-ਮੀਡੀਆ ਨੂੰ ਬਿਆਨ ਦੇ ਕੇ ਫਿਰ ਮੁੱਕਰਿਆ ਪੀੜਤ ਪਰਿਵਾਰ
ਐਸਐਚਉ ਨੇ ਦੱਸਿਆ, ਪੁਲਿਸ ਨੂੰ ਕੁੱਟਮਾਰ ਦਾ ਕੋਈ ਬਿਆਨ ਨਹੀਂ ਲਿਖਾਇਆ
-ਅਸੀਂ ਕਹਿ ਤਾ ਸਾਡਾ ਖਹਿੜਾ ਛੱਡੋ,ਕਿਸੇ ਤੇ ਕੋਈ ਕਾਰਵਾਈ ਨੀ ਕਰਵਾਉਣੀ-ਸਰਬਜੀਤ ਸਿੰਘ
ਹਰਿੰਦਰ ਨਿੱਕਾ ਬਰਨਾਲਾ 1 5 ਅਪ੍ਰੈਲ 2020
ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਹੀ ਰਾਧਾ ਦੀ ਵਜ੍ਹਾ ਕਾਰਣ ਕੰਨਟੇਂਨਮੈਂਟ ਜ਼ੋਨ ਐਲਾਨੇ ਸੇਖਾ ਰੋਡ ਖੇਤਰ ਦੀ ਗਲੀ ਨੰਬਰ 4 ਚ, ਪਰਸੋਂ ਰਾਤ ਨੂੰ ਪੀਸੀਆਰ ਦੇ ਦੋ ਕਥਿਤ ਸ਼ਰਾਬੀ ਕਰਮਚਾਰੀਆਂ ਨੇ ਦੁੱਧ ਲੈਣ ਲਈ ਘਰੋਂ ਬਾਹਰ ਆਏ ਇੱਕ ਨਾਬਾਲਿਗ ਲੜਕੇ ਦੀ ਉਸ ਦੇ ਘਰ ਅੰਦਰ ਵੜ ਕੇ ਕੁੱਟ ਮਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੀ ਵੱਸ ਨਹੀਂ ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਆਪਣੇ ਬੇਟੇ ਨੂੰ ਪੁਲਿਸ ਦੀ ਕੁੱਟ ਤੋਂ ਬਚਾਉਣ ਲੱਗੀ ਔਰਤ ਸੱਤਿਆ ਨੂੰ ਵੀ ਪੁਲਿਸ ਵਾਲਿਆਂ ਦੀ ਕੁੱਟ ਦਾ ਸੇਕ ਝੱਲਣਾ ਪਿਆ। ਪਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ, ਜਦੋਂ ਥਾਣਾ ਸਿਟੀ 2 ਦੇ ਐਸਐਚਉ ਹਰਸਿਮਰਨ ਸਿੰਘ ਘਟਨਾ ਸਬੰਧੀ ਪੀੜਤ ਪਰਿਵਾਰ ਦੇ ਬਿਆਨ ਲੈਣ ਪਹੁੰਚੇ ਤਾਂ ਮੀਡੀਆ ਸਾਹਮਣੇ ਰੋ ਰੋ ਕੇ ਪੁਲਿਸ ਵਾਲਿਆਂ ਦੀ ਕੁੱਟਮਾਰ ਦੀ ਕਹਾਣੀ ਸੁਣਾਉਣ ਵਾਲੇ ਪਰਿਵਾਰ ਨੇ ਅਣਪਛਾਤੇ ਪੁਲਿਸ ਕਰਮਚਾਰੀਆਂ ਤੇ ਕੋਈ ਕਾਰਵਾਈ ਕਰਵਾਉਣ ਤੋਂ ਨਾਂਹ ਕਰ ਦਿੱਤੀ।
