ਹਰਿੰਦਰ ਨਿੱਕਾ , ਬਰਨਾਲਾ 18 ਸਤੰਬਰ 2021
ਥਾਣਾ ਟੱਲੇਵਾਲ ਦੇ ਪਿੰਡ ਸੱਦੋਵਾਲ ‘ਚ ਆਪਣੀ ਬੱਚੀ ਨੂੰ ਸਕੂਲ ਛੱਡਣ ਲਈ ਸੜ੍ਹਕ ਤੇ ਖੜ੍ਹੀ ਇੱਕ ਬਲਾਤਕਾਰ ਪੀੜਤ ਔਰਤ ਨੂੰ ਕਾਰ ਸਵਾਰ 3 ਵਿਅਕਤੀ ਉਸ ਦੀ ਬੇਟੀ ਸਣੇ ਅਗਵਾ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਅਗਵਾ ਔਰਤ ਦੇ ਪਤੀ ਦੇ ਬਿਆਨ ਪਰ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਬਲਾਤਕਾਰ ਦੇ ਨਾਮਜ਼ਦ ਦੋਸ਼ੀ ਵਰੁਣ ਜੋਸ਼ੀ ਨੇ ਆਪਣੇ ਸਾਥੀਆਂ ਸਣੇ ਅਗਵਾ ਦੀ ਇਹ ਘਿਨਾਉਣੀ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਹੈ, ਜਦੋਂ ਮੋਗਾ ਅਦਾਲਤ ਵਿੱਚ 21 ਸਤੰਬਰ ਨੂੰ ਦੋਸ਼ੀ ਖਿਲਾਫ ਚੱਲ ਰਹੇ ਬਲਾਤਕਾਰ ਦੇ ਕੇਸ ਦੀ ਸੁਣਵਾਈ ਹੋਣੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਠੱਕਰਵਾਲ ਤਹਿਸੀਲ ਤੇ ਜਿਲ੍ਹਾ ਲੁਧਿਆਣਾ ਹਾਲ ਵਾਸੀ ਪਿੰਡ ਸੱਦੋਵਾਲ ਦੇ ਰਹਿਣ ਵਾਲੇ ਮੁਦਈ ਨੇ ਦੱਸਿਆ ਕਿ ਉਸ ਦੀ ਪਤਨੀ ਸਮਾਂ ਕਰੀਬ 7:30 ਸਵੇਰੇ , ਲਿੰਕ ਰੋਡ ਸੱਦੋਵਾਲ ਪਰ ਹਠੂਰ ਸਕੂਲ ਵਿੱਚ ਪੜ੍ਹਦੀ ਆਪਣੀ ਕਰੀਬ 7 ਕੁ ਸਾਲ ਦੀ ਬੱਚੀ ਨੂੰ ਸਕੂਲ਼ ਵੈਨ ਪਰ ਚੜਾਉਣ ਲਈ ਖੜ੍ਹੀ ਸੀ। ਇਸੇ ਦੌਰਾਨ ਇੱਕ ਔਡੀ ਗੱਡੀ ਨੰਬਰ-PB-03-BC-3627 ਉੱਥੇ ਆ ਕੇ ਰੁਕੀ ।
ਮੁਦਈ ਅਨੁਸਾਰ ਗੱਡੀ ਵਿੱਚੋਂ ਉੱਤਰੇ ਵਰੁਣ ਜੋਸ਼ੀ, ਨਿਵਾਸੀ ਹਿੰਮਤਪੁਰਾ ਨੇ , ਉਸ ਦੀ ਲੜਕੀ ਨੂੰ ਖਿੱਚ ਕੇ ਗੱਡੀ ਵਿੱਚ ਸੁੱਟ ਲਿਆ। ਵਿਰੋਧ ਕਰਨ ਤੇ ਉਸ ਦੇ ਦੋ ਹੋਰ ਅਣਪਛਾਤੇ ਸਾਥੀਆਂ ਨੇ ਉਸ ਦੀ ਪਤਨੀ ਨੂੰ ਵੀ ਘੜੀਸ ਕੇ ਜਬਰਦਸਤੀ ਗੱਡੀ ਵਿੱਚ ਸੁੱਟ ਲਿਆ। ਘਟਨਾ ਮੌਕੇ ਸਾਡੇ ਰੌਲਾ ਪਾਉਣ ਤੇ ਨਾਮਜ਼ਦ ਦੋਸ਼ੀ ਉਸ ਦੀ ਪਤਨੀ ਅਤੇ ਬੱਚੀ ਨੂੰ ਗੱਡੀ ਵਿੱਚ ਅਗਵਾ ਕਰਕੇ ਫੇਰੂਰਾਈ (ਜਗਰਾਓ) ਵੱਲ ਲੈ ਕੇ ਫਰਾਰ ਹੋ ਗਏ। ਐਸ.