿਲਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੋਰੀ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਵੀ ਕੰਤੇ ਦੀ ਮੁਹਿੰਮ ਵਿੱਚ ਹਾਲੇ ਤੱਕ ਮਟਕਣੀ ਚਾਲ ਹੀ ਚੱਲ ਰਹੇ ਹਨ। ਇਸੇ ਤਰਾਂ ਹੀ ਇਸਤਰੀ ਅਕਾਲੀ ਦਲ ਦੀ ਆਗੂ ਜਸਵਿੰਦਰ ਕੌਰ ਠੁੱਲੇਵਾਲ ਅਤੇ ਪਰਮਜੀਤ ਕੌਰ ਭੋਤਨਾ ਆਦਿ ਮੁਹਿੰਮ ਤੋਂ ਲੱਗਭੱਗ ਕਿਨਾਰਾ ਹੀ ਕਰੀ ਬੈਠੀਆਂ ਹਨ।
ਤਪਾ ਰੈਲੀ ਦੌਰਾਨ ਵੀ ਕੰਤਾ ਨੂੰ ਨਹੀਂ ਮਿਲਿਆ ਸੁਖਬੀਰ ਬਾਦਲ
ਪਿਛਲੇ ਦਿਨੀਂ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਭਦੌੜ ਹਲਕੇ ਤੋਂ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਹੱਕ ਵਿੱਚ ਤਪਾ ਵਿਖੇ ਰਾਜਸੀ ਰੈਲੀ ਵਿੱਚ ਪਹੁੰਚੇ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੀ ਤਪਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਉਡੀਕਦੇ ਕੁਲਵੰਤ ਸਿੰਘ ਕੰਤਾ ਨੂੰ ਮਿਲੇ ਬਿਨਾਂ ਹੀ, ਰੈਲੀ ਵਿੱਚੋਂ ਖਿਸਕ ਗਏ। ਇੱਥੇ ਹੀ ਬੱਸ ਨਹੀਂ। ਕੰਤਾ , ਤਪਾ ਵਿਖੇ ਹੋਣ ਦੇ ਬਾਵਜੂਦ ਵੀ ਖੁਦ ਐਡਵੋਕੇਟ ਰਾਹੀ ਦੇ ਹੱਕ ਵਿੱਚ ਕੀਤੀ ਗਈ ਦਲ ਦੀ ਰੈਲੀ ਵਿੱਚ ਨਹੀਂ ਪਹੁੰਚੇ। ਰਾਜਸੀ ਪੰਡਿਤਾਂ ਅਨੁਸਾਰ ਅਜਿਹਾ ਹੋਣ ਨਾਲ ਕੰਤੇ ਦੀ ਰਾਜਸ਼ੀ ਸ਼ਾਖ ਨੂੰ ਕਾਫੀ ਧੱਕਾ ਲੱਗਿਆ ਹੈ। ਅਕਾਲੀ ਦਲ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਕੰਤਾ ਦੇ ਰੈਲੀ ਵਿੱਚ ਨਾ ਪਹੁੰਚਣ ਦਾ ਦਲ ਦੇ ਉਮੀਦਵਾਰ ਐਡਵੇਕੇਟ ਸਤਨਾਮ ਸਿੰਘ ਰਾਹੀ ਨੇ ਵੀ ਬੁਰਾ ਮਨਾਇਆ ਹੈ।
ਉਮੀਦਵਾਰ ਬਦਲਣ ਦੀ ਚਰਚਾ ਨੇ ਫੜ੍ਹਿਆ ਜ਼ੋਰ
ਬਰਨਾਲਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦਾ ਉਮੀਦਵਾਰ ਬਦਲਣ ਦੀ ਚਰਚਾ ਵੀ ਦਿਨ ਪ੍ਰਤੀ ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸ ਦਾ ਪਹਿਲਾ ਕਾਰਣ ਕੰਤੇ ਦੀ ਢਿੱਲੀ ਚੱਲ ਰਹੀ ਚੋਣ ਮੁਹਿੰਮ ਅਤੇ ਪਾਰਟੀ ਆਗੂਆਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ ਨਾ ਹੋ ਪਾਉਣਾ। ਦੂਜਾ ਵੱਡਾ ਕਾਰਣ ਪਾਰਟੀ ਦੀ ਤਪਾ ਰੈਲੀ ਦੇ ਘਟਨਾਕ੍ਰਮ ਤੋਂ ਬਾਅਦ ਸੀਨੀਅਰ ਅਕਾਲੀ ਆਗੂਆਂ ਦਾ ਕੰਤੇ ਪ੍ਰਤੀ ਬਦਲਿਆ ਰਵੱਈਆ ਵੀ ਅਹਿਮ ਗੱਲ ਹੈ।