ਬੇਰੁਜ਼ਗਾਰ ਬੀ ਐਡ ਅਧਿਆਪਕ ਮੀਟਿੰਗ ਮਗਰੋਂ ਸਿੱਖਿਆ ਮੰਤਰੀ ਦੀ ਕੋਠੀ ਪਹੁੰਚੇ

Advertisement
Spread information

ਬੇਰੁਜ਼ਗਾਰ ਬੀ ਐਡ ਅਧਿਆਪਕ ਮੀਟਿੰਗ ਮਗਰੋਂ ਸਿੱਖਿਆ ਮੰਤਰੀ ਦੀ ਕੋਠੀ ਪਹੁੰਚੇ

28 ਅਕਤੂਬਰ ਤੋ ਸਿੱਖਿਆ ਮੰਤਰੀ ਦੀ ਸਥਾਨਕ ਕੋਠੀ ਕੋਲ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।


ਪਰਦੀਪ ਕਸਬਾ , ਜਲੰਧਰ ,23 ਅਕਤੂਬਰ 2021

ਪਿਛਲੇ ਕਰੀਬ ਚਾਰ ਸਾਲ ਤੋ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਹੁਣ ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਵੱਲ ਨੂੰ ਰੁਖ ਕਰਨ ਦਾ ਐਲਾਨ ਕਰ ਦਿੱਤਾ ਹੈ।

Advertisement

ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੂਬਾਈ ਮੀਟਿੰਗ ਕਰਨ ਮਗਰੋਂ ਸਥਾਨਕ ਵਿਧਾਇਕ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਫੈਜ -,2 ਵਿੱਚਲੀ ਕੋਠੀ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਉਹਨਾਂ ਦੇ ਦਫਤਰ ਸਕੱਤਰ ਸੁੱਖੀ ਵੜੈਚ ਨੂੰ ਸੌਂਪਿਆ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਕਾਂਗਰਸ ਦੀ ਪਿਛਲੀ ਟੀਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਖਿਲਾਫ ਭੜਾਸ ਕੱਢੀ। ਉਹਨਾਂ ਅੱਗੇ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਾਂਗਰਸ ਦਾ ਚੋਣ ਵਾਅਦਾ ਸੀ,ਇਸ ਲਈ ਮੌਜੂਦਾ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਬੇਰੁਜ਼ਗਾਰ ਜਿੰਮੇਵਾਰੀ ਤੋ ਨਹੀਂ ਭੱਜਣ ਦੇਣਗੇ।

ਉਹਨਾਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਉੱਤੇ ਓਹਨਾ ਦੀ ਮੋਰਿੰਡਾ ਕੋਠੀ ਸਾਹਮਣੇ ਕਾਂਗਰਸੀ ਵਰਕਰਾਂ ਕੋਲੋ ਬੇਰੁਜ਼ਗਾਰਾਂ ਉੱਤੇ 5 ਅਕਤੂਬਰ ਨੂੰ ਜ਼ਬਰ ਕਰਨ ਦਾ ਦੋਸ਼ ਲਗਾਇਆ।ਬੇਰੁਜ਼ਗਾਰ ਆਗੂਆਂ ਗੁਰਪ੍ਰੀਤ ਸਿੰਘ ਪੱਕਾ,ਬਲਰਾਜ ਸਿੰਘ ਫਰੀਦਕੋਟ,ਸੰਦੀਪ ਸਿੰਘ ਗਿੱਲ,ਅਮਨ ਸੇਖਾ ਅਤੇ ਰਸ਼ਪਾਲ ਸਿੰਘ ਜਲਾਲਾਬਾਦ ਆਦਿ ਨੇ ਕਿਹਾ ਕਿ ਸ੍ਰ ਪ੍ਰਗਟ ਸਿੰਘ ਨੇ ਭਾਵੇਂ 5 ਅਤੇ 12 ਅਕਤੂਬਰ ਨੂੰ ਬੇਰੁਜ਼ਗਾਰਾਂ ਨਾਲ ਮੀਟਿੰਗਾਂ ਕੀਤੀਆਂ ਹਨ।ਪ੍ਰੰਤੂ ਭਰੋਸਾ ਦੇਣ ਉਪਰੰਤ ਵੀ ਭਰਤੀ ਕਰਨ ਬਾਰੇ ਐਲਾਨ ਨਹੀਂ ਕੀਤਾ।

ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਮਾਤ ਭਾਸ਼ਾ ਪੰਜਾਬੀ ਸਮੇਤ ਕੁੱਲ 9000 ਅਤੇ ਮਾਸਟਰ ਕੇਡਰ ਦੀਆਂ ਘੱਟੋ ਘੱਟ 18000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।ਓਹਨਾ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਗੌਰ ਨਾ ਕੀਤੀ ਤਾਂ ਸਾਬਕਾ ਸਿੱਖਿਆ ਮੰਤਰੀ ਵਾਲਾ ਹਸਰ ਹੀ ਨਵੇਂ ਸਿੱਖਿਆ ਮੰਤਰੀ ਦਾ ਹੋਵੇਗਾ।ਵਰਨਣਯੋਗ ਹੈ ਕਿ ਬੇਰੁਜ਼ਗਾਰਾਂ ਨੇ ਕਰੀਬ 9 ਮਹੀਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਰੱਖਿਆ ਸੀ।

ਓਹਨਾ ਐਲਾਨ ਕੀਤਾ ਕਿ 28 ਅਕਤੂਬਰ ਤੋ ਸਿੱਖਿਆ ਮੰਤਰੀ ਦੀ ਸਥਾਨਕ ਕੋਠੀ ਕੋਲ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਹਰਜਿੰਦਰ ਕੌਰ ਗੋਲੀ,ਅਲਕਾ,ਰੂਬੀ,ਰਜਵੰਤ ਕੌਰ,ਦਲਜਿੰਦਰ ਸਿੰਘ, ਪਵਨ ਕੁਮਾਰ,ਬਲਵੀਰ ਚੰਦ,ਸੁਖਜੀਤ ਸਿੰਘ ਹਰੀਕੇ,ਮਨਦੀਪ ਸਿੰਘ ਰੱਤੂ ,ਹਰਪ੍ਰੀਤ ਸਿੰਘ ਫਗਵਾੜਾ
ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!