ਰਘਵੀਰ ਹੈਪੀ , ਬਰਨਾਲਾ 23 ਅਕਤੂਬਰ 2021
ਆਪਣੀ ਨਿਵੇਕਲੀ ਕਾਰਜਸ਼ੈਲੀ ਕਾਰਣ ਪੰਜਾਬ ਵਿੱਚ ਪ੍ਰਸਿੱਧ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਵੱਖਤੇ ਹੀ ਅਚਾਨਕ ਬਰਨਾਲਾ ਬੱਸ ਅੱਡੇ ਦੀਆਂ ਸਹੂਲਤਾਂ ਦਾ ਮੌਕਾ ਮੁਆਇਨਾ ਕਰਨ ਲਈ ਪਹੁੰਚ ਗਿਆ। ਰਾਜੇ ਦੇ ਪਹੁੰਚਣ ਦੀ ਭਿਣਕ ਪੈਂਦਿਆਂ ਹੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਖਲਬਲੀ ਮੱਚ ਗਈ ਅਤੇ ਬੱਸ ਅੱਡੇ ਵਿੱਚ ਮੌਜੂਦ ਸਵਾਰੀਆਂ ਨੂੰ ਚਾਅ ਚੜ੍ਹ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ ਵੀ ਟਰੱਸਟ ਦੇ ਅਮਲੇ ਸਣੇ ,ਬੱਸ ਅੱਡੇ ਵਿਖੇ ਪਹੁੰਚ ਗਿਆ। ਇਸ ਮੌਕੇ ਰਾਜਾ ਵੜਿੰਗ ਨੇ ਬਜੁਰਗ ਔਰਤਾਂ ਤੋਂ ਸਫਰ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ, ਉਨ੍ਹਾਂ ਕੋਲ ਬਹਿ ਕੇ ਨੀਝ ਨਾਲ ਨਾਲ ਸੁਣਿਆ, ਉਨ੍ਹਾਂ ਫਰੀ ਬੱਸ ਸਫਰ ਦੀ ਸਹੂਲਤ ਲਾਗੂ ਹੋਣ ਤੋਂ ਬਾਅਦ ਬੱਸ ਕੰਡਕਟਰਾਂ ਦੇ ਰਵੱਈਏ ਬਾਰੇ ਵੀ ਜਾਣਿਆਂ। ਰਾਜਾ ਵੜਿੰਗ ਨੇ ਬੱਸ ਅੱਡੇ ਦੀਆਂ ਸਹੂਲਤਾਂ ਵਿੱਚ ਖਾਮੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੇਅਰਮੈਨ ਸ਼ਰਮਾ ਨਾਲ ਕੁੱਝ ਤਲਖ ਲਹਿਜੇ ਵਿੱਚ ਸਵਾਲ ਜੁਆਬ ਵੀ ਕੀਤੇ।