ਕਰਫਿਊ ਪਾਸ ਤੋਂ ਬਿਨਾਂ ਹੀ ਡਾਰਾਂ ਬੰਨ੍ਹ ਬੰਨ੍ਹ ਜਾ ਰਹੇ ਫੈਕਟਰੀ ਦੇ ਕਰਮਚਾਰੀ
-ਬਾਬਾ ਫਰੀਦ ਨਗਰ ਦੇ ਲੋਕਾਂ ਨੇ ਕੰਟਰੋਲ ਰੂਮ ਤੇ ਕੀਤੀ ਸ਼ਿਕਾਇਤਹਰਿੰਦਰ ਨਿੱਕਾ ਬਰਨਾਲਾ 15 ਅਪ੍ਰੈਲ 2020
ਦੇਸ਼ ਅੰਦਰ ਲੌਕਡਾਉਨ ਤੀਸਰੇ ਗੇੜ ਚ, ਵੀ ਜਾ ਪਹੁੰਚਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੀ ਇਸ ਭਿਆਨਕ ਮਹਾਂਮਾਰੀ ਦੇ ਸੰਕਟ ਚ, 3 ਮਈ ਤੱਕ ਹੋਰ ਘਰਾਂ ਅੰਦਰ ਹੀ ਰਹਿਣ ਦਾ ਫੁਰਮਾਨ ,ਭੁੱਖ ਦਾ ਦੁੱਖ ਪਲ-ਪਲ ਹੱਡੀਂ ਹੰਢਾ ਰਹੇ ਲੋਕਾਂ ਦੀ ਤਰਸਯੋਗ ਹਾਲਤ ਨੂੰ ਸਮਝਿਆਂ ਅਤੇ ਹੱਲ ਕਰਿਆਂ ਬਿਨਾਂ ਹੀ ਸੁਣਾ ਦਿੱਤਾ ਹੈ। ਲੌਕਡਾਉਣ ਕਾਰਣ ,ਮਜ਼ਦੂਰ, ਰੇਹੜੀਆਂ,ਫੜ੍ਹੀ ਵਾਲੇ, ਛੋਟੇ ਦੁਕਾਨਦਾਰ ਤੇ ਛੋਟੇ-ਮੋਟੇ ਕਾਰਖਾਨਿਆਂ ਚ, ਨੌਕਰੀ ਕਰਕੇ ਪੇਟ ਪਾਲਦੇ ਲੱਗਭੱਗ ਸਾਰੇ ਲੋਕ ਆਪਣੇ ਢਿੱਡ ਦਾ ਦੁੱਖ ਸੀਨੇ ਚ, ਹੀ ਦਫਨ ਕਰਕੇ ਫਿਰ ਘਰਾਂ ਅੰਦਰ ਬੰਦ ਹਨ । ਜਰੂਰੀ ਸਮਾਨ ਲੈਣ ਦੀ ਮਜ਼ਬੂਰੀ ਚ, ਘਰੋਂ ਨਿੱਕਲੇ ਜਰੂਰਤਮੰਦ ਲੋਕਾਂ ਨੂੰ ਪੁਲਿਸ ਦੀਆਂ ਧਾੜਾਂ ਅੰਦਰ ਵੜੇ ਰਹਿਣ ਲਈ, ਹੱਥਾਂ ਚ, ਡਾਂਗਾ ਲਈ ਸੜਕਾਂ ਤੇ ਚੌਂਕ ਚੌਰਾਹਿਆਂ ਵਿੱਚ ਆਦਮ-ਬੋ-ਆਦਮ ਬੋ ਕਰਦੀਆਂ ਫਿਰਦੀਆਂ ਹਨ।
ਇੱਕ ਪੱਖ ਇਹ ਵੀ ਹੈ,,
ਹਰ ਰੋਜ਼ ਜਿਲ੍ਹੇ ਦੇ ਸਭ ਤੋਂ ਵੱਡੇ ਉਦਯੋਗ ਦੇ ਹਜ਼ਾਰਾਂ ਕਰਮਚਾਰੀ ਬਿਨਾਂ ਕਿਸੇ ਕਰਫਿਊ ਪਾਸ ਅਤੇ ਸੋਸ਼ਲ ਦੂਰੀ ਦਾ ਖਿਆਲ ਕੀਤਿਆਂ ਹੀ ਸੜਕਾਂ ਤੇ ਪੁਲਿਸ ਕਰਮਚਾਰੀਆਂ ਦੇ ਅੱਗੋਂ ਦੀ ਫੂੰਕਾਰੇ ਮਾਰਦੇ ਲੰਘਦੇ ਹਨ। ਜਿਨ੍ਹਾਂ ਨੂੰ ਰੋਕਣਾ ਤਾਂ ਦੂਰ , ਇਸ਼ਾਰਾ ਕਰਕੇ ਕੁੱਝ ਪੁੱਛਣ ਦੀ ਹਿੰਮਤ ਤੱਕ ਕਿਸੇ ਪੁਲਿਸ ਕਰਮਚਾਰੀ ਤੇ ਅਧਿਕਾਰੀ ਦੀ ਨਹੀਂ ਪੈਂਦੀ । ਪੈ ਵੀ ਕਿਵੇਂ ਸਕਦੀ ਐ, ਜਦੋਂ ਵੱਡਾ ਸਾਬ੍ਹ ਉਦਯੋਗ ਵਾਲਿਆਂ ਦੇ ਠਹਿਰਿਆ ਹੋਇਆ ਹੈ। ਘਰੀਂ ਬੰਦ ਲੋਕਾਂ ਦੇ ਮਨਾਂ ਚ, ਇਹੋ ਸਵਾਲ ਵਾਰ ਵਾਰ ਉੱਠਦੈ, ਬਈ ਇਹ ਵੱਡੀ ਫੈਕਟਰੀ ਵਾਲਿਆਂ ਤੇ ਕੋਰੋਨਾ ਵਾਇਰਸ ਦਾ ਕੋਈ ਅਸਰ ਕਿਉਂ ਨਹੀਂ ਹੁੰਦਾ? ਜਾਂ ਫਿਰ ਪ੍ਰਧਾਨਮੰਤਰੀ ਦੇ ਐਲਾਨ ਤੇ ਦਫਾ 144 ਦੇ ਡੀਸੀ ਦੁਆਰਾ ਜ਼ਾਰੀ ਹੁਕਮ ਇੱਨ੍ਹਾਂ ਤੇ ਲਾਗੂ ਕਿਉਂ ਨਹੀਂ ਹੁੰਦੇ ?
ਪੁੱਛਣ ਤੇ ਫੈਕਟਰੀ ਵਾਲਿਆਂ ਦਾ ਦੋ ਟੁੱਕ ਜੁਆਬ ਮਿਲਦੈ । ਸਾਡੀ ਤਾਂ ਫੈਕਟਰੀ ਬੰਦ ਐ , ਲੋਕ ਸੋਚਦੇ ਨੇ, ਬਈ ਜੇ ਫੈਕਟਰੀ ਬੰਦ ਐ , ਫਿਰ ਇਹ ਵਰਦੀਆਂ ਪਾਈ ਹਜ਼ਾਰਾਂ ਕਰਮਚਾਰੀ ਸਵੇਰੇ ਹੀ ਕਿੱਧਰ ਵਹੀਰਾਂ ਘੱਤ ਦਿੰਦੇ ਹਨ। ਕੋਈ ਪੁਲਿਸ ਕਰਮਚਾਰੀ ਜਾਂ ਵੱਡਾ ਅਧਿਕਾਰੀ, ਇਹਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਰੀ ਲੌਕਡਾਉਨ ਤੇ ਸੋਸ਼ਲ ਡਿਸਟੈਂਸ ਦੀ ਪਰਿਭਾਸ਼ਾ ਤੇ ਅਹਿਮੀਅਤ ਕਿਉਂ ਨਹੀਂ ਸਮਝਾਉਂਦਾ ? ਬਈ ਤੁਸੀ ਘਰਾਂ ਚ, ਹੀ ਬੰਦ ਰਹੋ। ਪਤਾ ਨਹੀਂ ਕਿਉਂ ! ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਇਸ ਤਰਾਂ ਡਿਊਟੀਆਂ ਤੇ ਜਾਣ ਦੀ ਛੋਟ ਕਿਹੜੇ ਕਾਇਦੇ ਕਾਨੂੰਨ ਅੰਦਰ ਦੇ ਰੱਖੀ ਹੈ ? ਜੇਕਰ ਰੱਬ ਨਾ ਕਰੇ ਕਿ ਕੋਰੋਨਾ ਵਾਇਰਸ, ਇਨਾਂ ਫੈਕਟਰੀ ਕਰਮਚਾਰੀਆਂ ਦੀ ਬਦੌਲਤ ਇਲਾਕੇ ਚ, ਫੈਲ ਗਿਆ ਤਾਂ ਇਸ ਦੀ ਜਿੰਮੇਵਾਰੀ ਕੌਣ ਲਵੇਗਾ ? ਅੱਜ ਨਹੀਂ ਤਾਂ ਕੱਲ੍ਹ ਜਿੰਮੇਵਾਰ ਅਧਿਕਾਰੀਆਂ ਨੂੰ ਕਟਿਹਰੇ ਚ, ਖੜ੍ਹਨਾ ਹੀ ਪਊਗਾ ।
.ਬੱਲੇ ਉਏ ਚਲਾਕ ਸੱਜਣੋਂ, ਅੱਖੀਂ ਘੱਟਾ ਪਾਉਣ ਦਾ ਢੰਗ ਚੰਗਾ ਲੱਭਿਐ,,
ਵੱਡੇ ਉਦਯੋਗ ਵਾਲਿਆਂ ਨੇ ਲੋਕਾਂ ਦੇ ਤੇ ਸਰਕਾਰ ਦੇ ਅੱਖੀਂ ਘੱਟਾ ਪਾਉਣ ਦਾ ਢੰਗ ਵਧੀਆ ਲੱਭਿਐ । ਬਾਬਾ ਫਰੀਦ ਨਗਰ ਦੇ ਸਾਹਮਣੇ ਚੰਡੀਗੜ੍ਹ ਲੈਬ ਕੋਲ ਹੋਰ ਫੈਕਟਰੀ ਦੀ ਬੱਸ ਚੁੱਪ ਕਰਕੇ ਖੜ੍ਹੀ ਹੁੰਦੀ ਹੈ, ਤੇ ਵੱਡੀ ਫੈਕਟਰੀ ਦੇ ਕਰਮਚਾਰੀ ਛਾਲਾਂ ਮਾਰ ਮਾਰ ਕੇ ਬੱਸ ਚ, ਚੜ੍ਹ ਜਾਂਦੇ ਹਨ। ਇੱਥੇ ਹੀ ਬੱਸ ਨਹੀਂ, ਵੱਡੀ ਫੈਕਟਰੀ ਵਾਲੇ ਨੇ ਇਹ ਐਲਾਨ ਕਰਕੇ ਧਰਮਾਤਮਾਂ ਬਣਨ ਲਈ ਕਹਿ ਦਿੱਤਾ, ਕਿ ਉਹ ਲੌਕਡਾਉਨ ਦੇ ਸਮੇਂ ਦੀ ਕਰਮਚਾਰੀਆਂ ਦੀ ਤਨਖਾਹ ਨਹੀਂ ਕੱਟੇਗਾ, ਗੱਲ ਠੀਕ ਵੀ ਐ, ਨਾ 9 ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ। ਜਦੋਂ ਲੌਕਡਾਉਨ ਦੇ ਸਮੇਂ ਫੈਕਟਰੀ ਚ, ਕਰਮਚਾਰੀ ਕੰਮ ਕਰਦੇ ਰਹਿਣਗੇ,ਫਿਰ ਤਨਖਾਹ ਕੱਟਣ ਦੀ ਲੋੜ ਹੀ ਨਹੀਂ ਪੈਣੀ।
–ਫਰੀਦ ਨਗਰ ਦੇ ਲੋਕਾਂ ਦੀ ਸ਼ਿਕਾਇਤ ਦਾ ਕੀ ਬਣੂ ?
ਪੈਰਾਡਾਈਜ਼ ਹੋਟਲ ਦੇ ਪਿਛਲੇ ਪਾਸੇ ਪੈਂਦੇ ਬਾਬਾ ਫਰੀਦ ਨਗਰ ਚ, ਵੀ ਫੈਕਟਰੀ ਦੇ ਕਰੀਬ 25/30 ਕਰਮਚਾਰੀ ਕਿਰਾਏ ਤੇ ਰਹਿੰਦੇ ਹਨ। ਜਿਹੜੇ ਰੋਜ਼ਾਨਾ ਡਿਊਟੀ ਤੇ ਸਵੇਰੇ- ਸ਼ਾਮ ਆਉਣ ਜਾਣ ਕਰਦੇ ਹਨ। ਇਲਾਕੇ ਦੇ ਲੋਕਾਂ ਨੂੰ ਇਹ ਡਰ ਵੱਢ-ਵੱਢ ਖਾ ਰਿਹਾ ਹੈ , ਕਿ ਜਦੋਂ ਇਹ ਕਰਮਚਾਰੀ ਸੋਸ਼ਲ ਦੂਰੀ ਰੱਖੇ ਬਿਨਾਂ ਹੀ ਹਜ਼ਾਰਾਂ ਦੀ ਸੰਖਿਆ ਚ, ਫੈਕਟਰੀ ਵਿੱਚ ਇਕੱਠੇ ਕੰਮ ਕਰਦੇ ਨੇ, ਕਿਤੇ ਇਹ ਕੋਰੋਨਾ ਦੀ ਪਕੜ ਚ, ਨਾ ਆ ਜਾਣ । ਜੇਕਰ ਅਜਿਹਾ ਹੋਇਆ, ਫਿਰ ਉਨ੍ਹਾਂ ਦੇ ਇਲਾਕੇ ਨੂੰ ਵੀ ਕਿਤੇ ਸੇਖਾ ਰੋਡ ਖੇਤਰ ਦੀ ਤਰਾਂ ਪ੍ਰਸ਼ਾਸਨ ਸੀਲ ਹੀ ਨਾ ਕਰ ਦੇਵੇ। ਇਸੇ ਡਰ ਕਾਰਣ ਅੱਜ ਇਲਾਕੇ ਦੇ ਲੋਕਾਂ ਨੇ ਪਹਿਲਾਂ ਫੈਕਟਰੀ ਦੇ ਕਰਮਚਾਰੀਆਂ ਨੂੰ ਸਮਝਾਇਆ ਬਈ, ਲੌਕਡਾਉਨ ਹੋਇਆ ਹੈ, ਤੁਸੀ ਘਰੋਂ ਬਾਹਰ ਨਾ ਜਾਇਆ ਕਰੋ, ਆਪ ਤੇ ਡੁੱਬੇ ਕਿਤੇ ਜਜਮਾਨ ਵੀ ਡੋਬੇ ਵਾਲੀ ਕਹਾਵਤ ਸੱਚ ਨਾ ਕਰ ਦਿਉ । ਜੇ ਡਿਊਟੀ ਜਾਣੈ, ਫਿਰ ਉੱਥੇ ਹੀ ਰਹੋ । ਇਸ ਖੇਤਰ ਦੇ ਰਹਿਣ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਆਤਮਾ ਸਿੰਘ ਬਾਹੀਆ, ਜਗਸੀਰ ਸਿੰਘ, ਬੇਅੰਤ ਸਿੰਘ, ਅਮਰਿੰਦਰ ਸਿੰਘ, ਉਦੇਸ਼ ਕੁਮਾਰ ਪਾਸੀ, ਲਾਡੀ, ਜਗਤਾਰ ਸਿੰਘ ਤੇ ਜਗਰੂਪ ਸਿੰਘ ਨੇ ਕਿਹਾ ਕਿ ਅਸੀਂ ਫੈਕਟਰੀ ਕਰਮਚਾਰੀਆਂ ਨੂੰ ਅੱਜ ਸਾਫ ਸ਼ਬਦਾਂ ਚ, ਕਹਿ ਦਿੱਤਾ, ਜੇ ਫੈਕਟਰੀ ਰੋਜ ਜਾਣੈ, ਫਿਰ ਸਾਡੇ ਘਰਾਂ ਚ, ਨਾ ਰਹੋ, ਉੱਥੇ ਹੀ ਰਿਹਾ ਕਰੋ । ਅਸੀਂ ਤੁਹਾਡੇ ਤੋਂ ਲੌਕਡਾਉਨ ਦੇ ਸਮੇਂ ਦਾ ਕੋਈ ਕਿਰਾਇਆ ਨਹੀਂ ਲੈਂਦੇ। ਪਰ ਕਰਮਚਾਰੀਆਂ ਨੇ ਆਪਣੀ ਬੇਵਸੀ ਇਹ ਦੱਸੀ , ਕਿ ਉਹ ਕੋਈ ਚਾਅ ਨਾਲ ਨਹੀਂ ਜਾਂਦੇ । ਲਾਲਾ ਜੀ ਮਜਬੂਰ ਕਰਦੈ, ਜੇ ਨਾ ਗਏ, ਉਹ ਫੈਕਟਰੀ ਚੋਂ ਛੁੱਟੀ ਕਰ ਦਿਉ । ਆਤਮਾ ਸਿੰਘ ਨੇ ਦੱਸਿਆ ਕਿ ਅਸੀਂ, ਕੰਟਰੋਲ ਰੂਮ ਤੇ ਆਪਣੀ ਸਮੱਸਿਆ ਸਬੰਧੀ ਸ਼ਿਕਾਇਤ ਦਰਜ਼ ਕਰਵਾ ਦਿੱਤੀ ਹੈ । ਹੁਣ ਕੱਲ੍ਹ ਤੱਕ ਦੇਖਾਂਗੇ, ਜੇ ਕੋਈ ਹੱਲ ਨਾ ਹੋਇਆ, ਫਿਰ ਆਪਣੇ ਇਲਾਕੇ ਦੀ ਸੁਰੱਖਿਆ ਦਾ ਨਿਰਣਾ ਅਸੀਂ ਆਪ ਹੀ ਕਰਾਂਗੇ । ਬਈ ਕਿਰਾਏ ਦੇ ਦੋ ਛਿੱਲੜਾਂ ਦੇ ਲਾਲਚ ਚ, ਆਪ ਤੇ ਆਪਣੇ ਇਲਾਕੇ ਦੀ ਜਾਨ ਜੋਖਿਮ ਚ, ਕਿਉਂ ਪਾਈਏ ।