ਸਿਵਲ ਹਸਪਤਾਲ ਬਰਨਾਲਾ ਵਿਖੇ ਦੂਰਬੀਨ ਰਾਂਹੀ ਪਿੱਤੇ ਦੇ ਆਪ੍ਰੇਸ਼ਨ ਦੀ ਸ਼ੁਰੂਆਤ : ਸਿਵਲ ਸਰਜਨ
ਪਰਦੀਪ ਕਸਬਾ ,ਬਰਨਾਲਾ, 17 ਸਤੰਬਰ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆ ਸਿਹਤ ਸੇਵਾਵਾਂ ਦਾ ਦਾਇਰਾ ਵਧਾਉਂਦਿਆਂ ਸਿਵਲ ਹਸਪਤਾਲ ਬਰਨਾਲਾ ਵਿਖੇ ਦੂਰਬੀਨ ਰਾਂਹੀ ਪਿੱਤੇ ਦਾ ਆਪ੍ਰੇਸ਼ਨ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲ਼ਖ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਹਤ ਵਿਭਾਗ ਬਰਨਾਲਾ ਵੱਲੋ ਸਬ-ਡਵੀਜਨ ਹਸਪਤਾਲ ਤਪਾ ਵਿਖੇ ਹੀ ਦੂਰਬੀਨ ਰਾਂਹੀ ਪਿੱਤੇ ਦਾ ਆਪਰੇਸ਼ਨ ਕੀਤਾ ਜਾਂਦਾ ਸੀ, ਪਰ ਹੁਣ ਸਿਵਲ ਹਸਪਤਾਲ ਬਰਨਾਲਾ ਵਿਖੇ ਇਸ ਸਹੂਲਤ ਦੀ ਸ਼ੁਰੂਆਤ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਦੂਰ ਨਹੀਂ ਜਾਣਾ ਪਵੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ (ਡਾ. ਰਾਜ ਕੁਮਾਰ, ਡਾ. ਲਵਲੀਨ ਗਰਗ) ਪਿੱਤੇ ਦਾ ਦੂਰਬੀਨ ਰਾਹੀਂ ਆਪ੍ਰੇਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਮਰੀਜ ਦਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਿਆ ਹੋਇਆ ਹੈ ਤਾਂ ਉਸ ਮਰੀਜ ਦਾ ਪਿੱਤੇ ਦਾ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਵੇਗਾ।
ਡਾ. ਤਪਿੰਦਰਜੋਤ ਕੌਂਸਲ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਆਮ ਲੋਕਾਂ ਦੀ ਸਹੂਲਤ ਲਈ ਹੀ ਹਨ। ਇਸ ਲਈ ਇਨ੍ਹਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ । ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆ ਆਮ ਸਹੂਲਤਾਂ ਪ੍ਰਤੀ ਪਿੰਡ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।