-ਘਬਰਾਉ ਨਾ, ਘਰਾਂ ਵਿੱਚ ਹੀ ਹੋਊ ਮੈਡੀਕਲ ਸਕਰੀਨਿੰਗ , ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ- ਡੀਸੀ ਕੁਮਾਰ ਅਮਿਤ
ਰਾਜੇਸ਼ ਗੌਤਮ ਪਟਿਆਲਾ, 17 ਅਪਰੈਲ 2020
ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੇ ਕਰੋਨਾ ਪੌਜਿਟਿਵ ਪਾਏ ਜਾਣ ਉਪਰੰਤ ਪ੍ਰਸ਼ਾਸਨ ਹੋ ਵੀ ਚੌਕਨਾ ਹੋ ਗਿਆ ਹੈ। ਪੀੜਤ ਮਰੀਜ਼ ਤੋਂ ਇਹ ਗੱਲ ਸਾਹਮਣੇ ਆਉਣ ਕਿ ਉਸ ਕੋਲੋਂ ਕਈ ਮਾਪੇ ਬੱਚਿਆਂ ਲਈ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕਈ ਘਰਾਂ ਵਿੱਚ ਉਸ ਨੇ ਕਿਤਾਬਾਂ ਤੇ ਕਾਪੀਆਂ ਸਪਲਾਈ ਵੀ ਕੀਤੀਆਂ ਹਨ,। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ‘ਚ ਹੰਸ ਰਾਜ ਅਗਰਵਾਲ ਪੁਸਤਕ ਮਹਿਲ ਤੋਂ ਪਿਛਲੇ ਦਿਨਾਂ ਦੌਰਾਨ ਜਿਸ ਨੇ ਵੀ ਆਪਣੇ ਬੱਚਿਆਂ ਦੀਆਂ ਕਿਤਾਬਾਂ ਤੇ ਕਾਪੀਆਂ ਲਈਆਂ ਜਾਂ ਘਰਾਂ ਵਿੱਚ ਮੰਗਵਾਈਆਂ ਹਨ । ਉਹ ਤੁਰੰਤ ਇਸ ਬਾਰੇ ਸੂਚਨਾ ਪਟਿਆਲਾ ਜ਼ਿਲ੍ਹੇ ਦੇ ਕੋਵਿਡ-19 ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 ‘ਤੇ ਦੇਣ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਸ ਦੁਕਾਨ ਦੇ ਮਾਲਕ ਦਾ ਕਰੋਨਾ ਟੈਸਟ ਪਾਜਿਟਿਵ ਆਉਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਜਦੋਂ ਉਸ ਕੋਲੋਂ ਜਾਨਣ ਬਾਰੇ ਪੜਤਾਲ ਕੀਤੀ ਗਈ ਤਾਂ ਇਹ ਗੱਲ ਵੀ ਸਾਹਮਣੇ ਆਈ ਕਿ ਪੁਸਤਕ ਮਹਿਲ ਦੇ ਮਾਲਕ ਵੱਲੋਂ ਪਟਿਆਲਾ ਦੇ ਸੇਂਟ ਪੀਟਰ ਸਕੂਲ ਦੇ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਦੇ ਮਾਪੇ ਉਸ ਦੀ ਦੁਕਾਨ ਤੋਂ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਹਨ ਅਤੇ ਕੁਝ ਨੇ ਆਪਣੇ ਘਰਾਂ ਵਿੱਚ ਵੀ ਮੰਗਵਾਈਆਂ ਹਨ।
* ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਹ ਬਹੁਤ ਚਿੰਤਾ ਵਾਲੀ ਗੱਲ ਹੈ । ਇਸ ਲਈ ਜਿਹਨਾਂ ਨੇ ਵੀ ਇੱਥੋਂ ਕਿਤਾਬਾਂ ਜਾਂ ਕਾਪੀਆਂ ਲਈਆਂ ਜਾਂ ਮੰਗਵਾਈਆਂ ਹਨ । ਉਹ ਤੁਰੰਤ ਕੰਟਰੋਲ ਰੂਮ ਦੇ ਨੰਬਰ ‘ਤੇ ਸੂਚਨਾ ਦੇਣ ਤਾਂ ਕਿ ਉਹ ਪਟਿਆਲਾ ਦੇ ਬੱਚਿਆਂ ਤੇ ਸਮੁੱਚੇ ਪਰਿਵਾਰਾਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੁਕਾਨ ਤੋਂ ਕਿਤਾਬਾਂ ਜਾਂ ਕਾਪੀਆਂ ਲੈ ਕੇ ਆਉਣ ਜਾਂ ਮੰਗਵਾਉਣ ਵਾਲੇ ਪਰਿਵਾਰਾਂ ਦੀ ਘਰਾਂ ਵਿੱਚ ਹੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਜੁਕ ਸਥਿਤੀ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਤੇ ਪੂਰੇ ਪਰਿਵਾਰ ਦੀ ਜਾਨ ਦੀ ਹਿਫ਼ਾਜਤ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਸਬੰਧਤ ਪਰਿਵਾਰ ਨੂੰ ਸਮੇਂ ਸਿਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਸਕੇ।