ਭਾਦਸੋਂ ‘ਚ ਹੋਏ ਅੰਨ੍ਹੇ ਕਤਲ ਅਤੇ ਡਕੈਤੀ ਦੀ ਗੁੱਥੀ ਵੀ ਸੁਲਝਾਈ-ਐਸ.ਐਸ.ਪੀ. ਭੁੱਲਰ
315 ਤੇ 32 ਬੋਰ ਦੇ ਪਿਸਤੋਲ, ਮਾਰੂ ਹਥਿਆਰ ਅਤੇ ਖੋਹਿਆ ਬੁਲੇਟ ਮੋਟਰਸਾਇਕਲ ਵੀ ਕੀਤਾ ਬਰਾਮਦ
ਹਰਿੰਦਰ ਨਿੱਕਾ , ਪਟਿਆਲਾ, 18 ਅਕਤੂਬਰ 2021
ਰਾਤ ਸਮੇ ਸੜਕਾਂ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਟਿਆਲਾ ਪੁਲਿਸ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਭਾਦਸੋਂ ਵਿਖੇ ਬੀਤੇ ਦਿਨੀਂ ਹੋਏ ਇੱਕ ਅੰਨ੍ਹੇ ਕਤਲ ਅਤੇ ਲੁੱਟ ਦੀ ਗੁੱਥੀ ਵੀ ਸੁਲਝਾ ਲਈ ਹੈ। ਇਹ ਜਾਣਕਾਰੀ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ।
ਸ. ਭੁੱਲਰ ਨੇ ਦੱਸਿਆ ਕਿ ਇਸ ਵਾਰਦਾਤ ‘ਚ ਸ਼ਾਮਲ 6 ਵਿਅਕਤੀਆਂ ਨੂੰ ਮਾਰੂ ਹਥਿਆਰ ਸਮੇਤ ਗ੍ਰਿਫ਼ਤਾਰ ਕਰਕੇ ਖੋਹਿਆ ਹੋਇਆ ਬੁਲੇਟ ਮੋਟਰਸਾਇਕਲ ਵੀ ਬ੍ਰਾਮਦ ਕੀਤਾ ਹੈ। ਐਸ.ਐਸ.ਪੀ. ਨੇ ਕਿਹਾ ਕਿਹਾ ਕਿ ਪਟਿਆਲਾ ਪੁਲਿਸ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠੇਗੀ ।
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਐਸ.ਪੀ. ਡੀ ਮਹਿਤਾਬ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਡੁ ਮੋਹਿਤ ਅਗਰਵਾਲ ਅਤੇ ਡੀ.ਐਸ.ਪੀ. ਨਾਭਾ ਰਜੇਸ਼ ਛਿੱਬਰ ਦੀ ਨਿਗਰਾਨੀ ਹੇਠ ਬਣਾਈ ਵਿਸੇਸ਼ ਟੀਮ ਦੇ ਮੁਖੀ ਅਤੇ ਸੀਆਈਏ ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸਮਾਣਾ-ਪਟਿਆਲਾ ਰੋਡ ਬਾਈਪਾਸ ਪੁੱਲ (ਪਸਿਆਣਾ) ਨੇੜਿਓਂ ਕਾਬੂ ਕੀਤਾ ਹੈ ।
ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 6 ਅਕਤੂਬਰ ਨੂੰ ਪਿੰਡ ਸੁਧੇਵਾਲ ਨੇੜੇ ਚੋਅ ਪੁੱਲ (ਨੇੜੇ ਭਾਦਸੋਂ) ਵਿਖੇ ਇੱਕ ਅੰਨ੍ਹੇ ਕਤਲ ਅਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਇਸ ਵਾਰਦਾਤ ‘ਚ ਸੁਖਚੈਨ ਦਾਸ ਉਰਫ ਚੈਨੀ ਪੁੱਤਰ ਜਗਦੀਪ ਦਾਸ ਵਾਸੀ ਪਿੰਡ ਹੱਲੋਤਾਲੀ, ਜੋਕਿ ਪਿੰਡ ਚਹਿਲ ਨੇੜੇ ਟੋਲਪਲਾਜਾ ਇੱਕ ਫੈਕਟਰੀ ‘ਚ ਲੱਗਾ ਹੋਇਆ ਸੀ, ਦਾ ਕਤਲ ਕਰਕੇ ਇਸ ਦਾ ਮੋਟਰਸਾਇਕਲ ਖੋਹਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਮਹਿੰਗਾ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਨਾਭਾ, ਕਮਲਪ੍ਰੀਤ ਸਿੰਘ ਕਮਲ ਪੁੱਤਰ ਸਤਨਾਮ ਸਿੰਘ ਤੇ ਅੰਗਰੇਜ ਸਿੰਘ ਗੇਜੀ ਪੁੱਤਰ ਚੰਨਾ ਸਿੰਘ ਵਾਸੀਅਨ ਰਾਜਗੜ੍ਹ ਥਾਣਾ ਨਾਭਾ, ਰਵਿੰਦਰ ਸਿੰਘ ਹੈਰੀ ਪੁੱਤਰ ਬਖਸ਼ੀਸ਼ ਸਿੰਘ ਤੇ ਮਨਪ੍ਰੀਤ ਬਾਵਾ ਪੁੱਤਰ ਬਲਵੰਤ ਸਿੰਘ ਵਾਸੀਅਨ ਪਿੰਡ ਅਲੋਹਰਾ ਕਲਾਂ ਤੇ ਜਗਸੀਰ ਸਿੰਘ ਜੱਗੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਵਜੋਂ ਹੋਈ ਹੈ। ਇਸ ਗਿਰੋਹ ਦੇ ਹੋਰ ਮੈਂਬਰ ਮਾਰੂ ਹਥਿਆਰਾਂ ਨਾਲ ਰਾਤ ਸਮੇ ਸੜਕਾਂ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਦੇ ਹਨ। ਜਿਨ੍ਹਾਂ ਕੋਲੋਂ 32 ਬੋਰ ਦਾ ਇੱਕ ਪਿਸਤੌਲ ਤੇ 5 ਰੌਂਦ, 315 ਬੋਰ ਦਾ ਇੱਕ ਪਿਸਤੌਲ ਤੇ 1 ਰੌਂਦ ਅਤੇ ਵਾਰਦਾਤ ‘ਚ ਵਰਤਿਆ ਗਿਆ ਬੁਲੇਟ ਮੋਟਰਸਾਇਕਲ ਤੇ ਮ੍ਰਿਤਕ ਤੋਂ ਖੋਹੇ ਬੁਲੇਟ ਮੋਟਰਸਾਇਕਲ ਸਮੇਤ 1 ਸਵੀਫਟ ਡੀਜਾਇਰ ਕਾਰ, ਦੋ ਰਾਡਾਂ, ਦੋ ਚਾਕੂ ਵੀ ਬਰਾਮਦ ਹੋਏ ਹਨ। ਇਸ ਗਿਰੋਹ ਦੀ ਗ੍ਰਿਫ਼ਤਾਰੀ ਸਬੰਧੀ ਥਾਣਾ ਪਸਿਆਣਾ ਵਿਖੇ ਮੁੱਕਦਮਾ ਨੰਬਰ 221 ਮਿਤੀ 17 ਅਕਤੂਬਰ 2021 ਆਈ.ਪੀ.ਸੀ. ਦੀਆਂ ਧਾਰਾਵਾਂ 399, 402 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪਿੰਡ ਸੁਧੇਵਾਲ ਨੇੜਲੀ ਵਾਰਦਾਤ ‘ਚ ਇਸ ਗਿਰੋਹ ਦੇ ਤਿੰਨ ਮੈਂਬਰ, ਮਹਿੰਗਾ ਸਿੰਘ, ਕਮਲਪ੍ਰੀਤ ਸਿੰਘ ਕਮਲ ਤੇ ਰਵਿੰਦਰ ਸਿੰਘ ਹੈਰੀ ਸ਼ਾਮਲ ਸਨ। ਜਿਸ ਸਬੰਧੀ ਮੁੱਕਦਮਾ ਨੰਬਰ 130, ਮਿਤੀ 7 ਅਕਤੂਬਰ 2021, ਆਈ.ਪੀ.ਸੀ ਦੀ ਧਾਰਾ 302, 379-ਬੀ, 341, 323, 34 ਤਹਿਤ ਥਾਣਾ ਭਾਦਸੋਂ ਵਿਖੇ ਦਰਜ ਕੀਤਾ ਗਿਆ ਸੀ।
ਸ. ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਜਦਕਿ ਇਸ ਗਿਰੋਹ ਦੇ ਮੈਂਬਰਾਂ ‘ਤੇ ਪਹਿਲਾਂ ਵੀ ਲੜਾਈ ਝਗੜੇ ਤੇ ਚੋਰੀ ਦੇ ਪਰਚੇ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਅਦਾਲਤ ਨੇ ਇਨ੍ਹਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।