ਜਾਨ ਤਲੀ ਤੇ ਧਰਕੇ , ਕੋਰੋਨਾ ਕਾਲ ਦੌਰਾਨ ਜਿਲ੍ਹੇ ਦੇ ਲੋਕਾਂ ਦੀ ਮੱਦਦ ਲਈ ਮੈਦਾਨ ‘ਚ ਡੱਟੇ ਰਹੇ ਸੰਦੀਪ ਗੋਇਲ
ਟ੍ਰਾਈਡੈਂਟ ਗਰੁੱਪ ਦੇ ਮਾਲਿਕ ਰਜਿੰਦਰ ਗੁਪਤਾ ਦੇ ਥਾਪੜੇ ਨਾਲ ਚੋਣ ਲੜਨ ਦੀ ਵਿੱਢੀ ਤਿਆਰੀ, ਸੰਦੀਪ ਗੋਇਲ ਦੇ ਸਮਰਥੱਕ ਹੋਏ ਸਰਗਰਮ
ਗਰੀਨ ਐਵਨਿਊ ‘ਚ ਪੱਕੀ ਰਿਹਾਇਸ਼ ਬਣਾਉਣ ਦੀ ਵਿਉਂਤ , ਕੇਵਲ ਢਿੱਲੋਂ ਨੇ ਵੀ ਇੱਥੇ ਹੀ ਲਾਇਆ ਸੀ ਚੋਣ ਤੋਂ ਪਹਿਲਾਂ ਡੇਰਾ
ਹਰਿੰਦਰ ਨਿੱਕਾ , ਬਰਨਾਲਾ 5 ਨਵੰਬਰ 2021
ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਸਿਰਫ ਚੋਣ ਸਮੇਂ ਹੀ ਹਲਕੇ ਵਿੱਚ ਹੁੰਦੀ ਸਰਗਰਮੀ ਦੀ ਵਜ੍ਹਾ ਕਾਰਣ ਰਾਜਸੀ ਸਫਾਂ ਵਿੱਚ ਰਾਜਨੀਤਿਕ ਤੌਰ ਤੇ ਲਾਵਾਰਿਸ ਹੀ ਸਮਝੇ ਜਾ ਰਹੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹੁਣ ਕਾਫੀ ਲੀਡਰ ਚੋਣ ਮੈਦਾਨ ਵਿੱਚ ਉਤਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਕੁੱਝ ਮਹੀਨੇ ਪਹਿਲਾਂ ਇੱਥੋਂ ਬਦਲ ਕੇ ਸ੍ਰੀ ਫਤਿਹਗੜ੍ਹ ਸਾਹਿਬ ਜਿਲ੍ਹਾ ਪੁਲਿਸ ਦੀ ਕਮਾਂਡ ਸੰਭਾਲ ਰਹੇ ਬਹੁਚਰਚਿਤ ਐਸ.ਐਸ.ਪੀ. ਸੰਦੀਪ ਗੋਇਲ ਵੀ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਮੈਦਾਨ ਵਿੱਚ ਨਿਤਰਨ ਲਈ ਆਪਣੇ ਪਰ (ਖੰਭ ) ਤੋਲ ਰਹੇ ਹਨ। ਸਰਕਾਰੀ ਨੌਕਰੀ ਵਿੱਚ ਹੋਣ ਕਾਰਣ ਬੇਸ਼ੱਕ ਉਹ ਆਪਣੀ ਸੰਭਾਵਿਤ ਰਾਜਸੀ ਖੇਡ ਦੇ ਪੱਤੇ ਖੁਦ ਤਾਂ ਨਹੀਂ ਖੋਹਲ ਰਹੇ। ਪਰੰਤੂ ਉਨਾਂ ਦੇ ਸਮਰਥੱਕਾਂ ਦੀ ਲਗਾਤਾਰ ਵਧ ਰਹੀ ਸਰਗਰਮੀ, ਭਵਿੱਖ ਵਿੱਚ ਉਨਾਂ ਦੇ ਰਾਜਨੀਤੀ ਵਿੱਚ ਆਉਣ ਦਾ ਇਸ਼ਾਰਾ ਸਾਫ ਸਾਫ ਕਰ ਰਹੀ ਹੈ।
ਸ੍ਰੀ ਸੰਦੀਪ ਗੋਇਲ ਦੇ ਅਤੀ ਨੇੜਲੇ ਸਮਰਥੱਕਾਂ ਦੀ ਮੰਨੀਏ ਤਾਂ ਗੋਇਲ ਨੇ ਬਰਨਾਲਾ ਵਿੱਚ ਆਪਣੀ ਪੱਕੀ ਰਿਹਾਇਸ਼ ਬਣਾਉਣ ਦਾ ਪੱਕਾ ਇਰਾਦਾ ਬਣਾ ਲਿਆ ਹੈ। ਉਨਾਂ ਵੱਲੋਂ ਆਈਟੀਆਈ ਚੌਂਕ ਤੋਂ ਕਚਿਹਰੀ ਚੌਂਕ ਦੇ ਵਿਚਕਾਰ ਬਣੀ ਗਰੀਨ ਐਵਨਿਊ ਕਲੋਨੀ ਵਿੱਚ ਇੱਕ ਕੋਠੀ ਵੀ ਤਿਆਰ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਕੇਵਲ ਸਿੰਘ ਢਿੱਲੋਂ ਨੇ ਵੀ ਪਹਿਲੀ ਚੋਣ ਲੜਨ ਤੋਂ ਪਹਿਲਾਂ ਗਰੀਨ ਐਵਨਿਊ ਵਿੱਚ ਹੀ ਆਪਣੀ ਆਰਜੀ ਰਿਹਾਇਸ਼ ਰੱਖ ਕੇ ਰਾਜਸੀ ਸਰਗਰਮੀਆਂ ਵਿੱਢੀਆਂ ਸਨ, ਜਦੋਂਕਿ ਚੋਣ ਜਿੱਤਣ ਤੋਂ ਬਾਅਦ ਢਿੱਲੋਂ ਨੇ ਗਰੀਨ ਐਵਨਿਊ ਵਿੱਚ ਹੀ ਆਪਣੀ ਮਹਿਲਨੁਮਾ ਕੋਠੀ ਬਣਾ ਰੱਖੀ ਹੈ।ਭਰੋਸੇਯੋਗ ਸੂਤਰ ਇਹ ਵੀ ਦੱਸਦੇ ਹਨ ਕਿ ਸੰਦੀਪ ਗੋਇਲ ਨੂੰ ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜਾਉਣ ਲਈ ਟਰਾਈਡੈਂਟ ਦੇ ਮਾਲਿਕ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਚੋਣ ਮੈਦਾਨ ਤਿਆਰ ਕਰਨ ਅਤੇ ਮਾਹੌਲ ਬਣਾਉਣ ਲਈ, ਟਰਾਈਡੈਂਟ ਗਰੁੱਪ ਵੱਲੋਂ ਇੱਕ ਸਾਬਕਾ ਆਈਏਐਸ ਅਧਿਕਾਰੀ ਨੂੰ ਸ਼ਿੰਗਾਰਿਆ ਗਿਆ ਹੈ। ਜਿਹੜਾ, ਹਰ ਸਮਾਰੋਹ ਵਿੱਚ ਰਜਿੰਦਰ ਗੁਪਤਾ ਦੀ ਹਾਜ਼ਿਰੀ ਲੋਕਾਂ ਵਿੱਚ ਲਵਾਉਣ ਲੱਗ ਪਿਆ ਹੈ। ਐਸ.ਐਸ.ਪੀ ਗੋਇਲ ਦੇ ਕਰੀਬੀ ਕਈ ਲੋਕਾਂ ਨੇ ਇਹ ਪੁਸ਼ਟੀ ਕੀਤੀ ਕਿ ਸੰਦੀਪ ਗੋਇਲ, ਬਰਨਾਲਾ ਹਲਕੇ ਤੋਂ ਚੋਣ ਲੜ ਸਕਦੇ ਹਨ। ਇੱਥੇ ਹੀ ਬੱਸ ਨਹੀਂ ,ਬਰਨਾਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਲੈਣ ਦੀ ਦੌੜ ਵਿੱਚ ਕੈਬਿਨੇਟ ਮੰਤਰੀ ਵਿਜੇੰਦਰ ਸਿੰਗਲਾ , ਹਰਦੀਪ ਕੁਮਾਰ ਗੋਇਲ , ਹਲਕੇ ਵਿੱਚ ਹੁਣ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਵਾਲਿਆਂ ਚੋਂ ਮੋਹਰੀ ਉੱਘੇ ਟਰਾਂਸਪੋਰਟਰ ਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਸ਼ਾਮਿਲ ਹਨ।
ਸੰਦੀਪ ਗੋਇਲ ਨੇ ਉਨਾਂ ਦੇ ਚੋਣ ਲੜਨ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਉਹ ਭਰਾਵਾ, ਹਾਲੇ ਤਾਂ ਮੈਂ ਨੌਕਰੀ ਕਰ ਰਿਹਾ ਹਾਂ, ਸ਼ਹੀਦਾਂ ਦੀ ਧਰਤੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸ੍ਰੀ ਗੋਇਲ ਨੇ ਮਜਾਕੀਆ ਲਹਿਜੇ ਵਿੱਚ ਕਿਹਾ ਕਿ, ਵਕਤ ਬੜਾ ਬਲਵਾਨ ਹੈ, ਗੌਡ ਦਾ ਕੀ ਪਲਾਨ ਹੈ ? ਇਹ ਇਨਸਾਨ, ਖੁਦ ਸਮਝ ਨਹੀਂ ਸਕਦਾ। ਸਮਾਂ ਜਿੱਧਰ ਤੋਰਦਾ ਹੈ, ਆਦਮੀ ਨੂੰ ਉਸੇ ਪਾਸੇ ਤੁਰਨਾ ਪੈਂਦਾ ਹੈ।
ਸੰਦੀਪ ਗੋਇਲ ਨੇ ਆਪਣੇ ਕਾਰਜ਼ਕਾਲ ਦੌਰਾਨ ਲੋਕ ਹਿੱਤ ਲਈ ਖਰਚਿਆ 3 ਕਰੋੜ ਰੁਪਿਆ !
ਵਰਨਣਯੋਗ ਹੈ ਕਿ ਨਸ਼ਾ ਸਮਗਲਿੰਗ ਦੇ ਵੱਡੇ-ਵੱਡੇ ਮਗਰਮੱਛਾਂ ਨੂੰ ਜੇਲ੍ਹਾਂ ਅੰਦਰ ਤੁੰਨ-ਤੁੰਨ ਕੇ ਨਸ਼ਿਆਂ ਨੂੰ ਨਕੇਲ ਪਾਉਣ ਦੀਆਂ ਸਫਲ ਕੋਸ਼ਿਸ਼ਾਂ ਕਾਰਣ ਜਿਲ੍ਹੇ ਵਿੱਚ ਲੋਕ ਲਹਿਰ ਖੜ੍ਹੀ ਕਰਨ ਦਾ ਸਿਹਰਾ ਵੀ ਇਲਾਕੇ ਦੇ ਲੋਕ ਤਤਕਾਲੀ ਐਸਐਸਪੀ ਸੰਦੀਪ ਗੋਇਲ ਦੇ ਸਿਰ ਹੀ ਬੰਨ੍ਹਦੇ ਹਨ। ਨਸ਼ਿਆਂ ਦਾ ਜਿੰਨ੍ਹਾਂ ਵੱਡਾ ਜਖੀਰਾ ਅਤੇ ਡਰੱਗ ਮਨੀ , ਉਨਾਂ ਆਪਣੇ ਕਾਰਜਕਾਲ ਦੌਰਾਨ ਬਰਾਮਦ ਕਰਵਾਇਆ । ਉਨਾਂ ਬਰਨਾਲਾ ਪੁਲਿਸ ਜਿਲ੍ਹੇ ਅੰਦਰ ਉਨਾਂ ਤੋਂ ਪਹਿਲਾਂ ਹੋਈ ਕੁੱਲ ਰਿਕਵਰੀ ਦਾ ਰਿਕਾਰਡ ਤਾਂ ਤੋੜਿਆ ਹੀ, ਬਲਕਿ ਸੰਦੀਪ ਗੋਇਲ ਦੀ ਅਗਵਾਈ ਵਿੱਚ ਬਰਨਾਲਾ ਪੁਲਿਸ ਨੇ ਨਸ਼ਿਆਂ ਦੀ ਰਿਕਵਰੀ ਵਿੱਚ, ਪੰਜਾਬ ਪੁਲਿਸ ਦਾ ਨਵਾਂ ਇਤਿਹਾਸ ਸਿਰਜਿਆ ਹੈ। ਨਸ਼ਾ ਸਮੱਗਲਰਾਂ ਵਿਰੁੱਧ ਉਨਾਂ ਦੀ ਸਖਤ ਅਤੇ ਸਪੱਸ਼ਟ ਨੀਤੀ ਕਾਰਣ, ਉਹ ਇਲਾਕੇ ਵਿੱਚ ਹਾਲੇ ਤੱਕ ਵੀ ਚਰਚਿਤ ਹਨ।
ਇਸ ਤੋਂ ਇਲਾਵਾ ਸੰਦੀਪ ਗੋਇਲ , ਕਰੋਨਾ ਦੇ ਦੌਰ ਵਿੱਚ ਜਰੂਰਤਮੰਦ ਲੋਕਾਂ ਤੱਕ ਫਰੀ ਰਾਸ਼ਨ ਪਹੁੰਚਾਉਣ, ਕਰੋਨਾ ਤੋਂ ਬਚਾਅ ਲਈ ਜਾਗ੍ਰਿਤੀ ਪੈਦਾ ਕਰਨ ਅਤੇ ਕਰੋਨਾ ਕਿੱਟਾਂ ਉਪਲੱਬਧ ਕਰਵਾਉਣ ਆਦਿ ਹੋਰ ਲੋਕ ਸੇਵਾ ਦੇ ਕੰਮਾਂ ਕਾਰਣ, ਗੋਇਲ ਦੀ ਹਰਮਨਪਿਆਰਤਾ ਵਿੱਚ ਭਾਰੀ ਇਜਾਫਾ ਕੀਤਾ। ੳਕਤ ਜਿਕਰਯੋਗ ਸਾਰੇ ਸਮਾਜ ਸੇਵੀ ਕੰਮ ਉਨਾਂ ਸਮਾਜ ਸੇਵੀਆਂ ਨੂੰ ਪ੍ਰੇਰਿਤ ਕਰਕੇ ਅਤੇ ਟਰਾਈਡੈਂਟ ਗਰੁੱਪ ਤੋਂ ਵੱਡੀ ਮਾਲੀ ਮੱਦਦ ਹਾਸਿਲ ਕਰਕੇ ਨੇਪਰੇ ਚੜਾਏ ਸਨ। ਸੰਦੀਪ ਗੋਇਲ ਦੀ ਉੱਭਰੀ ਲੀਡਰਸ਼ਿਪ ਕਵਾਲਿਟੀ ਨੇ ਇਲਾਕੇ ਦੇ ਕਾਂਗਰਸੀ ਹੀ ਨਹੀਂ, ਹੋਰ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਲੋਕ ਪਿੜ ਵਿੱਚ ਪਛਾੜ ਦਿੱਤਾ ਸੀ। ਕਿਉਂਕਿ ਕਰੋਨਾ ਦੌਰ ਵਿੱਚ ਲੱਗਭੱਗ ਸਾਰੇ ਹੀ ਰਾਜਸੀ ਲੀਡਰ , ਆਪੋ ਆਪਣੇ ਘਰਾਂ ਵਿੱਚ ਦੁੱਬਕੇ ਬੈਠੇ ਸਨ। ਸਮਾਜ ਸੇਵੀ ਕੰਮਾਂ ਵਿੱਚ ਸ੍ਰੀ ਗੋਇਲ ਦੀ ਪੈੜ ‘ਚ ਪੈੜ ਧਰਨ ਵਾਲੇ ਮਹੇਸ਼ ਕੁਮਾਰ ਲੋਟਾ ਆਦਿ ਦਾ ਕਹਿਣਾ ਹੈ ਕਿ ਲੋਕ ਸੇਵਾ ਦੀ ਮੁਹਿੰਮ ਦੌਰਾਨ ਗੋਇਲ ਦੀ ਅਗਵਾਈ ਵਿੱਚ ਜਿਲ੍ਹੇ ਅੰਦਰ ਕਰੀਬ 3 ਕਰੋੜ ਰੁਪਿਆ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਖਰਚਿਆ ਗਿਆ ਹੈ।