-ਕੋਰੋਨਾ ਤੋਂ ਪਹਿਲਾਂ ਸਾਨੂੰ ਭੁੱਖ ਤੇ ਪੁਲਿਸ ਦੀ ਕੁੱਟ ਮਾਰ ਦਿਉ
ਸੱਤਿਆ ਪਤਨੀ ਸਰਬਜੀਤ ਸਿੰਘ ਨੇ ਮੀਡੀਆ ਨੂੰ ਰੋ ਰੋ ਕੇ ਕਿਹਾ ਕਿ ਉਹ ਲੋਕਾਂ ਦੇ ਘਰਾਂ ਚ, ਝਾੜੂ-ਪੋਚੇ ਦਾ ਕੰਮ ਕਰਦੀ ਹੈ ਤੇ ਉਹਦਾ ਘਰਵਾਲਾ ਟਰੱਕ ਡਰਾਈਵਰ ਹੈ, ਜਿਸ ਦਾ ਅੱਖ ਦਾ ਆਪਰੇਸ਼ਨ ਹੋਣ ਕਰਕੇ ਉਹ ਮੰਜੇ ਤੇ ਹੀ ਪਿਆ, ਘਰ ਚ, ਹੋਰ ਕੋਈ ਕਮਾਉ ਮੈਂਬਰ ਨਹੀਂ। ਜਦੋਂ ਦਾ ਕਰਫਿਊ ਲੱਗਿਆ ਹੈ, ਉਦੋਂ ਤੋਂ ਮੈਂ ਵੀ ਘਰ ਚ, ਵਿਹਲੀ ਹੀ ਬੈਠੀ ਆਂ, ਚਾਰ ਦਿਨ ਤੋਂ ਚੌਹ ਜਣਿਆਂ ਦਾ ਪਰਿਵਾਰ ਭੁੱਖਣ-ਭਾਣਾ ਬੈਠਾ ਸੀ, ਪਰਿਵਾਰ ਨੂੰ ਰੋਟੀ ਤਾਂ ਦੂਰ ਚਾਹ ਵੀ ਪੀਣ ਨੂੰ ਨਹੀਂ ਮਿਲੀ ਸੀ। ਆਖਿਰ ਸੋਮਵਾਰ ਦੀ ਰਾਤ ਕਰੀਬ 9 ਕੁ ਵਜੇ ਉਸ ਦਾ ਮੁੰਡਾ ਜਸਪ੍ਰੀਤ ਘਰ ਤੋਂ ਬਾਹਰ ਕਿਸੇ ਗੁਆਂਢੀਆਂ ਦੇ ਘਰੋਂ, ਦੁੱਧ ਲੈਣ ਦੀ ਉਮੀਦ ਨਾਲ ਨਿੱਕਲਿਆ। ਬਾਹਰ ਮੋਟਰ ਸਾਈਕਲ ਵਾਲੇ 2 ਪੁਲਿਸ ਕਰਮਚਾਰੀ ਮਿਲ ਗਏ। ਉਨ੍ਹਾਂ ਦਬਕਾ ਮਾਰਿਆ ਤਾਂ ਜੁਆਕ ਡਰ ਕੇ ਘਰ ਅੰਦਰ ਆ ਵੜਿਆ। ਪਿੱਛੇ ਹੀ ਦੋਵੇਂ ਪੁਲਿਸ ਵਾਲੇ ਆ ਗਏ। ਦੋਵਾਂ ਦੀ ਸ਼ਰਾਬ ਪੀਤੀ ਹੋਈ ਸੀ। ਜਿੰਨਾਂ ਨੇ ਮੁੰਡੇ ਦੇ ਪਹਿਲਾ ਥੱਪੜ ਮਾਰੇ, ਫਿਰ ਸੋਟੀਆਂ ਨਾਲ ਕੁੱਟਣ ਲੱਗ ਪਏ। ਸੱਤਿਆ ਨੇ ਕਿਹਾ ਕਿ ਜਦੋਂ ਮੈਂ ਛੁਡਾਉਣ ਲੱਗੀ, ਪੁਲਿਸ ਵਾਲਿਆਂ ਨੇ ਉਸ ਦੇ ਵੀ ਲੱਤ ਤੇ ਡਾਂਗ ਮਾਰੀ, ਮਸਾਂ ਪੈਰੀ ਚੁੰਨੀ ਧਰ ਕੇ ਅਸੀਂ ਆਪਣਾ ਖਹਿੜਾ ਛੁਡਾਇਆ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਲੱਗਦੈ, ਸਾਡੇ ਵਰਗਿਆਂ ਨੂੰ ਭੁੱਖ ਅਤੇ ਪੁਲਿਸ ਦੀ ਕੁੱਟ ਮਾਰ ਦਿਊ।
