ਵਿਧਾਇਕ ਮੀਤ ਹੇਅਰ ਨੇ ਕਿਹਾ, ਪ੍ਰਸ਼ਾਸ਼ਨ ਪ੍ਰੋਟੋਕੋਲ ਦੀਆਂ ਉਡਾ ਰਿਹੈ ਧੱਜੀਆਂ, ਹਾਰੇ ਹੋਏ ਵਿਧਾਇਕ ਨੂੰ ਸੂਚੀ ਵਿੱਚ ਰੱਖਦੈ ਐਮ.ਪੀ.ਐਮ.ਐਲ.ਏ ਤੋਂ ਉੱਪਰ
ਸਾਬਕਾ ਵਿਧਾਇਕ ਢਿੱਲੋਂ , ਵਿਧਾਇਕ ਮੀਤ ਹੇਅਰ ਦੇ ਇਤਰਾਜ ਤੋਂ ਬਾਅਦ ਮੀਟਿੰਗ ਤੋਂ ਬਾਹਰ ਜਾਣ ਲੱਗਿਆ ਤਾਂ ਮੰਤਰੀ ਸਿੱਧੂ ਨੇ ਰੋਕ ਕੇ ਬਿਠਾਇਆ,,
ਮੰਤਰੀ ਸਿੱਧੂ ਅਤੇ ਡੀਸੀ ਨੇ ਵਿਧਾਇਕ ਮੀਤ ਹੇਅਰ ਨੂੰ ਦਿੱਤਾ ਭਰੋਸਾ, ਅੱਗੇ ਤੋਂ ਹਰ ਮੀਟਿੰਗ ਵਿੱਚ ਹੋਊਗੀ ਪ੍ਰੋਟੋਕੋਲ ਦੀ ਪਾਲਣਾ
ਹਰਿੰਦਰ ਨਿੱਕਾ, ਬਰਨਾਲਾ 17 ਸਤੰਬਰ 2021
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਅੱਜ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਅੱਜ ਹੋਈ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਹਲਕੇ ਦੇ ਸਾਬਕਾ ਵਿਧਾਇਕ ਅਤੇ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਕੇਵਲ ਸਿੰਘ ਢਿੱਲੋਂ ਨੂੰ ਉਦੋਂ ਭਾਰੀ ਨਮੌਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਹਲਕਾ ਵਿਧਾਇਕ ਗੁਰਮੀਤ ਸਿੰੰਘ ਮੀਤ ਹੇਅਰ ਨੇ ਮੀਟਿੰਗ ਵਿੱਚ ਆਉਂਦਿਆਂ ਹੀ ਇਤਰਾਜ ਖੜ੍ਹਾ ਕਰ ਦਿੱਤਾ ਕਿ ਮੀਟਿੰਗ ਵਿੱਚ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਬਿਨਾਂ ਕਿਸੇ ਸੰਵਿਧਾਨਿਕ ਅਹੁਦੇ ਵਾਲਾ ਸਾਬਕਾ ਵਿਧਾਇਕ ਢਿੱਲੋਂ ਮੰਤਰੀ ਦੇ ਨਾਲ ਕਿਹੜੀ ਹੈਸੀਅਤ ਵਿੱਚ ਬਿਠਾਇਆ ਗਿਆ ਹੈ। ਉਨਾਂ ਕਿਹਾ ਕਿ ਢਿੱਲੋਂ ਕਮੇਟੀ ਮੈਂਬਰ ਹੈ, ਐਮ.ਐਲ.ਏਜ ਤੋਂ ਅੱਗੇ ਮੰਤਰੀ ਵਾਲੀ ਸੀਟ ਨਾ ਕਿਵੇਂ ਬੈਠ ਸਕਦਾ ਹੈ। ਮੀਤ ਹੇਅਰ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਸਵਾਲ ਕੀਤਾ ਕਿ ਪ੍ਰਸ਼ਾਸ਼ਨ ਵੱਲੋਂ ਮੈਂਬਰਾਂ ਨੂੰ ਭੇਜੇ ਜਾਣ ਵਾਲੇ ਏਜੰਡੇ ਵਾਲੀ ਮੈਂਬਰਾਂ ਦੀ ਸੂਚੀ ਵਿੱਚ ਹਾਰੇ ਹੋਏ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਨਾਮ ਮੈਂਬਰ ਪਾਰਲੀਮੈਂਟ ਅਤੇ ਹਲਕਾ ਵਿਧਾਇਕਾਂ ਤੋਂ ਉੱਪਰ ਲਿਖਿਆ ਗਿਆ ਹੈ। ਅਜਿਹਾ ਸੰਵਿਧਾਨਕ ਤੌਰ ਤੇ ਪੂਰੀ ਤਰਾਂ ਗਲਤ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਕੇਵਲ ਢਿੱਲੋਂ ਅਤੇ ਮੀਤ ਹੇਅਰ ਦਰਮਿਆਨ ਕਰੀਬ 10 ਮਿੰਟ ਤਕਰਾਰ ਵੀ ਹੋਈ। ਕੇਵਲ ਢਿੱਲੋਂ ਨੇ ਮੀਤ ਹੇਅਰ ਤੇ ਧਮਕੀ ਦੇਣ ਦਾ ਦੋਸ਼ ਵੀ ਲਾਇਆ। ਪਰੰਤੂ ਏਡੀਸੀ ਅਰਬਨ ਅਮਿਤ ਬੈਂਬੀ ਨੇ ਗਲਤੀ ਦਾ ਅਹਿਸਾਸ ਕਰਕੇ ,ਮਾਹੌਲ ਸ਼ਾਂਤ ਕੀਤਾ।
