ਸੂਬਾ ਪੱਧਰੀ ਰੈਲੀ ਤੇ ਵਿਸ਼ਾਲ ਮੁਜ਼ਾਹਰਾ ਕਰਨ ਦਾ ਕੀਤਾ ਐਲਾਨ
ਰਘਵੀਰ ਹੈਪੀ , ਬਰਨਾਲਾ 18 ਅਕਤੂਬਰ 2021
ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਤੇ ਰੁਜ਼ਗਾਰ ਗਰੰਟੀ ਵਰਗੀਆਂ ਅਹਿਮ ਮੰਗਾਂ ਨੂੰ ਲੈਕੇ ਹਜ਼ਾਰਾਂ ਬੇਜ਼ਮੀਨੇ-ਦਲਿਤ ਕਿਰਤੀਆਂ ਵੱਲੋਂ 29 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਪਰਿਵਾਰਾਂ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਇਹ ਫੈਸਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੋਰਚੇ ਦੀ ਸਾਂਝੀ ਸੂਬਾਈ ਮੀਟਿੰਗ ‘ਚ ਲਿਆ ਗਿਆ।ਇਹ ਜਾਣਕਾਰੀ ਸਾਂਝੇ ਮਜ਼ਦੂਰ ਮੋਰਚੇ ਦੇ ਸੂਬਾਈ ਆਗੂਆਂ ਲਛਮਣ ਸਿੰਘ ਸੇਵੇਵਾਲਾ ਅਤੇ ਬਲਦੇਵ ਸਿੰਘ ਨੂਰਪੁਰੀ ਵੱਲੋਂ ਦਿੱਤੀ ਗਈ।
ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਗੌਰੀਆ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਸਿੰਘ ਲੌਂਗੋਵਾਲ , ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਬਲਜੀਤ ਸਿੰਘ ਨਮੋਲ ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਤੋਂ ਇਲਾਵਾ ਦੇਵੀ ਕੁਮਾਰੀ, ਹਰਮੇਸ਼ ਮਾਲੜੀ,ਸ਼ਿੰਗਾਰਾ ਸਿੰਘ ਤੇ ਪ੍ਰਗਟ ਸਿੰਘ ਕਾਲਾਝਾੜ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਸ ਰੈਲੀ ਤੇ ਮੁਜ਼ਾਹਰੇ ਦੌਰਾਨ ਮਾਈਕਰੋਫਾਈਨਾਸ ਕੰਪਨੀਆਂ ਸਮੇਤ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਸਰਵ ਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਰੁਜ਼ਗਾਰ ਗਰੰਟੀ ਕਰਨ, ਲੋੜਵੰਦ ਗਰੀਬਾਂ ਨੂੰ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਲਈ ਢੁਕਵੀਂ ਗ੍ਰਾਂਟ ਦੇਣ, ਬਿਨਾਂ ਨਾਗਾ 5 ਹਜਾਰ ਰੁਪਏ ਮਹੀਨਾ ਬੁਢਾਪਾ, ਵਿਧਵਾ,ਅੰਗਹੀਨ ਤੇ ਆਸ਼ਰਿਤ ਪੈਨਸ਼ਨ ਦੇਣ, ਮਨਰੇਗਾ ਦਿਹਾੜੀ 600 ਰੁਪਏ ਕਰਨ ,ਅਨੁਸੂਚਿਤ ਜਾਤੀਆਂ ਲਈ ਰਾਖਵੇਂ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਦੀਆਂ ਡੰਮੀ ਬੋਲੀਆਂ ਰੱਦ ਕਰਨ ਅਤੇ ਉਕਤ ਜ਼ਮੀਨਾਂ ਦਲਿਤਾਂ ਨੂੰ ਹੀ ਦਿੱਤੇ ਜਾਣ ਦੀ ਗਰੰਟੀ ਕਰਨ ਅਤੇ ਸਮਾਜਿਕ ਜਬਰ ਦਾ ਸਖਤੀ ਨਾਲ ਖਾਤਮਾ ਕਰਨ ਦੀ ਮੰਗ ਕੀਤੀ ਜਾਵੇਗੀ।
ਮਜ਼ਦੂਰ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਮਜ਼ਦੂਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦਾ ਸਨਮਾਨ ਯੋਗ ਹੱਲ ਕਰਨ ਲਈ ਮੋਰਚਾ ਆਗੂਆਂ ਨਾਲ ਪੈਨਲ ਮੀਟਿੰਗ ਕਰਨ ਤੋਂ ਟਾਲਾ ਵੱਟੀ ਬੈਠੀ ਪੰਜਾਬ ਵਜ਼ਾਰਤ ਦੀ ਗਰੀਬ ਦੋਖੀ ਪਹੁੰਚ ਖਿਲਾਫ ਰੋਸ ਵਜੋਂ ਉਕਤ ਨਿਰਣਾ ਲਿਆ ਗਿਆ ਹੈ।
ਮੀਟਿੰਗ ਵੱਲੋਂ ਮਜ਼ਦੂਰਾਂ ਦੇ ਸਾਂਝੇ ਸ਼ੰਘਰਸ਼ ਸਦਕਾ 25 ਅਗਸਤ ਅਤੇ 7 ਸਤੰਬਰ ਨੂੰ ਚੰਡੀਗੜ੍ਹ ਅਤੇ ਬਰਨਾਲਾ ਵਿਖੇ ਹੋਈਆਂ ਪੈਨਲ ਮੀਟਿੰਗਾਂ ਵਿੱਚ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਵਿੱਚ ਬੇਲੋੜੇ ਅੜਿੱਕੇ ਡਾਹੁਣ ਅਤੇ ਉਕਤ ਮੰਗਾਂ ਨੂੰ ਰਾਜ ਕਰਦੀ ਪਾਰਟੀ ਲਈ ਲਾਹੇਵੰਦਾ ਬਨਾਉਣ ਦੇ ਕੋਝੇ ਯਤਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਮੰਗ ਕੀਤੀ ਗਈ ਕਿ ਹਰ ਕਿਸਮ ਦੀ ਸਿਆਸੀ ਦਖ਼ਲ ਅੰਦਾਜ਼ੀ ਤੋਂ ਮੁਕਤ ਮਜ਼ਦੂਰ ਭਲਾਈ ਸਕੀਮਾਂ ਲਾਗੂ ਕੀਤੀਆਂ ਜਾਣ।
ਮੀਟਿੰਗ ਦੌਰਾਨ ਲਖੀਮਪੁਰ ਖ਼ੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸਤੋਂ ਇਲਾਵਾ ਸ਼ਾਂਤੀਪੂਰਨ ਕਿਸਾਨ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਦੀ ਮੋਦੀ ਸਰਕਾਰ ਦੀ ਚਿਰੋਕਣੀ ਸਾਜ਼ਿਸ਼ ਦੀ ਪੂਰਤੀ ਦਾ ਹਥਿਆਰ ਬਣਾਏ ਜਾ ਰਹੇ ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਵਹਿਸ਼ੀਆਨਾ ਕਤਲ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਦੀ ਬੇਅਦਬੀ ਵੀ ਬੇਹੱਦ ਨਿੰਦਣਯੋਗ ਕਾਰਵਾਈ ਹੈ। ਉਹਨਾਂ ਸਭਨਾਂ ਨੂੰ ਵਿਵੇਕ ਅਤੇ ਸੰਜਮ ਦਾ ਲੜ ਨਾ ਛੱਡਣ ਦੀ ਅਪੀਲ ਕੀਤੀ ਅਤੇ ਇਸ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ।