ਪੁਲਿਸ ਨੇ ਦਰਜ਼ ਕੀਤੀ ਐਫ.ਆਈ.ਆਰ , ਦਰ ਦਰ ਭਟਕਦਾ ਫਿਰਦੈ ਪਰਿਵਾਰ
ਹਰਿੰਦਰ ਨਿੱਕਾ , ਬਰਨਾਲਾ 13 ਅਕਤੂਬਰ 2021
ਕਚਿਹਰੀਆਂ ਦੇ ਗੇਟ ਨੰਬਰ 2 ਦੇ ਬਾਹਰੋਂ ਸਿਰਫ 30 ਮਿੰਟ ਦੇ ਅੰਦਰ-ਅੰਦਰ ਚੋਰੀ ਹੋਇਆ ਇੱਕ ਮੋਟਰਸਾਈਕਲ 22 ਦਿਨ ਬਾਅਦ ਵੀ ਪੁਲਿਸ ਨੂੰ ਨਹੀਂ ਮਿਲਿਆ । ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਨੇ ਘਟਨਾ ਤੋਂ 3 ਦਿਨ ਬਾਅਦ ਐਫ.ਆਈ.ਆਰ. ਦਰਜ਼ ਕਰਕੇ, ਬੁੱਤਾ ਤਾਂ ਸਾਰ ਦਿੱਤਾ, ਪਰੰਤੂ ਗਰੀਬ ਪਰਿਵਾਰ ਮੋਟਰਸਾਈਕਲ ਦੀ ਭਾਲ ਵਿੱਚ ਹਾਲੇ ਵੀ ਖੁਦ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ । ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸੂਜਾ ਪੱਤੀ ਸੰਘੇੜਾ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ । ਉਸ ਨੇ ਇੱਕ ਮੋਟਰਸਾਈਕਲ ਨੰਬਰ PB 12 V 1087 ਮਾਰਕਾ ਸਪਲੈਡਰ ਪਰੋ , ਰੰਗ ਕਾਲਾ ਨੀਲਾ ਲਵਲੀ ਆਟੋ ਏਜੰਸੀ ਦੇ ਰਾਹੀਂ ਹਲਫੀਆ ਬਿਆਨ ਦੇ ਜਰੀਏ ਖਰੀਦ ਕੀਤਾ ਸੀ, ਜਿਸ ਦੀ ਆਰ.ਸੀ. ਵੀ ਹਾਲੇ ਉਸ ਨੇ ਆਪਣੇ ਨਾਮ ਨਹੀ ਕਰਵਾਈ ਸੀ । 22 ਸਤੰਬਰ ਨੂੰ ਬਾਅਦ ਦੁਪਿਹਰ ਕਰੀਬ 03:30 ਵਜੇ, ਉਹ ਆਪਣੇ ਨਿੱਜੀ ਕੰਮ ਦੇ ਸਬੰਧ ਵਿੱਚ ਬਰਨਾਲਾ ਕਚਹਿਰੀਆਂ ਵਿੱਚ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਅਤੇ ਉਹ ਆਪਣਾ ਮੋਟਰ ਸਾਈਕਲ ਕਚਹਿਰੀਆਂ ਦੇ ਗੇਟ ਨੰਬਰ 2 ਦੇ ਸਾਹਮਣੇ ਖੜ੍ਹਾ ਕਰਕੇ ਖੁਦ ਕਚਹਿਰੀਆ ਦੇ ਅੰਦਰ ਚਲਾ ਗਿਆ ਸੀ । ਜਦੋਂ ਕਰੀਬ 04:00 ਵਜੇ, ਉਹ ਵਾਪਸ ਆਪਣੇ ਮੋਟਰ ਸਾਈਕਲ ਪਾਸ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰ ਸਾਇਕਲ ਉੱਥੇ ਨਹੀਂ ਮਿਲਿਆ ।
ਸਰਬਜੀਤ ਸਿੰਘ ਨੇ ਕਿਹਾ ਕਿ ਉਹ ਇੱਕ ਦੋ ਦਿਨ ਮੋਟਰਸਾਇਕਲ ਦੀ ਆਪਣੇ ਪੱਧਰ ਤੇ ਭਾਲ ਕਰਦਾ ਰਿਹਾ । ਪਰ ਜਦੋਂ ਚੋਰੀ ਹੋਇਆ ਮੋਟਰਸਾਈਕਲ ਨਹੀਂ ਮਿਲਿਆ ਤਾਂ ਇਤਲਾਹ ਪੁਲਿਸ ਨੂੰ ਦੇ ਦਿੱਤੀ। ਸਰਬਜੀਤ ਸਿੰਘ ਨੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਹਾਲੇ ਤੱਕ ਮੋਟਰ ਸਾਈਕਲ ਦੀ ਭਾਲ ਕਰਦਾ ਫਿਰਦਾ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੋਟਰ ਸਾਈਕਲ ਚੋਰ ਦੀ ਸ਼ਨਾਖਤ ਕਰਕੇ, ਦੋਸ਼ੀ ਨੂੰ ਗਿਰਫਤਾਰ ਕਰਕੇ, ਉਸਤੋਂ ਮੋਟਰ ਸਾਈਕਲ ਬਰਾਮਦ ਕਰਵਾਇਆ ਜਾਵੇ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ 25 ਸਤੰਬਰ ਨੂੰ ਐਫ.ਆਈ.ਆਰ ਨੰਬਰ 484 ਅਧੀਨ ਜੁਰਮ 379 ਆਈ.ਪੀ.ਸੀ. ਤਹਿਤ ਥਾਣਾ ਸਿਟੀ 2 ਵਿਖੇ ਦਰਜ਼ ਕੀਤਾ ਗਿਆ ਹੈ।