ਬੇਰੁਜ਼ਗਾਰਾਂ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ
ਟੈਂਕੀ ਤੇ ਮੁਨੀਸ਼ ਦਾ 53 ਵਾਂ ਦਿਨ
ਹਰਪ੍ਰੀਤ ਕੌਰ ਬਬਲੀ , ਸੰਗਰੂਰ,13 ਅਕਤੂਬਰ 2021
ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਨੂੰ 53 ਦਿਨ ਹੋ ਚੁੱਕੇ ਹਨ। ਜਿਹੜਾ ਕਿ ਮਾਸਟਰ ਕੇਡਰ ਦੀ ਭਰਤੀ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਦੀ ਮੰਗ ਲੈਕੇ ਬੈਠਾ ਹੋਇਆ ਹੈ। ਦੂਜੇ ਪਾਸੇ ਭਾਵੇਂ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਗੇਟ ਤਾਂ ਖੁੱਲ੍ਹ ਗਿਆ ਹੈ ਪਰ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਗੇਟ ਉੱਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਵੱਲੋਂ 3 ਤੋ 5 ਅਕਤੂਬਰ ਤੱਕ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾ ਕੇ ਕੋਠੀ ਨੂੰ ਜਾਂਦਾ ਰਸਤਾ ਬੰਦ ਕੀਤਾ ਗਿਆ ਸੀ।
ਜਿਸ ‘ ਤੇ ਚਲਦਿਆਂ ਪਹਿਲਾਂ 5 ਅਕਤੂਬਰ ਅਤੇ ਮੁੜ 12 ਅਕਤੂਬਰ ਨੂੰ ਨਵੇਂ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨਾਲ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਹੋਈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਢੇ ਚਾਰ ਸਾਲ ਤੋ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਆ ਰਹੀਆਂ ਹਨ। ਪਰ ਨਵੇਂ ਸਿੱਖਿਆ ਮੰਤਰੀ ਨੇ ਦੋਵਾਂ ਮੀਟਿੰਗਾਂ ਵਿੱਚ ਵਧੀਆ ਹੁੰਗਾਰਾ ਭਰਿਆ ਹੈ । ਉਹਨਾਂ ਦੱਸਿਆ ਕਿ 12 ਅਕਤੂਬਰ ਦੀ ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰੀਆਂ,ਸਿੱਖਿਆ ਸਕੱਤਰ ਦੀ ਹਾਜ਼ਰੀ ਵਿੱਚ ਸਿੱਖਿਆ ਮੰਤਰੀ ਨੇ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਨੂੰ ਭਰਨ ਦਾ ਭਰੋਸਾ ਦਿੱਤਾ ਹੈ। ਪਰ ਬੇਰੁਜ਼ਗਾਰ ਇਸ ਨੂੰ ਸਿਆਸੀ ਸਟੰਟ ਵਜੋ ਵੀ ਵੇਖਦੇ ਹਨ।
ਇਸ ਲਈ ਹੁਣ 15 ਅਕਤੂਬਰ ਨੂੰ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਕੀਤੀ ਜਾਣ ਵਾਲੀ ਵੰਗਾਰ ਰੈਲੀ ਅਤੇ ਪੱਕਾ ਮੋਰਚਾ 17 ਅਕਤੂਬਰ ਤੱਕ ਭਰਤੀ ਦਾ ਇਸ਼ਤਿਹਾਰ ਉਡੀਕਣ ਮਗਰੋਂ 17 ਅਕਤੂਬਰ ਨੂੰ ਮੁੜ ਮੋਰਿੰਡਾ ਵਿਖੇ ਲਗਾਇਆ ਜਾਵੇਗਾ।
ਓਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਨਵੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਜੋੜੀ ਵੀ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਤਾਕ ਵਿੱਚ ਹੈ। ਉੱਧਰ ਪਟਿਆਲਾ ਦੇ ਡਾਂਗਾਂ ਵਾਲੇ ਚੌਕ ਵਾਂਗ ਮੋਰਿੰਡਾ ਦਾ ਢੋਲਣ ਮਾਜਰਾ ਚੌਂਕ ਵੀ ਜ਼ਬਰ ਢਾਹੁਣ ਵਾਲਾ ਚੌਂਕ ਬਣ ਚੁੱਕਾ ਹੈ।ਜਿੱਥੇ 3 ਅਤੇ 5 ਅਕਤੂਬਰ ਨੂੰ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਉਪਰ ਅਤੇ 12 ਅਕਤੂਬਰ ਨੂੰ ਕਿਰਤੀ ਵਰਗ ਉਪਰ ਭਿਆਨਕ ਲਾਠੀਚਾਰਜ ਕੀਤਾ ਗਿਆ ਹੈ। ਓਹਨਾ ਚੰਨੀ ਸਰਕਾਰ ਦੇ ਬੇਰੁਜ਼ਗਾਰ ਅਤੇ ਮਜ਼ਦੂਰ ਵਿਰੋਧੀ ਕਿਰਦਾਰ ਦੀ ਸਖ਼ਤ ਆਲੋਚਨਾ ਕੀਤੀ।
ਇਸ ਮੌਕੇ ਸੰਦੀਪ ਸਿੰਘ ਗਿੱਲ,ਬਲਰਾਜ ਸਿੰਘ ਫਰੀਦਕੋਟ,ਸੁਖਜੀਤ ਸਿੰਘ ਹਰੀਕੇ, ਸੰਦੀਪ ਕੌਰ ਅਤੇ ਜਸਵਿੰਦਰ ਕੌਰ ਦੋਵੇਂ ਸ਼ੇਰਪੁਰ,ਰਾਜਬੀਰ ਕੌਰ ਦੇਹਲਾ ਆਦਿ ਹਾਜ਼ਰ।