ਕਿਸਾਨ ਸ਼ਹੀਦ ਦਿਵਸ ਮੌਕੇ ਧਰਨਿਆਂ ‘ਚ ਜਨਤਕ ਸੈਲਾਬ; ਅਨੇਕਾਂ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਚ ਅੰਤਿਮ ਅਰਦਾਸਾਂ ਕੀਤੀਆਂ
*ਬਹੁਤ ਭਾਵੁਕ ਤੇ ਸੋਗਮਈ ਮਾਹੌਲ ‘ਚ ਦੋ ਮਿੰਟ ਦਾ ਮੌਨ ਧਾਰ ਕੇ ਲਖੀਮਪੁਰ-ਖੀਰੀ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
* ਅੰਦੋਲਨ ਨੂੰ ਹੋਰ ਮਜ਼ਬੂਤ ਕਰ ਕੇ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਲਖੀਮਪੁਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ: ਕਿਸਾਨ ਆਗੂ
* ਰੇਲਵੇ ਸਟੇਸ਼ਨ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਕੈਂਡਲ ਮਾਰਚ ਕੀਤਾ। ਘਰਾਂ ਮੂਹਰੇ ਪੰਜ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਯਾਦ ਕੀਤਾ।
*ਭਲਕੇ 13 ਤਰੀਕ ਨੂੰ, ਮੋਰਚੇ ਵੱਲੋਂ ਲੋਕ ਘੋਲਾਂ ਦੇ ਨਾਇਕ ਮੱਘਰ ਕੁਲਰੀਆਂ ਦੀ 10 ਬਰਸੀ ਮਨਾਈ ਜਾਵੇਗੀ: ਉਪਲੀ
ਪਰਦੀਪ ਕਸਬਾ , ਬਰਨਾਲਾ: 12 ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 377 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅੱਜ ਸ਼ਹੀਦ ਕਿਸਾਨ ਦਿਵਸ ਮਨਾਇਆ ਗਿਆ। ਸਵੇਰ ਸਮੇਂ ਵੱਖ ਵੱਖ ਪਿੰਡਾਂ ਵਿੱਚ ਧਾਰਮਿਕ ਸਭਾਵਾਂ ਆਯੋਜਿਤ ਕਰ ਕੇ ਸ਼ਹੀਦਾਂ ਲਈ ਅੰਤਿਮ ਅਰਦਾਸਾਂ ਕੀਤੀਆਂ ਗਈਆਂ। ਧਰਨੇ ਵਿੱਚ ਅੱਜ ਹਾਜ਼ਰੀ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾਂ ਵਧੇਰੇ ਸੀ।
ਬਹੁਤ ਹੀ ਸੋਗਮਈ ਤੇ ਭਾਵੁਕ ਮਾਹੌਲ ਦੌਰਾਨ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਲਖੀਮਪੁਰ-ਖੀਰੀ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਲਈ ਸਾਨੂੰ ਆਪਣੇ ਏਕੇ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਦੇ ਹੋਏ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਸਿੱਧੇ ਜਿਸਮਾਨੀ ਹਮਲਿਆਂ ‘ਤੇ ਉਤਰ ਆਈ ਸਰਕਾਰ ਵਿਰੁੱਧ ਢੁੱਕਵੀਂ ਨਵੀਂ ਰਣਨੀਤੀ ਘੜਨੀ ਪਵੇਗੀ।
ਅੱਜ ਸ਼ਾਮ ਛੇ ਵਜੇ ਸੈਂਕੜੇ ਲੋਕਾਂ ਨੇ ਰੇਲਵੇ ਸਟੇਸ਼ਨ ਬਰਨਾਲਾ ‘ਤੇ ਇਕੱਤਰ ਹੋਣ ਬਾਅਦ ਸ਼ਹੀਦ ਭਗਤ ਸਿੰਘ ਚੌਕ ਤੱਕ ਮੋਮਬੱਤੀ ਮਾਰਚ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ, ਪੰਜ ਸ਼ਹੀਦਾਂ ਦੀ ਯਾਦ ਵਿੱਚ,ਸ਼ਾਮ ਨੂੰ ਆਪਣੇ ਘਰਾਂ ਮੂਹਰੇ ਪੰਜ ਮੋਮਬੱਤੀਆਂ ਬਾਲ ਕੇ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਉਜਾਗਰ ਸਿੰਘ ਬੀਹਲਾ, ਬਾਰਾ ਸਿੰਘ ਬਦਰਾ, ਮੇਲਾ ਸਿੰਘ ਕੱਟੂ, ਸਾਧੂ ਸਿੰਘ ਛੀਨੀਵਾਲ, ਉਜਾਗਰ ਸਿੰਘ ਬੀਹਲਾ, ਧਰਮ ਸਿੰਘ ਭੈਣੀ ਜੱਸਾ, ਹਰਚਰਨ ਸਿੰਘ ਚੰਨਾ, ਨਛੱਤਰ ਸਿੰਘ ਸਹੌਰ, ਮਨਜੀਤ ਰਾਜ, ਗੁਰਦੇਵ ਮਾਂਗੇਵਾਲ, ਗੋਰਾ ਸਿੰਘ ਢਿੱਲਵਾਂ, ਗੁਰਨਾਮ ਸਿੰਘ ਠੀਕਰੀਵਾਲਾ, ਚਰਨਜੀਤ ਕੌਰ, ਬਾਬੂ ਸਿੰਘ ਖੁੱਡੀ,ਬਲਜੀਤ ਸਿੰਘ ਚੌਹਾਨਕੇ, ਸੁਰਜੀਤ ਸਿੰਘ ਕਰਮਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੂਚਨਾ ਦਿੱਤੀ ਕਿ ਕੱਲ੍ਹ 13 ਤਰੀਕ ਨੂੰ ਧਰਨੇ ਦੇ ਸੰਘਰਸ਼ੀ ਪਿੜ ‘ਚ ਲੋਕ ਲਹਿਰਾਂ ਦੇ ਨਾਇਕ ਮੱਘਰ ਸਿੰਘ ਕੁਲਰੀਆਂ ਦੀ 10ਵੀਂ ਬਰਸੀ ਮਨਾਈ ਜਾਵੇਗੀ।
ਆਪਣੀ ਤਾ-ਉਮਰ ਲੋਕ-ਹਿਤਾਂ ਲਈ ਮੂਹਰੀਆਂ ਸਫਾਂ ‘ਚ ਰਹਿ ਕੇ ਲੜਨ ਵਾਲਾ ਸਾਥੀ ਕੁਲਰੀਆਂ 27 ਅਕਤੂਬਰ, 2011 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਉਸ ਸਮੇਂ ਉਹ ਖੇਤੀਬਾੜੀ ਕਿਸਾਨ ਵਿਕਾਸ ਫਰੰਟ ਪੰਜਾਬ ਨਾਂਅ ਦੀ ਜਥੇਬੰਦੀ ਦੀ ਅਗਵਾਈ ਕਰ ਰਿਹਾ ਸੀ। ਇਸ ਮੌਕੇ ਕੱਲ੍ਹ ਉਨ੍ਹਾਂ ਦੇ ਨਜਦੀਕ ਸਾਥੀ ਅਤੇ ‘ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਕੌਮੀ ਨੇਤਾ ਇੰਜੀਨੀਅਰ ਸੱਜਣ ਕੁਮਾਰ ਵਿਸ਼ੇਸ਼ ਤੌਰ ‘ਤੇ ਸ਼ਰਧਾਂਜਲੀ ਸਮਾਗਮ ‘ਚ ਭਾਗ ਲੈਣਗੇ। ਮੱਘਰ ਕੁਲਰੀਆਂ ਦੇ ਪਰਿਵਾਰ ਤੇ ਸਾਥੀਆਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾਵੇਗੀ।
ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਧਰਨਾ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ ਜਿਸ ਨੂੰ ਮੇਜਰ ਸਿੰਘ, ਮੱਘਰ ਸਿੰਘ, ਨਾਜਰ ਸਿੰਘ, ਬਲਵਿੰਦਰ ਸਿੰਘ ਤੇ ਦਲੀਪ ਸਿੰਘ ਨੇ ਸੰਬੋਧਨ ਕੀਤਾ।
ਅੱਜ ਨਰਿੰਦਰਪਾਲ ਸਿੰਗਲਾ ਤੇ ਰਾਜਵਿੰਦਰ ਸਿੰਘ ਮੱਲੀ ਨੇ ਕਵਿਤਾ ਤੇ ਕਵੀਸ਼ਰੀ ਗਾਇਣ ਕੀਤਾ।