18 ਲੱਖ ਦਾ ਕਰਜ਼ ਉਤਾਰਨ ,ਚ ਬੇਵੱਸ ਕਿਸਾਨ ਨੇ ਖਾਧੀ ਸਲਫਾਸ , ਮੌਤ
ਸੋਨੀ ਪਨੇਸਰ/ਰਵੀ ਸੈਣ, ਬਰਨਾਲਾ 17ਅਕਤੂਬਰ 2021
ਸਿਰਫ ਡੇਢ ਏਕੜ ਜਮੀਨ ਦੇ ਸਹਾਰੇ ਜਿੰਦਗੀ ਜਿਉਣ ਦਾ ਜੁਗਾੜ ਕਰਦਿਆਂ ਕਰਦਿਆਂ ਕਰੀਬ 18 ਲੱਖ ਰੁਪਏ ਤੱਕ ਅੱਪੜੀ ਕਰਜੇ ਦੀ ਪੰਡ, ਅੱਗੇ ਬੇਵੱਸ ਹੋਏ ਕਿਸਾਨ ਬਲਦੇਵ ਸਿੰਘ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ। ਇਹ ਮੰਦਭਾਗੀ ਘਟਨਾ ਜਿਲ੍ਹੇ ਦੇ ਪਿੰਡ ਪੱਖੋਕੇ ਦੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਸਿਵਲ ਹਸਪਤਾਲ ਤਪਾ ਵਿਖੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਲਵਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬਲਦੇਵ ਸਿੰਘ ਪੁੱਤਰ ਪੂਰਨ ਸਿੰਘ , ਹਰ ਦਿਨ ਵੱਧਦੇ ਹੀ ਜਾ ਰਹੇ ਕਰਜੇ ਕਾਰਣ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ । ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਬੀਲਦਾਰੀ ਚਲਾਉਣ ਲਈ ਆਮਦਨੀ ਦਾ ਸਾਧਨ ਸਿਰਫ ਡੇਢ ਏਕੜ ਜਮੀਨ ਹੀ ਸੀ। ਪਰੰਤੂ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਲਗਭੱਗ 18 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਦੇਣਦਾਰੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਸਨ ਅਤੇ ਜ਼ਮੀਨ ਤੋਂ ਪਰਿਵਾਰ ਦਾ ਗੁਜਾਰਾ ਚਲਾਉਣ ਜੋਗੀ ਕਮਾਈ ਵੀ ਕਮਾਈ ਨਹੀਂ ਹੋ ਰਹੀ ਸੀ। ਜਿਸ ਤੋਂ ਤੰਗ ਆ ਕੇ, ਅੱਜ ਉਸ ਨੇ ਖੇਤ ਜਾ ਕੇ ਸਲਫਾਸ ਖਾ ਲਈ। ਪਤਾ ਲੱਗਦਿਆਂ ਹੀ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਲਿਆਂਦਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਪਰਿਵਾਰ ਦੇ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਪਿੰਡ ਵਾਸੀਆਂ ਨੇ ਸਰਕਾਰ ਤੋਂ ਬਲਦੇਵ ਸਿੰਘ ਦੇ ਸਿਰ ਚੜ੍ਹਿਆ ਸਾਰਾ ਕਰਜ਼ਾ ਮਾਫ਼ ਕਰਨ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।