ਯੂ.ਪੀ. ‘ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 8 ਕਿਸਾਨ ਭਾਜਪਾ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਖਿਲਾਫ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
ਹਰਪ੍ਰੀਤ ਕੌਰ ਬਬਲੀ , ਸੰਗਰੂਰ 4 ਅਕਤੂਬਰ 2021
ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਤਿੰਨ ਵਿਦਿਆਰਥੀਆਂ ਜੱਥੇਬੰਦੀਆਂ ਵੱਲੋਂ ਯੂ ਪੀ ‘ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 8 ਕਿਸਾਨ ਭਾਜਪਾ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਰਮਨ ਸਿੰਘ ਕਾਲਾਝਾੜ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਮਨਜੀਤ ਸਿੰਘ ਨਮੋਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੇ ਆਗੂ ਭਿੰਦਰ ਸਿੰਘ ਚੰਗਾਲੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਮੁਤਾਬਕ ਭਾਰੀ ਗਿਣਤੀ ‘ਚ ਕਿਸਾਨ ਯੂ ਪੀ ਦੇ ਉੱਪ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਾਰਨ ਦਾ ਸ਼ਾਂਤਮਈ ਵਿਰੋਧ ਕਰ ਰਹੇ ਸਨ। ਪ੍ਰਸ਼ਾਸਨ ਵੱਲੋਂ ਹੈਲੀਕਾਪਟਰ ਦਾ ਰਸਤਾ ਬਦਲਣ ਮਗਰੋਂ ਸ਼ਾਂਤਮਈ ਵਾਪਸ ਜਾ ਰਹੇ ਕਿਸਾਨਾਂ ਨੂੰ ਕੁਚਲਣ ਵਾਲਾ ਇਹ ਕਾਰਾ ਕੀਤਾ ਗਿਆ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਮੁਲਕ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਲੇ ਦੇਸ਼ ਵਿਆਪੀ ਸਾਂਝੇ ਸੰਘਰਸ਼ ਨੇ ਭਾਜਪਾ ਹਕੂਮਤਾਂ ਨੂੰ ਹੱਥਾਂ ਪੈਰਾਂ ਦੀ ਪਾ ਰੱਖੀ ਹੈ। ਜਿਸ ਕਾਰਨ ਉਹ ਭੜਕਾਹਟ ਪੈਦਾ ਕਰਨ ਵਾਲੇ ਅਜਿਹੇ ਜਾਨਲੇਵਾ ਹਮਲਿਆਂ ‘ਤੇ ਉੱਤਰ ਆਈਆਂ ਹਨ। ਵਿਦਿਆਰਥੀ ਆਗੂਆਂ ਨੇ ਦਾਅਵਾ ਕੀਤਾ ਕਿ ਪਹਿਲਾਂ ਚੱਲੀਆਂ ਅਨੇਕਾਂ ਭੜਕਾਹਟ ਭਰੀਆਂ ਹਕੂਮਤੀ ਚਾਲਾਂ ਵਾਂਗ ਹੀ ਇਸ ਜਾਬਰ ਗੁੰਡਾਗਰਦ ਚਾਲ ਨੂੰ ਵੀ ਪੂਰੀ ਤਰ੍ਹਾਂ ਪਛਾੜਿਆ ਜਾਵੇਗਾ। ਵਿਦਿਆਰਥੀ ਜੱਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਅਜਿਹਾ ਦਰਦਨਾਕ ਕਾਰਾ ਕਰਨ ਵਾਲੇ ਗੁੰਡਾਗਰਦ ਟੋਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਸਿੰਘ ਹਥਨ , ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ (ਪੰਜਾਬ) ਵੱਲੋਂ ਗੁਰਵਿੰਦਰ ਸਿੰਘ ਅਤੇ ਜੀਵਨਜੋਤ ਕੌਰ ਤੋਂ ਇਲਾਵਾ ਗੁਰਪ੍ਰੀਤ ਜੱਸਲ, ਸੰਦੀਪ ਕੌਰ,ਪ੍ਰਿੰਸ, ਜਸ਼ਨ ਚੰਗਾਲ, ਸੁਖਚੈਨ ਸਿੰਘ ਪੁੰਨਾਵਾਲ, ਆਦਿ ਹਾਜ਼ਰ ਸਨ।