ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੇ ਵੀ ਰਾਧਾ ਨੇ ਹੌਂਸਲਾ ਨਹੀਂ ਹਾਰਿਆ,,
ਹੁਣ ਇੱਕ ਵਾਰ ਕੋਰੋਨਾ ਮੁਕਤ ਹੋਇਆ ਜਿਲ੍ਹਾ ਬਰਨਾਲਾ,ਲੋਕਾਂ ਨੇ ਲਿਆ ਸੁੱਖ ਦਾ ਸਾਹ
ਹਰਿੰਦਰ ਨਿੱਕਾ ਬਰਨਾਲਾ 14 ਅਪਰੈਲ 2020
ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੀ ਰਿਪੋਰਟ ਨੈਗੇਟਿਵ ਆਉਦਿਆਂ ਹੀ ਜਿਲ੍ਹੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਖੁਸ਼ੀ ਸੁਭਾਵਿਕ ਹੀ ਹੈ, ਕਿਉਂਕਿ 6 ਅਪ੍ਰੈਲ ਨੂੰ ਜਦੋਂ ਰਾਧਾ ਦੀ ਰਿਪੋਰਟ ਪੌਜੇਟਿਵ ਆਈ ਸੀ,ਤਾਂ ਇਲਾਕੇ ਦੇ ਹਰ ਵਿਅਕਤੀ ਦੇ ਮਨ ਚ, ਕੋਰੋਨਾ ਦਾ ਖੌਫ ਪੈਦਾ ਹੋ ਗਿਆ ਸੀ। ਰਾਧਾ ਨੂੰ 1 ਅਪ੍ਰੈਲ ਨੂੰ ਬਰਨਾਲਾ ਸਿਵਲ ਹਸਪਤਾਲ ਚ, ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਬਰਨਾਲਾ ਜਿਲ੍ਹਾ ਕੋਰੋਨਾ ਮੁਕਤ ਹੋ ਗਿਆ ਹੈ । ਰਾਧਾ ਤੋਂ ਬਿਨਾਂ , ਬਰਨਾਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ, ਭਰਤੀ ਹਰ ਸ਼ੱਕੀ ਮਰੀਜ਼ ਦੀ ਰਿਪੋਰਟ ਹਾਲੇ ਤੱਕ ਨੈਗੇਟਿਵ ਹੀ ਆਈ ਹੈ।
-ਮੈਨੂੰ ਪੂਰਾ ਭਰੋਸਾ ਸੀ, ਮੰਮਾ ਮੇਰੇ ਜਰੂਰ ਠੀਕ ਹੋਣਗੇ-ਸੁਮਨ ਖਨਾਲ
ਰਾਧਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰਾਧਾ ਦੀ ਬੇਟੀ ਸੁਮਨ ਖਨਾਲ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੰਮਾ ਦੀ ਰਿਪੋਰਟ ਪੌਜੇਟਿਵ ਆਈ ਤਾਂ ਉਸਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ । ਮੈਨੂੰ ਤੇ ਮੇਰੇ ਡੈਡੀ ਨੂੰ ਵੀ ਵੱਖਰੇ-ਵੱਖਰੇ ਆਈਸੋਲੇਟ ਕਰ ਦਿੱਤਾ ਗਿਆ, ਅਸੀਂ ਪਰਿਵਾਰ ਦੇ ਤਿੰਨ ਜੀਅ ਵੱਖ ਵੱਖ ਹੋ ਗਏ। ਮੰਮਾ ਦਾ ਇਲਾਜ਼ ਕਰਨ ਵਾਲੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਸੀ। ਇਲਾਜ਼ ਦੀ ਕੋਈ ਵੀ ਸੰਭਾਵਨਾ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਹੀ । ਇਸ ਘੋਰ ਸੰਕਟ ਦੇ ਦੌਰਾਨ ਮੈਨੂੰ , ਬਰਨਾਲਾ-ਸੰਗਰੂਰ ਮੁੱਖ ਸੜਕ ਤੇ ਸਥਿਤ ,, ਸ੍ਰੀ ਸੰਕਟ ਮੋਚਨ ਹਨੂੰਮਾਨ ਮੰਦਿਰ ,ਬਰਨੇ ਵਾਲਾ ਧਨੌਲਾ ਵਾਰੇ ਮਨ ਚ, ਖਿਆਲ ਆਇਆ । ਮੈਂ ਉਦੋਂ ਹੀ ਭਗਵਾਨ ਹਨੂੰਮਾਨ ਜੀ ਦਾ ਧਿਆਨ ਧਰ ਕੇ ਸੁੱਖ, ਸੁੱਖੀ ਕਿ ,,ਹੇ ਸੰਕਟ ਮੋਚਨ ਭਗਵਾਨ ਹਨੂੰਮਾਨ ਜੀ, ਜੇ ਮੇਰੀ ਮੰਮਾ ਤੇ ਸਾਡਾ ਸੰਕਟ ਹਰ ਦਿਉ ਤਾਂ ,,ਮੈਂ ਆਪਣੇ ਘਰ ਤੋਂ ਨੰਗੇ ਪੈਰੀ ਪੈਦਲ ਚੱਲ ਕੇ ਮੰਦਿਰ ਆਉਂਗੀ। ਪਹਿਲਾਂ ਡੈਡੀ ਤੇ ਇਲਾਜ਼ ਕਰਨ ਵਾਲੇ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਤੇ ਫਿਰ ਮੇਰੀ ਰਿਪੋਰਟ ਵੀ ਨੈਗੇਟਿਵ ਆ ਗਈ । ਮੈਨੂੰ ਭਰੋਸਾ ਹੋਇਆ ਕਿ ਹੁਣ ਹਨੂੰਮਾਨ ਜੀ ਨੇ ਉਸ ਦੇ ਪਰਿਵਾਰ ਦਾ ਸੰਕਟ ਕੱਟ ਦਿੱਤਾ ਹੈ। ਫਿਰ ਵੀ 9 ਦਿਨ ਤੱਕ ਅਸੀਂ ਪੂਰੀ ਮੁਸੀਬਤ ਚ, ਰਹੇ । ਹਰ ਕੋਈ ਸਾਥੋਂ ਦੂਰੀ ਬਣਾ ਕੇ ਰਹਿਣਾ ਚਾਹੁੰਦਾ ਸੀ , ਰਹਿੰਦਾ ਵੀ ਕਿਉਂ ਨਾ, ਜਦੋਂ ਇਹ ਵਾਇਰਸ ਇੱਕ ਤੋਂ ਦੂਸਰੇ ਚ, ਬੜੀ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦਾ ਹੈ। ਆਖਿਰ 14 ਅਪ੍ਰੈਲ ਦੀ ਸ਼ਾਮ ਹਨੂੰਮਾਨ ਜੀ ਦੀ ਪੂਜਾ ਦੇ ਦਿਨ ਮੰਗਲਵਾਰ ਨੂੰ ਹੀ ਰਾਧਾ ਮੰਮਾ ਦੀ ਰਿਪੋਰਟ ਵੀ ਨੈਗੇਟਿਵ ਆਉਣ ਦੀ ਸੂਚਨਾ ਹਸਪਤਾਲ ਵਾਲਿਆਂ ਨੇ ਸੁਣਾ ਦਿੱਤੀ। ਸੁਮਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਭਗਵਾਨ ਹਨੂੰਮਾਨ ਜੀ ਦਾ ਸ਼ੁਕਰੀਆ ਅਦਾ ਕਰਦੀ ਹਾਂ । ਫਿਰ ਧਰਤੀ ਤੇ ਰੱਬ ਦਾ ਦੂਸਰਾ ਰੂਪ ਬਣ ਕੇ ਇਲਾਜ਼ ਕਰਨ ਵਾਲੇ ਬਰਨਾਲਾ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪੂਰੀ ਟੀਮ ਅਤੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦੀ ਹਾਂ। ਸੁਮਨ ਨੇ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਮੰਮਾ ਠੀਕ ਹੋ ਜਾਣਗੇ। ਕਿਉਂਕਿ ਕੁਝ ਦਿਨ ਤੋਂ ਉਹ ਆਕਸੀਜ਼ਨ ਤੇ ਡਰਿੱਪ ਤੋਂ ਬਿਨਾਂ ਹੀ ਬਹੁਤ ਅੱਛਾ ਮਹਿਸੂਸ ਕਰ ਰਹੇ ਸਨ । ਸੁਮਨ ਨੇ ਕਿਹਾ ਕਿ ਹੁਣ ਮੰਮਾ ਦੇ ਘਰ ਆ ਜਾਣ ਤੋਂ ਬਾਅਦ , ਮੈਂ ਸੰਕਟ ਮੋਚਨ ਮੰਦਿਰ ਨੰਗੇ ਪੈਰੀ ਜਾ ਕੇ ਮੱਥਾ ਟੇਕਣ ਜਾਵਾਂਗੀ । ਤੇ ਹੁਣ ਮੈਂ ਕੋਰੋਨਾ ਮਹਾਂਮਾਰੀ ਤੋਂ ਪੂਰੇ ਵਿਸ਼ਵ ਨੂੰ ਰਾਹਤ ਦੇਣ ਲਈ ਮੰਨਤ ਮੰਗ ਕੇ ਆਉਂਗੀ ।
,,ਮੈਂ ਪਾਠ- ਪੂਜਾ ਚ, ਬਹੁਤਾ ਯਕੀਨ ਨਹੀਂ ਕਰਦਾ-ਮੁਕਤੀ ਨਾਥ ਖਨਾਲ
ਰਾਧਾ ਦੇ ਪਤੀ ਮੁਕਤੀ ਨਾਥ ਨੇ ਕਿਹਾ ਕਿ ਉਹ ਪੂਜਾ ਪਾਠ ਚ, ਬਹੁਤਾ ਯਕੀਨ ਨਹੀਂ ਕਰਦਾ । ਰਾਧਾ ਭਗਵਾਨ ਸ਼ਿਵ ਤੇ ਬਾਬਾ ਬਾਲਕ ਨਾਥ ਜੀ ਦੀ ਪੱਕੀ ਸ਼ਰਧਾਲੂ ਹੈ ਤੇ ਬੇਟੀ ਸੁਮਨ ਖਨਾਲ ਵੀ ਪੂਜਾ ਪਾਠ ਕਰਦੀ ਰਹਿੰਦੀ ਹੈ। ਉਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਰਾਧਾ ਨੇ ਵੀ ਕੋਈ ਸੁੱਖ ਜਰੂਰ ਸੁੱਖੀ ਹੋਊਗੀ। ਕਿਉਂਕਿ ਉਹ ਸੇਖਾ ਰੋਡ ਖੇਤਰ ਚ, ਸਥਾਪਿਤ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਚ ਪੂਜਾ ਕਰਨ ਜਾਂਦੀ ਸੀ। ਜਦੋਂ ਸਮਾਂ ਲੱਗਦਾ ਤਾਂ ਰਾਧਾ ਚੰਡੀਗੜ੍ਹ ਦੇ ਨਜ਼ਦੀਕ ਪਹਾੜੀ ਤੇ ਬਣੇ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਤੇ ਵੀ ਜਰੂਰ ਜਾ ਕਾ ਆਉਂਦੀ ਸੀ। ਸ਼ਾਇਦ ਉਸ ਦੇ ਇਸੇ ਵਿਸ਼ਵਾਸ਼ ਕਾਰਣ ਹੀ ਉਸ ਨੇ ਭਿਆਨਕ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੇ ਵੀ ਹੌਂਸਲਾ ਨਹੀਂ ਹਾਰਿਆ । ਪਟਿਆਲਾ ਹਸਪਤਾਲ ਚ, ਰੈਫਰ ਹੋਣ ਤੋਂ ਬਾਅਦ , ਜਦੋਂ ਵੀ ਉਹ ਗੱਲ ਕਰਦੀ ਸੀ, ਸਾਨੂੰ ਹੌਂਸਲਾ ਦਿੰਦੀ ਸੀ, ਕਿ ਤੁਸੀ ਚਿੰਤਾ ਨਾ ਕਰੋ, ਮੈਂ ਠੀਕ ਹਾਂ, ਭਗਵਾਨ ਆਪੇ ਸਭ ਠੀਕ ਕਰ ਦੇਣਗੇ।
-ਰਾਧਾ ਦੇ ਕੋਰੋਨਾ ਪੌਜੇਟਿਵ ਆਉਣ ਤੇ ਸਹਿਮ ਗਏ ਸੀ ਲੋਕ
ਲੋਕਾਂ ਦੇ ਸਹਿਮ ਦਾ ਕਾਰਣ ਸਾਫ ਸੀ ਕਿ ਰਾਧਾ ਦਾ ਪਤੀ ਮੁਕਤੀ ਨਾਥ ,ਟਰਾਈਡੈਂਟ ਗਰੁੱਪ ਉਦਯੋਗ ਧੌਲਾ ਕੰਪਲੈਕਸ ਚ, ਨੌਕਰੀ ਕਰਦਾ ਹੈ । ਬਰਨਾਲਾ ਹੀ ਨਹੀਂ, ਲੱਗਭੱਗ ਹਰ ਪਿੰਡ ਤੇ ਨੇੜਲੇ ਜਿਲ੍ਹਿਆਂ ਤੋਂ, ਵੀ ਹਜ਼ਾਰਾਂ ਕਰਮਚਾਰੀ ਇਸ ਉਦਯੋਗ ਚ,ਕੰਮ ਕਰਦੇ ਹਨ । ਕੋਰੋਨਾ ਦੇ ਬੇਰੋਕ-ਟੋਕ ਫੈਲਾਅ ਤੋਂ ਹਰ ਕੋਈ ਚਿੰਤਿਤ ਸੀ, ਕਿਉਂਕਿ ਕੋਈ ਆਪ ,ਕਿਸੇ ਦਾ ਰਿਸ਼ਤੇਦਾਰ ਤੇ ਕਿਸੇ ਦਾ ਕੋਈ ਗੁਆਂਢੀ, ਸਿੱਧੇ ਜਾਂ ਅਸਿੱਧੇ ਰੂਪ ਚ, ਟਰਾਈਡੈਂਟ ਗਰੁੱਪ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਕੋਰੋਨਾ ਦੇ ਪੈਰ ਵਧੇਰੇ ਪਸਾਰ ਲੈਣ ਦਾ ਖਦਸ਼ਾ, ਲੋਕਾਂ ਨੂੰ ਹੀ ਨਹੀਂ, ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੀ। ਰਾਧਾ ਦੀ ਰਿਪੋਰਟ ਪੌਜੇਟਿਵ ਆਉਂਦਿਆਂ ਹੀ ਸਿਹਤ ਵਿਭਾਗ ਨੇ ਉਸੇ ਵਖਤ ਰਾਧਾ ਦੇ ਰਿਹਾਇਸ਼ੀ ਇਲਾਕੇ ਪੂਰੇ ਸੇਖਾ ਰੋਡ ਖੇਤਰ ਨੂੰ ਹੀ ਕੰਨਟੋਨਮੈਂਟ ਜ਼ੋਨ ਐਲਾਨ ਦਿੱਤਾ ਸੀ ਤੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਰਾਧਾ ਦੇ ਪਤੀ, ਬੇਟੀ ਤੇ ਉਨ੍ਹਾਂ ਦੇ ਮਕਾਨ ਮਾਲਿਕ ਨਾਰਵੇ ਵਾਲੇ ਐਨਆਰਆਈ ਪਰਿਵਾਰ ਦੇ 4 ਮੈਂਬਰਾਂ ਤੇ ਰਾਧਾ ਦੀ ਨੌਕਰਾਣੀ ਨੂੰ ਵੀ ਆਈਸੋਲੇਸ਼ਨ ਵਾਰਡ ਚ, ਸ਼ੱਕੀ ਮਰੀਜ਼ ਦੇ ਤੌਰ ਤੇ ਭਰਤੀ ਕਰ ਲਿਆ ਗਿਆ ਸੀ। ਪਰੰਤੂ ਇਨ੍ਹਾਂ ਸਭ ਦੀਆਂ ਰਿਪੋਰਟਾਂ ਕੁਝ ਦਿਨ ਬਾਅਦ ਹੀ ਨੈਗੇਟਿਵ ਆ ਗਈਆਂ ਸਨ।