-ਪੁਲਿਸ ਦਾ ਵੱਡਾ ਸਾਬ੍ਹ ਆਇਆ ਸੀ ਬਿਆਨ ਲੈਣ-ਸਰਬਜੀਤ ਸਿੰਘ
ਸੱਤਿਆ ਦੇ ਘਰਵਾਲੇ ਸਰਬਜੀਤ ਸਿੰਘ ਨੇ ਫੋਨ ਤੇ ਦੱਸਿਆ ਕਿ ਘਟਨਾ ਸਬੰਧੀ ਬਿਆਨ ਲੈਣ ਲਈ ਪੁਲਿਸ ਦਾ ਵੱਡਾ ਸਾਬ੍ਹ ਆਇਆ ਸੀ, ਅਸੀਂ ਤਾਂ ਉਸ ਨੂੰ ਦੋ ਟੁੱਕ ਕਹਿ ਦਿੱਤਾ, ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣੀ, ਜੋ ਹੋ ਗਿਆ ਸੋ, ਹੋ ਗਿਆ, ਅਸੀਂ ਨੀ ਪੁਲਿਸ ਨਾਲ ਆਢਾ ਲਾ ਸਕਦੇ ਗਰੀਬ ਬੰਦੇ ਹਾਂ, ਦੋ ਡੰਗ ਦੀ ਰੋਟੀ ਤਾਂ ਜੁੜਦੀ ਨਹੀਂ, ਕਿੱਥੋਂ ਕੇਸ ਚਲਾ ਲਵਾਂਗੇ। ਜਦੋਂ ਉਹਨੂੰ ਪੁੱਛਿਆ ਕਿ ਪੁਲਿਸ ਨੇ ਅਜਿਹਾ ਬਿਆਨ ਦੇਣ ਲਈ ਪਰਿਵਾਰ ਤੇ ਕੋਈ ਦਬਾਅ ਪਾਇਆ ਸੀ, ਤਾਂ ਉਹ ਨੇ ਨਾਂਹ ਚ, ਜੁਆਬ ਦੇ ਦਿੱਤਾ।
-ਕਾਨੂੰਨੀ ਕਾਰਵਾਈ ਲਈ ਗਏ ਸੀ, ਪਰ ਉਨ੍ਹਾਂ ਨਾਂਹ ਕਰਤੀ-ਐਸਐਚਉ
ਥਾਣਾ ਸਿਟੀ 2 ਦੇ ਐਸ.ਐਚ.ਉ. ਹਰਸਿਮਰਨ ਸਿੰਘ ਨੇ ਦੱਸਿਆ ਕਿ ਉਹ ਅੱਜ ਪੁਲਿਸ ਪਾਰਟੀ ਸਣੇ ਕਥਿਤ ਪੀੜਤ ਪਰਿਵਾਰ ਦੇ ਘਰ ਬਿਆਨ ਲਿਖਣ ਲਈ ਗਏ ਸੀ, ਤਾਂ ਜੋ ਕਥਿਤ ਦੋਸ਼ੀ ਪੁਲਿਸ ਵਾਲਿਆਂ ਦੀ ਸ਼ਿਨਾਖਤ ਕਰਕੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾ ਸਕੇ। ਪਰ ਸਰਬਜੀਤ ਸਿੰਘ ਤੇ ਉਹਦੀ ਘਰਵਾਲੀ ਨੇ ਕਿਸੇ ਕੁੱਟਮਾਰ ਦੀ ਘਟਨਾ ਦਾ ਕੋਈ ਜਿਕਰ ਹੀ ਨਹੀਂ ਕੀਤਾ ਅਤੇ ਕਿਸੇ ਖਿਲਾਫ ਵੀ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤਰਾਂ ਪੀੜਤ ਦੇ ਬਿਆਨ ਤੋਂ ਕੋਈ ਕਾਨੂੰਨੀ ਕਾਰਵਾਈ ਅਮਲ ,ਚ ਨਹੀਂ ਲਿਆਂਦੀ ਜਾ ਸਕਦੀ ।