ਸੰਘਰਸ਼ੀ ਪਿੜ ‘ਚ ਕਿਸਾਨ ਸ਼ਹੀਦਾਂ ਦੀ ਯਾਦ ‘ਚ ਦੀਵੇ ਜਗਾਏ , ਆਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
* ਭਲਕੇ 6 ਤਰੀਕ ਨੂੰ ਲੋਕ-ਕਵੀ ਸੰਤ ਰਾਮ ਉਦਾਸੀ ਦੀ ਬਰਸੀ ਧਰਨਾ ਸਥਲ ‘ਤੇ ਹੀ ਮਨਾਈ ਜਾਵੇਗੀ; ਸਭ ਨੂੰ ਸ਼ਾਮਲ ਹੋਣ ਦੀ ਅਪੀਲ।
ਪਰਦੀਪ ਕਸਬਾ , ਬਰਨਾਲਾ: 05 ਨਵੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 401 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ , ਦਿਵਾਲੀ ਵਾਲੀ ਬੀਤੀ ਸ਼ਾਮ ਸੰਘਰਸ਼ੀ ਪਿੜਾਂ ਵਿੱਚ ਕਿਸਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੀਵੇ ਜਗਾਏ ਗਏ। ਧਰਨਾਕਾਰੀ ਮਰਦ ਔਰਤਾਂ,ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਧਰਨੇ ਵਾਲੀ ਥਾਂ ‘ਤੇ ਪਹੁੰਚੀਆਂ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ। ਜਗਦੇ ਦੀਵੇ ਤੇ ਮੋਮਬੱਤੀਆਂ ਹੱਥਾਂ ‘ਚ ਫੜ ਕੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਭਲਕੇ 6 ਤਰੀਕ ਨੂੰ ਲੋਕ- ਕਵੀ ਸੰਤ ਰਾਮ ਉਦਾਸੀ ਦੀ ਬਰਸੀ ਧਰਨੇ ਵਾਲੀ ਥਾਂ ‘ਤੇ ਹੀ ਮਨਾਈ ਜਾਵੇਗੀ। ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਹੁਣ ਤੱਕ ਸੰਘਰਸ਼ੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਆਗੂਆਂ ਨੇ ਸਭ ਇਨਸਾਨ ਪਸੰਦ ਤੇ ਜਮਹੂਰੀ ਲੋਕਾਂ ਨੂੰ ਕੱਲ੍ਹ ਦੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਪੁਰਜੋਰ ਅਪੀਲ ਕੀਤੀ।
ਬੁਲਾਰਿਆਂ ਨੇ ਅੱਜ ਦਿਵਾਲੀ ਦੇ ਪਟਾਕਿਆਂ ਕਾਰਨ ਸ਼ਹਿਰਾਂ ਦੀ ਜ਼ਹਿਰੀਲੀ ਹੋਈ ਹਵਾ ਦੀ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ‘ਤੇ ਦਿਨ ਰਾਤ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਨਾ ਤਾਂ ਪਟਾਕਿਆਂ ਦਾ ਪਰਦੂਸ਼ਣ ਦਿਖਦਾ ਹੈ ਅਤੇ ਨਾ ਹੀ ਫੈਕਟਰੀਆਂ, ਭੱਠਿਆਂ ਆਦਿ ਦਾ। ਪਰਾਲੀ ਵਾਲੇ ਪਰਦੂਸ਼ਣ ਦੀ ਮਾਤਰਾ 8 ਫੀ ਸਦੀ ਤੋਂ ਵੀ ਘੱਟ ਬਣਦੀ ਹੈ ਪਰ ਰੌਲਾ ਸਭ ਤੋਂ ਵਧ ਪਰਾਲੀ ਦਾ ਪਾਇਆ ਜਾਂਦਾ ਹੈ। ਕਿਸਾਨ ਪਰਾਲੀ ਮਜਬੂਰੀ-ਵੱਸ ਜਲਾਉਂਦੇ ਹਨ, ਸ਼ੌਕ ਨੂੰ ਨਹੀਂ। ਜੇਕਰ ਸਰਕਾਰ ਪਰਾਲੀ ਦਾ ਕੋਈ ਹੱਲ ਕੱਢੇ, ਕਿਸਾਨ ਕਦੇ ਵੀ ਪਰਾਲੀ ਨਹੀਂ ਸਾੜਨਗੇ।
ਅੱਜ ਧਰਨੇ ਨੂੰ ਨਛੱਤਰ ਸਿੰਘ ਸਾਹੌਰ,ਰਣਧੀਰ ਸਿੰਘ ਰਾਜਗੜ, ਜਸਵੰਤ ਕੌਰ ਬਰਨਾਲਾ,ਧਰਮਪਾਲ ਕੌਰ, ਬਲਵੰਤ ਸਿੰਘ ਠੀਕਰੀਵਾਲਾ, ਕਾਕਾ ਸਿੰਘ ਫਰਵਾਹੀ, ਮੇਲਾ ਸਿੰਘ ਕੱਟੂ, ਹਰਚਰਨ ਸਿੰਘ ਚੰਨਾ, ਗੁਰਨਾਮ ਸਿੰਘ ਠੀਕਰੀਵਾਲਾ, ਬਲਵੀਰ ਕੌਰ ਕਰਮਗੜ੍ਹ, ਗੁਰਜੰਟ ਸਿੰਘ ਹਮੀਦੀ, ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਇੱਕ ਵਾਰ ਫਿਰ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਉਭਾਰਿਆ। ਜਿਵੇਂ ਜਿਵੇਂ ਕਣਕ ਦੀ ਬਿਜਾਈ ਦੀ ਤਰੀਕ ਨਜਦੀਕ ਆ ਰਹੀ ਹੈ, ਖਾਦ ਦਾ ਇੰਤਜ਼ਾਮ ਨਾ ਹੋਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ। ਜੇਕਰ ਹਾਲਤ ਨਾ ਸੁਧਰੀ ਤਾਂ ਕਣਕ ਦੀ ਬਿਜਾਈ ਲੇਟ ਹੋ ਸਕਦੀ ਹੈ ਜਿਸ ਕਾਰਨ ਝਾੜ ਬਹੁਤ ਘਟ ਸਕਦਾ ਹੈ।ਆਗੂਆਂ ਨੇ ਕਿਹਾ ਕਿ ਸਰਕਾਰ ਖਾਦ ਦੀ ਸਪਲਾਈ ਠੀਕ ਕਰਨ ਲਈ ਕੋਈ ਕਦਮ ਨਹੀਂ ਉਠਾ ਰਹੀ ਜਦੋਂ ਕਿ ਟਾਹਰਾਂ ਦਿਨ- ਰਾਤ ਕਿਸਾਨ ਹਿਤੈਸ਼ੀ ਹੋਣ ਦੀਆਂ ਮਾਰੀਆਂ ਜਾਂਦੀਆਂ ਹਨ। ਸਰਕਾਰ ਤੁਰੰਤ ਖਾਦ ਦੀ ਕਿੱਲਤ ਦੂਰ ਕਰੇ। ਅੱਜ ਜਗਜੀਵਨ ਸ਼ਰਮਾ ਨੇ ਗੀਤ ਸੁਣਾ ਕੇ ਰੰਗ ਬੰਨਿਆ।