ਸਰਕਾਰੀ ਸਾਜ਼ਸ਼ਾਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਦਿੱਲੀ ਵੱਲ ਰਵਾਨਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ ,17 ਅਕਤੂਬਰ 2021
ਲਖੀਮਪੁਰ ਖੀਰੀ ਵਿਖੇ 5 ਕਿਸਾਨਾਂ ਦੀ ਵਹਿਸ਼ੀ ਹੱਤਿਆ ਦੇ ਮਗਰੇ ਹੀ ਸਿੰਘੂ ਬਾਰਡਰ ਵਿਖੇ ਧਾਰਮਿਕ ਗ੍ਰੰਥ ਦੀ ਬੇਅਦਬੀ ਤੇ ਕਰੂਰਤਾ ਭਰੀ ਹੱਤਿਆ ਦਾ ਕਾਂਡ ਵਾਪਰਨਾ ਦੋਨਾਂ ਕਾਰਿਆਂ ਦੀ ਤਾਰ ਇੱਕੋ ਥਾਂ ਤੋਂ ਹਿਲਣ ਵੱਲ ਇਸ਼ਾਰਾ ਕਰਦਾ ਹੈ। ਜਿਸ ਢੰਗ ਨਾਲ ਗੋਦੀ ਮੀਡੀਆ ਵੱਲੋਂ ਹਕੀਕਤਾਂ ਤੋਂ ਅੱਖਾਂ ਮੀਚ ਕੇ ਬੇਅਦਬੀ ਕਾਂਡ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਤਾਣ ਲਾਇਆ ਜਾ ਰਿਹਾ ਹੈ, ਉਸ ਤੋਂ ਵੀ ਕਿਸਾਨ ਮੋਰਚੇ ਨੂੰ ਖਾਹਮਖਾਹ ਬਦਨਾਮ ਕਰਨ ਦੀ ਸਾਜ਼ਿਸ਼ ਵੱਲ ਹੀ ਉਂਗਲ ਉਠਦੀ ਹੈ।
ਇਸ ਲਈ ਦਿੱਲੀ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਕੇ ਇਨ੍ਹਾਂ ਸਾਜ਼ਸ਼ਾਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ 1500 ਤੋਂ ਵੱਧ ਔਰਤਾਂ ਸਮੇਤ 5000 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਵੱਖ-ਵੱਖ ਸਾਧਨਾਂ ਰਾਹੀਂ ਦਿੱਲੀ ਵੱਲ ਰਵਾਨਾ ਕੀਤੇ ਗਏ।
ਉਪਰੋਕਤ ਟਿੱਪਣੀ ਸਮੇਤ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਵੱਡੀਆਂ/ਮਿਨੀ ਬੱਸਾਂ ਤੇ ਹੋਰ ਛੋਟੇ 100 ਤੋਂ ਵੱਧ ਵਹੀਕਲਾਂ ਦਾ ਇੱਕ ਕਾਫ਼ਲਾ ਖਨੌਰੀ ਬਾਰਡਰ ਤੋਂ ਜਥੇਬੰਦੀ ਦੇ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਦੁਆਰਾ ਰਵਾਨਾ ਕੀਤਾ ਗਿਆ। ਹੋਰ ਛੋਟੇ ਵੱਡੇ ਕਾਫਲੇ ਵੱਖ-ਵੱਖ ਥਾਵਾਂ ਤੋਂ ਰੇਲ ਗੱਡੀਆਂ ਰਾਹੀਂ ਰਵਾਨਾ ਹੋਏ।
ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਨਰਮੇ ਦੀ ਤਬਾਹੀ ਦੇ ਮੁਆਵਜ਼ੇ ਲਈ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਬਾਦਲ ਮੋਰਚੇ ਸਮੇਤ ਪੰਜਾਬ ਵਿੱਚ 40 ਥਾਂਵਾਂ ‘ਤੇ ਸਾਮਰਾਜੀ ਕਾਰੋਬਾਰਾਂ ਦੇ ਘਿਰਾਓ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਜਾਰੀ ਹਨ। ਜਿਉਂ ਜਿਉਂ ਸਰਕਾਰੀ ਜੁਲਮ ਤੇ ਸਾਜ਼ਸ਼ੀ ਕਰਤੂਤਾਂ ਸਾਹਮਣੇ ਆ ਰਹੀਆਂ ਹਨ ਤਿਉਂ ਤਿਉਂ ਲੋਕਾਂ ਦਾ ਰੋਹ, ਇੱਕਜੁਟਤਾ ਤੇ ਲਾਮਬੰਦੀਆਂ ਜ਼ੋਰ ਫੜ ਰਹੀਆਂ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਲਖੀਮਪੁਰ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਰੋਹ ਅਤੇ ਮੋਦੀ ਸਰਕਾਰ-ਸਾਮਰਾਜੀ ਗੱਠਜੋੜ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਵਿਸ਼ਾਲ ਪੱਧਰ ‘ਤੇ ਲਾਗੂ ਕਰਨ ਮਗਰੋਂ ਭਲਕੇ ਦਰਜਨਾਂ ਥਾਂਵਾਂ’ਤੇ ਰੇਲ ਰੋਕੋ ਅੰਦੋਲਨ ਦੀ ਮੁਕੰਮਲ ਕਾਮਯਾਬੀ ਲਈ ਜ਼ੋਰਦਾਰ ਤਿਆਰੀਆਂ ਵੀ ਨਾਲੋ-ਨਾਲ ਜਾਰੀ ਹਨ।