ਰਣਜੀਤ ਲਹਿਰਾ ਦੀ ਕਲਮ ਤੋਂ ,,
ਮੱਘਰ ਸਿੰਘ ਕੂਲਰੀਆਂ ਨਾਲ ਮੇਰਾ ਵਾਹ 1970ਵਿਆਂ ਦੇ ਅੰਤਲੇ ਸਾਲ ਵਿੱਚ ਉਦੋਂ ਪਿਆ , ਜਦੋਂ ਮੈਂ ਆਈ ਟੀ ਆਈ, ਬੁਢਲਾਡਾ ਵਿੱਚ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਰਗਰਮ ਹੋਇਆ । ਮੈਂ ਉਹਨੂੰ ਪਹਿਲੀ ਵਾਰ ਸਟੇਜ਼ ‘ਤੇ ਬੋਲਦਿਆਂ ਬਰੇਟਾ ਮੰਡੀ ਦੇ ਥਾਣੇ ਮੂਹਰੇ ਉਦੋਂ ਸੁਣਿਆ ਜਦੋਂ ਵਿਦਿਆਰਥੀਆਂ ‘ਤੇ ਲਾਠੀਚਾਰਜ਼ ਕਰਾਉਣ ਵਾਲੇ ਇੱਕ ਅਕਾਲੀ ਘੜੰਮ ਚੌਧਰੀ ਦਾ ਫਤੂਰ ਲਾਹੁਣ ਤੋਂ ਬਾਅਦ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਲਾਠੀਚਾਰਜ਼ ਕਰਨ ਵਾਲੇ ਥਾਣੇਦਾਰ ਤੋਂ ਮਾਫ਼ੀ ਮੰਗਵਾਉਣ ਲਈ ਥਾਣਾ ਘੇਰ ਰੱਖਿਆ ਸੀ। ਚੌੜੀ ਕਾਠੀ ਤੇ ਤਕੜੇ ਜੁੱਸੇ ਵਾਲਾ ਮੱਘਰ ਕੁਲਰੀਆਂ ਦੰਦ ਚੱਬ-ਚੱਬ ਕੇ ਬੋਲ ਰਿਹਾ ਸੀ। ਉਹਦੇ ਸਮੇਤ ਅਜਾਇਬ ਟਿਵਾਣਾ (ਦੋਦੜਾ) ਦੇ ਜੋਸ਼ੀਲੇ ਭਾਸ਼ਨਾਂ ਦਾ ਅਸਰ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਸਿਰ ਚੜ੍ਹ ਕੇ ਉਦੋਂ ਬੋਲਿਆ ਜਦੋਂ ਦਬਕੇ ਮਾਰਦੀ ਪੁਲਸ ‘ਤੇ ਨੌਜਵਾਨ-ਵਿਦਿਆਰਥੀ ਲਾਲ ਹਨੇਰੀ ਬਣ ਕੇ ਝੁਲੇ ਅਤੇ ਪੁਲਸ ਨੂੂੰ ਕੁੰਡੇ-ਜਿੰਦੇ ਲਾ ਕੇ ਥਾਣੇ ਦੇ ਅੰਦਰ ਦੁਬਕਣਾ ਪੈ ਗਿਆ।
ਮੱਘਰ ਕੁਲਰੀਆਂ ਨੌਜਵਾਨਾਂ ਦਾ ਇੱਕ ਜੁਝਾਰੂ ਆਗੂ ਸੀ ਜਿਹੜਾ ਉਸ ਸਮੇਂ ਨੌਜਵਾਨ ਭਾਰਤ ਸਭਾ ਦਾ ਜਿਲ੍ਹਾ ਸਕੱਤਰ ਸੀ। 30 ਅਕਤੂਬਰ, 1948 ਨੂੰ ਪਿੰਡ ਕੁਲਰੀਆਂ ਦੇ ਨਿਮਨ ਕਿਸਾਨ ਪਰਿਵਾਰ ਵਿੱਚ ਜੰਮੇ-ਪਲੇ ਮੱਘਰ ਨੇ ਇੱਕ ਇਨਕਲਾਬੀ ਨੌਜਵਾਨ ਦੇ ਰੂਪ ‘ਚ ਆਪਣਾ ਸਫ਼ਰ 70ਵਿਆਂ ਦੇ ਪਹਿਲੇ ਸਾਲਾਂ ਵਿੱਚ ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਨਹਿਰੂ ਮੈਮੋਰੀਅਲ ਕਾਲਜ, ਮਾਨਸਾ(ਜਿਹੜਾ ੳੁਸ ਵਕਤ ਨਕਸਲਬਾੜੀ ਮੈਨੂਫੈਕਚਰਿੰਗ ਕਾਲਜ਼ ਦੇ ਤੌਰ ‘ਤੇ ਜਾਣਿਆ ਜਾਂਦਾ ਸੀ) ਤੋਂ ਸ਼ੁਰੂ ਕੀਤਾ। ਸ਼ੁਰੂ ਦੇ ਦੋ ਕੁ ਸਾਲ ਉਹਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਲੇਖੇ ਲਾਏ ਅਤੇ ਉਹਦੇ ਸਥਾਪਤ ਆਗੂ ਵੱਜੋਂ ਉੱਭਰਿਆ। ਗਰੈਜੂਏਸ਼ਨ ਤੋਂ ਬਾਅਦ ਉਹਦੀ ਚੋਣ ਬਤੌਰ ਪੰਚਾਇਤ ਸਕੱਤਰ ਬਲਾਕ ਮੁਕਤਸਰ ਵਿਖੇ ਹੋ ਗਈ। ਪਰ ਡਿਉਟੀ ਜੁਆਇਨ ਕਰਨ ਉਪਰੰਤ ਉਹ ਹਾਜਰ ਨਾ ਹੋਇਆ ਅਤੇ ਨੌਜਵਾਨ ਭਾਰਤ ਸਭਾ ਦੇ ਫਰੰਟ ‘ਤੇ ਕੁੱਲਵਕਤੀ ਵੱਜੋਂ ਸਰਗਰਮ ਹੋ ਗਿਆ। ਜਿਸਦੇ ਉਹ ਸੂਬਾ ਸਕੱਤਰ ਦੇ ਅਹੁਦੇ ਤੱਕ ਪਹੁੁੰਚਿਆ।
ਉਹ ਇੱਕ ਅਜਿਹਾ ਸਮਾਂ ਸੀ ਜਦੋਂ ਉਹ ਹਕੂਮਤ ਦੀਆਂ ਅੱਖਾਂ ‘ਚ ਰੜਕਦਾ ਰੋੜ ਬਣ ਗਿਆ ਸੀ। ਇਸੇ ਲਈ ਜੂਨ 1975 ਵਿੱਚ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਦੇਸ਼ ਵਿੱਚ ਅੈਮਰਜੈਂਸੀ ਲਾਗੂ ਕੀਤੀ ਤਾਂ ਮੱਘਰ ਕੁਲਰੀਆਂ ਉਨ੍ਹਾਂ ਪਹਿਲ-ਪਲੇਠੇ ਨੌਜਵਾਨ ਆਗੂਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੂੰ ਡੀ ਆਈ ਆਰ ਵਰਗੇ ਕਾਲ਼ੇ ਕਾਨੂੰਨ ਮੜ੍ਹ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਸੀ। ਸਾਥੀ ਮੱਘਰ ਕੁਲਰੀਆਂ ਨਾਲ ਉਸ ਵਕਤ ਬਠਿੰਡਾ ਜੇਲ੍ਹ ਵਿੱਚ ਬੰਦ ਰਹੇ ਸਾਥੀ ਮੁਖਤਿਆਰ ਪੂਹਲਾ ਦਾ ਕਹਿਣਾ ਹੈ ਕਿ ਉਸ ਗਰੁੱਪ ਦੇ ਜੇਲ੍ਹ ਬੰਦ ਸਾਰੇ ਨੌਜਵਾਨਾਂ ਵਿੱਚੋਂ ਮੱਘਰ ਸਭ ਤੋਂ ਸਿਆਣਾ, ਦ੍ਰਿੜ ਤੇ ਬੁਲੰਦ ਹੌਂਸਲੇ ਵਾਲਾ ਆਗੂ ਸੀ ਜਿਹੜਾ ਆਪਣੇ ਤੋਂ ਜੂਨੀਅਰ ਸਾਥੀਆਂ ਨੂੂੰ ਬੁੱਕਲ ਵਿੱਚ ਲੈ ਕੇ ਹੌਸਲਾ ਦਿੰਦਾ ਰਹਿੰਦਾ ਸੀ।
ਨਵੰਬਰ 1980 ਵਿੱਚ ਬੱਸਾਂ ਦੇ ਕਿਰਾਏ ਵਿੱਚ 43 ਫੀਸਦੀ ਵਾਧੇ ਵਿਰੁੱਧ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਲੜੇ ਗਏ ਇਤਿਹਾਸਕ ਸੰਘਰਸ਼ ਵਿੱਚ ਸਾਥੀ ਮੱਘਰ ਨੇ ਸਾਂਝੀ ਅੈਕਸ਼ਨ ਕਮੇਟੀ ਦੇ ਸੂਬਾਈ ਕਨਵੀਨਰ ਦੇ ਰੂਪ ‘ਚ ਆਗੂ ਰੋਲ ਨਿਭਾਇਆ। ਇਸ ਘੋਲ ਦੌਰਾਨ ਮੇਰੀ ਉਹਦੇ ਨਾਲ ਸਿਰਫ਼ ਦੋ ਵਾਰ ਮੁਲਾਕਾਤ ਹੋਈ। ਇੱਕ ਵਾਰ ਫੀਲਡ ਵਿੱਚ ਜਦੋਂ ਉਹ ਕਲੀਨ ਸ਼ੇਵ ਹੋ ਕੇ ਵਿਚਰ ਰਿਹਾ ਸੀ। ਉਹ ਦੇਖਣ ਨੂੂੰ ਕੋਈ ਹਰਿਆਣਵੀ ਜਾਟ ਲੱਗਦਾ ਸੀ। ਦੂਜੀ ਵਾਰ, ਬਠਿੰਡਾ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ ਵਿੱਚ। ਕਿਰਾਇਆ ਘੋਲ ਠੰਢਾ ਪੈ ਗਿਆ ਸੀ ਪਰ ਹਾਲੇ ਵੀ 35-40 ਨੌਜਵਾਨ-ਵਿਦਿਆਰਥੀ ਬਠਿੰਡਾ ਜੇਲ੍ਹ ਵਿੱਚ ਸਨ। ਮੈਂ ਦੂਜੀ ਵਾਰ ਉੱਥੇ ਪਹੁੰਚ ਗਿਆ ਸੀ। ਜੇ ਬੀ ਟੀ ਬੁਢਲਾਡਾ ਦੇ ਪ੍ਰਿੰਸੀਪਲ ਖਿਲਾਫ਼ ਸੰਘਰਸ਼ ਕਾਰਨ ਫੱਤੇ ਵਾਲਾ ਜਸਵੰਤ, ਚਚੋਹਰ ਵਾਲਾ ਗੁਰਨਾਮ ਤੇ ਮੈਨੂੰ ਗ੍ਰਿਫਤਾਰ ਕਰਕੇ ਮਾਨਸਾ ਸਬ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਸੀ। ਉੱਥੇ ਜੇਲ੍ਹ ਦੌਰੇ ‘ਤੇ ਆਏ ਐੱਸ ਡੀ ਅੈਮ ਦੀ ਲਾਹ-ਪਾਹ ਕਰਨ ਕਰਕੇ ਸਾਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ। ਇੱਕ ਦਿਨ ਸ਼ਾਮ ਦੀ ਬੰਦੀ ਤੋਂ ਬਾਅਦ ਹਨੇਰੇ ਹੋਏ ਨੰਬਰਦਾਰਾਂ ਨੇ ਸਾਨੂੰ ਬੈਰਕ ਵਿੱਚੋਂ ਕੱਢ ਕੇ ਡਿਉਢੀ ਵਿੱਚ ਚੱਲਣ ਲਈ ਕਿਹਾ। ਅਸੀਂ ਥੋੜ੍ਹਾ ਪ੍ਰੇਸ਼ਾਨ ਤੇ ਹੈਰਾਨ ਹੋਏ ਕਿ ਇਸ ਵੇਲੇ ਡਿਉਢੀ ‘ਚ ਲਿਜਾਣ ਦਾ ਕੀ ਮਕਸਦ ਹੋਇਆ। ਡਿਉਢੀ ‘ਚ ਜਾ ਕੇ ਜਦੋਂ ਸੁਪਰਡੈਂਟ ਦੇ ਕਮਰੇ ‘ਚ ਵੜੇ ਤਾਂ ਅੱਗੇ ਮੱਘਰ ਬੈਠਾ, ਉਹਦੇ ਨਾਲ ਸ਼ਾੲਿਦ ਸੁਖਦੇਵ ਭੁਪਾਲ ਸੀ। ਨਾਲ ਹੀ ਮੱਘਰ ਦਾ ਮਿੱਤਰ ਜੇਲ੍ਹ ਦਾ ਡਾਕਟਰ ਕਟਾਰੀਆ ਬੈਠਾ ਸੀ ਜੀਹਦੀ ਬਦੌਲਤ ਰਾਤ ਦੇ ਹਨੇਰੇ ‘ਚ ਇਹ ਮੁਲਾਕਾਤ ਸੰਭਵ ਹੋਈ ਸੀ। ਖੂਬ ਗੱਲਾਂਬਾਤਾਂ ਹੋਈਆਂ।
ਮੱਘਰ ਕੁਲਰੀਆਂ ਇੱਕ ਦਮਦਾਰ ਨੌਜਵਾਨ ਆਗੂ ਸੀ। ਉਹਨੇ ਅਨੇਕਾਂ ਵੱਡੇ-ਛੋਟੇ ਘੋਲਾਂ ਦੀ ਅਗਵਾਈ ਕੀਤੀ। ਇੱਕ ਸਮੇਂ ਬੁਢਲਾਡਾ-ਮਾਨਸਾ ਇਲਾਕੇ ਵਿੱਚ ਅਫਸਰਸ਼ਾਹੀ ਤੋਂ ਗੁੰਡਾ-ਪੁਲਿਸ-ਸਿਆਸੀ ਸਭ ਉਹਦੇ ਨਾਂ ਤੋਂ ਭੈਅ ਖਾਂਦੇ ਸਨ। ਪਰ 80ਵਿਆਂ ਦੇ ਅੱਧ ਕੁ ‘ਚ ਉਹ ਪਾਰਟੀ ਦੇ ਕੇਂਦਰੀ ਆਗੂ ਆਰ ਪੀ ਸਰਾਫ ਦੀ ਮਾਰਕਸਵਾਦ-ਲੈਨਿਨਵਾਦ ਅਤੇ ਪੂੰਜੀਵਾਦ ਦੋਵਾਂ ਦੇ ਕੱਟੜਵਾਦ ਨੂੂੰ ਰੱਦ ਕਰਕੇ ਨਵਾਂ ਵਿਚਕਾਰਲਾ ਰਾਹ ਚੁਣਨ ਦੇ ਚੱਕਰਵਿਊ ਵਿੱਚ ਇਨਕਲਾਬੀ ਰਾਹ ਤੋਂ ਲਾਂਭੇ ਚਲਾ ਗਿਆ। ਅਤੇ ਵਾਇਆ ਆਈ ਡੀ ਪੀ, “ਗੈਰ-ਸਿਆਸੀ” ਕਿਸਮ ਦੀ ਸੰਸਥਾ ਕੁਦਰਤ-ਮਾਨਵ ਕੇਂਦਰ ਨਾਲ ਜਾ ਜੁੜਿਆ। ਉਸ ਸੰਸਥਾ ਦੀ ਸਮਝਦਾਰੀ ਅਨੁਸਾਰ ਸਾਥੀ ਮੱਘਰ ਸਿੰਘ ਕੂਲਰੀਆਂ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਬਣਾਇਆ। ਸੀਮਤ ਸਮਰੱਥਾ ਦੇ ਬਾਵਜੂਦ ਇਹ ਸਾਥੀ ਮੱਘਰ ਸਿੰਘ ਕੁਲਰੀਆਂ ਦੀ ਸ਼ਖਸੀਅਤ ਅਤੇ ਵਿਰਾਸਤ ‘ਚ ਮਿਲੀ ਇਨਕਲਾਬੀ ਸਪਿਰਟ ਦਾ ਸਦਕਾ ਹੀ ਸੀ ਕਿ ਖੁਦ ਉਹਨੇ ਅਤੇ ਉਹਦੇ ਫਰੰਟ ਨੇ ਕਾਰਪੋਰੇਟ ਕੰਪਨੀ ਟਰਾਈਡੈਂਟ ਵੱਲੋਂ ਧੌਲਾ ਦੇ ਕਿਸਾਨਾਂ ਦੀ ਗ੍ਰਹਿਣ ਕੀਤੀ ਜਮੀਨ ਨੂੰ ਬਚਾਉਣ ਲਈ ਟਰਾਈਡੈਂਟ ਮੈਨੇਜਮੈਟ ਅਤੇ ਸਰਕਾਰ ਵਿਰੁੱਧ ਸੰਘਰਸ਼ ਵਿੱਚ ਅਤੇ ਜਿਲ੍ਹਾ ਮਾਨਸਾ ਦੇ ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀ ਅਕੁਐਇਰ ਕੀਤੀ ਜਮੀਨ ਮੁਕਤ ਕਰਵਾਉਣ ਲਈ 17 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਜਿੱਥੇ ਖੇਤੀ ਵਿੱਚ ਕਾਰਪੋਰੇਟ ਦਖਲ ਅਤੇ ਖੇਤੀ ਦੇ ਜ਼ਹਿਰੀਲੇਪਣ ਦੇ ਖਿਲਾਫ਼ ਸੀ, ਉੱਥੇ ਨਾਲ ਹੀ ਮਨੁੱਖੀ ਤੇ ਜਮਹੂਰੀ ਹੱਕਾਂ ਦਾ ਮੁੱਦਈ ਸੀ।
ਸਾਥੀ ਮੱਘਰ ਕੁਲਰੀਆਂ ਦੀ ਸ਼ਖਸੀਅਤ ਦੇ ਅਨੇਕਾਂ ਮੀਰੀ ਗੁਣਾਂ ਵਿੱਚੋਂ ਇੱਕ ਸੀ ਉਹਦਾ ਨਿੱਘਾ ਸੁਭਾਅ। ਉਹ ਜਦੋਂ ਵੀ ਮਿਲਿਆ, ਇਹ ਕਹਿ ਕੇ ਮਿਲਿਆ, “ਹੋਰ ਛੋਟੇ ਵੀਰ ਕੀ ਹਾਲ ਅੈ? ਪਹਿਲਾਂ ਸਿਹਤ ਦੀ ਦੇਹ ਗੱਲ?” ਪਰ ਅਫਸੋਸ! ਮੇਰੇ ਵਰਗੇ ਦੋਸਤ-ਮਿੱਤਰਾਂ ਦੀ ਸਿਹਤ ਦੀ ਖੈਰ ਮੰਗਣ ਵਾਲਾ ਅਤੇ ਲੋਕਾਂ ਦੀ ਜ਼ਿੰਦਗੀ ਦੇ ਹੱਕਾਂ ਦੀ ਸਲਾਮਤੀ ਚਾਹੁਣ ਵਾਲਾ, ਖੁਦ ਆਪ ਆਪਣੀ ਬੇਹੱਦ ਸੂਝਵਾਨ ਜੀਵਨ ਸਾਥਣ ਗਮਦੂਰ ਕੌਰ ਸਮੇਤ ਕਿਸੇ ਨੂੂੰ ਵੀ ਕੁੱਝ ਦੱਸੇ ਬਿਨਾਂ, 27 ਅਕਤੂਬਰ, 2011 ਦੇ ਦਿਨ ਪਲਾਂ ਹੀ ਵਿੱਚ ਤੁਰ ਗਿਆ।
ਤਾਉਮਰ ਲੋਕਾਂ ਦੇ ਸੰਘਰਸ਼ਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹਿਣ ਵਾਲੇ ਸਾਥੀ ਮੱਘਰ ਕੁਲਰੀਆਂ ਦੀ 10ਵੀਂ ਬਰਸੀ 13 ਅਕਤੂਬਰ (ਬੁੱਧਵਾਰ) ਨੂੰ ਸੰਯੁਕਤ ਕਿਸਾਨ ਮੋਰਚਾ, ਬਰਨਾਲਾ ਵੱਲੋਂ ਰੇਲਵੇ ਸਟੇਸ਼ਨ,ਬਰਨਾਲਾ ਦੇ ਸੰਘਰਸ਼ੀ ਮੋਰਚੇ ਦੀ ਸਾਂਝੀ ਸਟੇਜ ‘ਤੇ ਮਨਾਈ ਜਾਵੇਗੀ। ਜਿੱਥੇ ਇਸ ਵਿੱਛੜੇ ਆਗੂ ਦੇ ਸੰਗੀ ਸਾਥੀ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਮੋਬਾਇਲ ਨੰਬਰ: 94175-88616