ਮਨੁੱਖੀ ਅਧਿਕਾਰ ਦਿਵਸ ਮੌਕੇ ਮਾਨਸਾ ਚ’ ਪੰਜਾਬ ਸਰਕਾਰ ਦਾ ਵਹਿਸੀਆਨਾਂ ਕਾਰਾ
- ਮੁੱਖ ਮੰਤਰੀ ਦੀ ਆਮਦ ਮੌਕੇ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ਼ ਦੀ ਡੀ.ਟੀ.ਐੱਫ਼ ਵੱਲੋਂ ਸਖਤ ਨਿਖੇਧੀ
- ਬੇਰੁਜ਼ਗਾਰਾਂ ਤੇ ਲਾਠੀਆਂ ਵਰ੍ਹਾਉਣ ਵਾਲੇ ਡੀ.ਐੱਸ.ਪੀ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ-ਸੁਖਪੁਰ
ਪਲਵਿੰਦਰ ਠੀਕਰੀਵਾਲ,11ਦਸੰਬਰ 2021 (ਬਰਨਾਲਾ):
ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਵੀਂਆਂ ਭਰਤੀਆਂ ਦੇ ਇਸ਼ਤਿਹਾਰ ਜਾਰੀ ਕਰਵਾਉਣ ਅਤੇ ਈ.ਟੀ.ਟੀ. ਦੀਆਂ 2364 ਤੇ 6635 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਵਾ ਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਈ.ਟੀ.ਟੀ. ਟੈੱਟ ਪਾਸ ਅਤੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਦਾ ਲੰਮੇ ਸਮੇਂ ਤੋਂ ਇਸਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਅੱਜ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਮਦ ਮੌਕੇ ਪੁਲੀਸ ਵੱਲੋਂ ਵਹਿਸ਼ੀਆਨਾ ਢੰਗ ਨਾਲ ਕੀਤੇ ਲਾਠੀਚਾਰਜ ਕਰਨ ਦੀ ਘਟਨਾ ਨੂੰ ਪੰਜਾਬ ਵਿੱਚ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਖ਼ਤ ਨਿਖੇਧੀ ਕੀਤੀ ਹੈ।
ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ, ਜਨਰਲ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਬੇਰੁਜ਼ਗਾਰ ਬੀ.ਐੱਡ.ਟੈੱਟ ਪਾਸ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ,ਹਿੰਦੀ ਅਤੇ ਸਮਾਜਿਕ ਸਿੱਖਿਆ ਦੀਆਂ ਲੱਗਭੱਗ ਨੌ ਹਜ਼ਾਰ ਪੋਸਟਾਂ ਦੇ ਇਸ਼ਤਿਹਾਰ ਦੀ ਮੰਗ ਕਰ ਰਹੇ ਹਨ।ਇਸੇ ਤਰ੍ਹਾਂ ਈ.ਟੀ.ਟੀ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਈ.ਟੀ.ਟੀ.ਦੀਆਂ 2364 ਤੇ 6635 ਪੋਸਟਾਂ ਦੀ ਰੁਕੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ,ਪਰ ਪੰਜਾਬ ਸਰਕਾਰ ਦਾ ਸਰਕਾਰੀ ਸਕੂਲਾਂ ਵਿੱਚ ਭਰਤੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਭਰਤੀਆਂ ਸਮੇਂ ਸਿਰ ਨੇਪਰੇ ਚਾੜ੍ਹਣ ਨੂੰ ਲੈ ਕੇ ਨਾਂਹ ਪੱਖੀ ਰਵੱਈਆ ਰਿਹਾ ਹੈ। ਉਲਟਾ ਬੇਰੁਜ਼ਗਾਰ ਅਧਿਆਪਕਾਂ ਉੱਪਰ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਦੋ ਕਦਮ ਅੱਗੇ ਹਨ। ਦਰਅਸਲ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਾਨੂੰਨੀ ਉਲਝਣਾਂ ਬਹਾਨੇ ਅਧਿਆਪਕਾਂ ਦੀ ਭਰਤੀ ਪੂਰਾ ਨਾ ਕਰਨਾ,ਵਿਸ਼ੇਸ਼ ਕਰਕੇ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੀ ਇੱਕ ਵੀ ਭਰਤੀ ਨੂੰ ਪੂਰਾ ਨਾ ਕਰਨ ਪਿੱਛੇ ਮੋਦੀ ਸਰਕਾਰ ਦੀ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ-2020 ਤਹਿਤ ਪ੍ਰਾਇਮਰੀ ਕਾਡਰ/ਸਕੂਲਾਂ ਨੂੰ ਖਤਮ ਕਰਕੇ ਕੰਪਲੈਕਸ ਸਕੂਲ ਏਜੰਡੇ ਵੱਲ ਤੇਜ਼ੀ ਨਾਲ ਵਧਣ ਦੀ ਨੀਤੀ ਜ਼ਿੰਮੇਵਾਰ ਹੈ,ਜਿਸ ਖਿਲਾਫ਼ ਸਮੂਹ ਸੰਘਰਸ਼ੀ ਲੋਕਾਂ ਨੂੰ ਲੰਮੀ ਅਤੇ ਸਾਂਝੀ ਜੱਦੋ -ਜਹਿਦ ਉਸਾਰਨ ਲਈ ਤਿਆਰ ਹੋਣਾ ਚਾਹੀਦਾ ਹੈ। ਬੇਰੁਜ਼ਗਾਰ ਅਧਿਆਪਕਾਂ ਨਾਲ ਸੰਘਰਸ਼ੀ ਇਕਜੁੱਟਤਾ ਪ੍ਰਗਟ ਕਰਦੇ ਹੋਇਆਂ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਾਰੀਆਂ ਅਧਿਆਪਕ ਭਰਤੀਆਂ ਪੂਰੀਆਂ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਅੰਮ੍ਰਿਤਪਾਲ ਕੋਟਦੁੱਨਾ, ਦਰਸ਼ਨ ਬਦਰਾ, ਨਿਰਮਲ ਚੁਹਾਣਕੇ, ਰਘਬੀਰ ਕਰਮਗੜ੍ਹ,ਪ੍ਰਦੀਪ ਕੁਮਾਰ, ਲਵਲੀਨ ਸਿੰਘ, ਮਨਮੋਹਨ ਸਿੰਘ,ਭੁਪਿੰਦਰ ਸੇਖਾ,ਜਗਸੀਰ ਸਿੰਘ, ਦਰਸ਼ਨ ਸਿੰਘ ਆਦਿ ਹਾਜਰ ਸਨ।