ਐਚ.ਉ. ਮਨੀਸ਼ ਕੁਮਾਰ ਨੇ ਦੱਸਿਆ ਕਿ ਮੁਦਈ ਦੇ ਬਿਆਨ ਦੇ ਪਰ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 365/34 ਆਈ.ਪੀ.ਸੀ. ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਅਗਵਾ ਔਰਤ ਅਤੇ ਉਸ ਦੀ ਬੱਚੀ ਨੂੰ ਬਰਾਮਦ ਕਰ ਲਿਆ ਜਾਵੇਗਾ।
ਮਾਂ-ਬੱਚੀ ਨੂੰ ਕਿਉਂ ਕੀਤਾ ਅਗਵਾ !
ਭਰੋਸਯੋਗ ਸੂਤਰਾਂ ਅਨੁਸਾਰ ਅਗਵਾ ਕੀਤੀ ਔਰਤ ਵੱਲੋਂ ਵਰੁਣ ਜੋਸ਼ੀ, ਨਿਵਾਸੀ ਹਿੰਮਤਪੁਰਾ ਖਿਲਾਫ ਬਲਾਤਕਾਰ ਦਾ ਕੇਸ ਦਰਜ਼ ਕਰਵਾਇਆ ਸੀ । ਅਦਾਲਤ ਵਿੱਚ ਪੈਂਡਿੰਗ ਬਲਾਤਕਾਰ ਦੇ ਉਕਤ ਕੇਸ ਵਿੱਚ 21 ਸਤੰਬਰ ਨੂੰ ਪੇਸ਼ੀ ਮੁਕਰਰ ਹੈ। ਜਿਸ ਕਾਰਣ ਹੀ ਮਾਂ ਬੱਚੀ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਐਸਐਚਉ ਮਨੀਸ਼ ਕੁਮਾਰ ਨੇ ਕਿਹਾ ਕਿ ਫਿਲਹਾਲ ਪੁਲਿਸ ਨੇ ਫਿਲਹਾਲ ਬਿਆਨਾਂ ਤੇ ਕੇਸ ਦਰਜ਼ ਕੀਤਾ ਹੈ,ਪੁਲਿਸ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨਾਂ ਕਿਹਾ ਕਿ ਨਾਮਜਦ ਦੋਸ਼ੀਆਂ ਦੀ ਗਿਰਫਤਾਰੀ ਅਤੇ ਮਾਂ ਬੱਚੀ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਾ ਲੈਣ ਤੋਂ ਬਾਅਦ ਹੀ ਅਗਵਾ ਪਿੱਛਲੀ ਘਟਨਾ ਦਾ ਖੁਲਾਸਾ ਹੋ ਸਕੇਗਾ। ਵਰਨਣਯੋਗ ਹੈ ਕਿ ਅਗਵਾਕਾਰਾਂ ਨੂੰ ਗਿਰਫਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਘੀ ਕੱਲ੍ਹ ਬੀਕੇਯੂ ਉਗਰਾਹਾਂ ਵੱਲੋਂ ਥਾਣੇ ਮੂਹਰੇ ਰੋਸ ਧਰਨਾ ਵੀ ਲਗਾਇਆ ਗਿਆ ਸੀ, ਜਿਹੜਾ ਮਹਿਲ ਕਲਾਂ ਦੇ ਏ.ਐਸ.ਪੀ. ਸ਼ੁਭਮ ਅਗਰਵਾਲ ਦੇ ਭਰੋਸੇ ਤੋਂ ਬਾਅਦ ਖਤਮ ਕੀਤਾ ਗਿਆ ਸੀ।