ਇੱਥੇ ਹੀ ਬੱਸ ਨਹੀਂ ਮੀਤ ਹੇਅਰ ਨੇ ਤਿੱਖੇ ਤੇ ਕਾਨੂੰਨੀ ਪੱਖ ਤੋਂ ਜਾਇਜ ਸਵਾਲਾਂ ਦੀ ਅਜਿਹੀ ਝੜੀ ਲੱਗਦਿਆਂ ਮੀਟਿੰਗ ਵਿੱਚ ਸੰਨਾਟਾ ਪਸਰ ਗਿਆ ਅਤੇ ਕੇਵਲ ਢਿੱਲੋਂ ਨਿੰਮੋਝੂਣਾ ਹੋ ਕੇ ਬੈਠ ਗਿਆ। ਆਖਿਰ ਢਿੱਲੋਂ ,ਨਮੋਸ਼ੀ ਮੰਨਦਿਆਂ ਮੀਟਿੰਗ ਤੋਂ ਬਾਹਰ ਜਾਣ ਲਈ ਕੁਰਸੀ ਤੋਂ ਉੱਠਿਆ ਤਾਂ ਮੰਤਰੀ ਬਲਵੀਰ ਸਿੰੰਘ ਸਿੱਧੂ ਨੇ ਢਿੱਲੋਂ ਨੂੰ ਫੜ੍ਹ ਕੇ ਕੁਰਸੀ ਤੇ ਬਿਠਾ ਲਿਆ ਅਤੇ ਵਿਧਾਇਕ ਮੀਤ ਹੇਅਰ ਨੂੰ ਭਰੋਸਾ ਦਿੱਤਾ ਕਿ ਪ੍ਰੋਟੋਕੋਲ ਦੀ ਅਜਿਹੀ ਗਲਤੀ ਫਿਰ ਤੋਂ ਨਹੀਂ ਦੁਹਰਾਈ ਜਾਵੇਗੀ। ਮੀਤ ਹੇਅਰ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਅਗਲੀ ਮੀਟਿੰਗ ਵਿੱਚ ਪ੍ਰੋਟੋਕੋਲ ਦਾ ਉਲੰਘਣ ਹੋਇਆ ਤਾਂ ਉਹ ਮੀਟਿੰਗ ਦੀ ਕਾਰਵਾਈ ਨਹੀਂ ਚੱਲਣ ਦੇਣਗੇ।
ਉੱਧਰ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਏ.ਡੀ.ਸੀ ਆਦਿ ਅਧਿਕਾਰੀਆਂ ਨੇ ਮੰਨਿਆ ਕਿ ਸੂਚੀ ਵਿੱਚ ਨਾਮ ਪ੍ਰੋਟੋਕੋਲ ਅਨੁਸਾਰ ਨਾ ਲਿਖਣ ਦੀ ਗਲਤੀ ਵਿੱਚ ਅੱਗੇ ਤੋਂ ਸੁਧਾਰ ਕੀਤਾ ਜਾਵੇਗਾ। ਵਿਧਾਇਕ ਮੀਤ ਹੇਅਰ ਨੇ ਮੀਟਿੰਗ ਤੋਂ ਬਾਹਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਹਾਰਿਆ ਹੋਇਆ ਹੈ , ਉਸ ਨੂੰ ਚੁਣੇ ਹੋਏ ਨੁਮਾਇੰਦਿਆਂ ਤੋਂ ਪਹਿਲਾਂ ਥਾਂ ਕਿਵੇਂ ਦਿੱਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਉਨਾਂ ਮੀਟਿੰਗ ਵਿੱਚ ਇਤਰਾਜ ਉਠਾਇਆ, ਜਿਸ ਤੇ ਮੰਤਰੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਪ੍ਰੋਟੋਕੋਲ ਦੇ ਉਲੰਘਣ ਲਈ ਸੌਰੀ ਫੀਲ ਕੀਤਾ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਦੁਹਰਾਉਣ ਦਾ ਭਰੋਸਾ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਨਾ ਤਾਂ ਕੇਵਲ ਸਿੰਘ ਢਿੱਲੋਂ ਸੰਵਿਧਾਨਕ ਕਦਰਾਂ ਕੀਮਤਾਂ ਦੀ ਕਦਰ ਕਰਦਾ ਹੈ ਅਤੇ ਨਾ ਹੀ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਹਾਲੇ ਤੱਕ ਮੰਣਨ ਨੂੰ ਤਿਆਰ ਹੈ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਐਲਾਣ ਕੀਤਾ ਹੋਇਆ ਹੈ ਕਿ ਹਲਕਾ ਇੰਚਾਰਜ ਕੋਈ ਸੰਵਿਧਾਨਕ ਅਹੁਦਾ ਨਹੀਂ, ਇਸ ਲਈ ਉਨਾਂ ਸਰਕਾਰ ਸੰਵਿਧਾਨਕ ਮਾਣ ਮਰਿਆਦਾ ਹਰ ਪੱਖ ਤੋਂ ਬਰਕਰਾਰ ਰੱਖੇਗੀ। ਹੇਅਰ ਨੇ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸ਼ਨ ਨੇ ਆਪਣਾ ਤੌਰ ਤਰੀਕਾ ਨਾ ਬਦਲਿਆ ਤਾਂ ਉਹ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਉਠਾਉਣਗੇ।