ਕੇਵਲ ਢਿੱਲੋਂ ਨੇ ਕਿਹਾ, ਨਗਰ ਕੌਂਸਲ ਨੇ ਰੋਕਿਆ ਪ੍ਰੋਜੈਕਟ ਦਾ ਕੰਮ, ਪ੍ਰੋਜੈਕਟ ਪਾਸ ਕਰਵਾਉਣ ‘ਚ ਹੋਏ ਭ੍ਰਿਸ਼ਟਾਚਾਰ ਦੀ ਪੜਤਾਲ ਕਰਨਗੇ ਡਿਪਟੀ ਕਮਿਸ਼ਨਰ ਫੂਲਕਾ
ਬਖਸ਼ੇ ਨਹੀਂ ਜਾਣਗੇ, ਡੀਐਲ ਟੰਡਨ ਕੰਪਲੈਕਸ ਦੀਆਂ ਬੇਨਿਯਮੀਆਂ ਨੂੰ ਅਣਦੇਖਿਆ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ
ਕੇਵਲ ਢਿੱਲੋਂ ਨੇ ਟੂਡੇ ਨਿਊਜ਼ ਤੇ ਬਰਨਾਲਾ ਟੂਡੇ ਦੀ ਕੀਤੀ ਸਰਾਹਣਾ,ਕਿਹਾ ਚੰਗੇ ਮੁੱਦੇ ਚੁੱਕ ਰਹੇ ਹੋ,,,
ਹਰਿੰਦਰ ਨਿੱਕਾ , ਬਰਨਾਲਾ 29 ਅਗਸਤ 2021
ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਤਿਆਰ ਕੀਤੇ ਜਾ ਰਹੇ ਬਹੁਮੰਜਲੀ ਅਤੇ ਬਹੁਕਰੋੜੀ ਪ੍ਰੋਜੈਕਟ ਡੀ ਐਲ ਟੰਡਨ ਕੰਪਲੈਕਸ ਦੀਆਂ ਬੇਨਿਯਮੀਆਂ ਅਤੇ ਪ੍ਰੋਜੈਕਟ ਦੀ ਰਜਿਸਟਰੀਆਂ ਕਰਵਾਉਣ ਤੋਂ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਤੱਥਾਂ ਨੂੰ ਅੱਖੋਂ-ਪਰੋਖੇ ਕਰਕੇ ਪਾਸ ਕੀਤੇ ਪ੍ਰੋਜੈਕਟ ਦਾ ਮੁੱਦਾ ਅੱਜ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਕੇਵਲ ਸਿੰਘ ਢਿੱਲੋਂ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਗੂੰਜਦਾ ਰਿਹਾ । ਸ਼ਹਿਰ ਅੰਦਰ ਇੱਨੀਂ ਦਿਨਾਂ ਚਰਚਾ ਵਿੱਚ ਚੱਲ ਰਹੇ ਪ੍ਰੋਜੈਕਟ ਬਾਰੇ ਜਦੋਂ ਪ੍ਰੈਸ ਕਾਨਫਰੰਸ ਵਿੱਚ ਬਰਨਾਲਾ ਟੂਡੇ / ਟੂਡੇ ਨਿਊਜ ਦੀ ਟੀਮ ਵੱਲੋਂ ਸੁਆਲਾਂ ਦੀ ਝੜੀ ਲਾਈ ਗਈ ਤਾਂ ਕੇਵਲ ਸਿੰਘ ਢਿੱਲੋਂ ਇੱਕ ਦਮ ਸੁੰਨ ਹੋ ਕੇ ਮੂੰਹ ਵਿੱਚ ਉਂਗਲਾਂ ਪਾਕੇ ਸੁਣਦੇ ਰਹੇ।
ਹੋਇਆ ਇਉਂ ਕਿ ਕੇਵਲ ਸਿੰਘ ਢਿੱਲੋਂ ਨੂੰ ਜਦੋਂ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਖਬਰ , ਨਗਰ ਕੌਂਸਲ ‘ਚ ਆਉਣ ਲੱਗੀ ਭ੍ਰਿਸ਼ਟਾਚਾਰ ਦੀ ਬੋਅ , ਇੱਕੋ ਜਗ੍ਹਾ ਦੇ ਪਾਸ ਕੀਤੇ 21 ਨਕਸ਼ੇ,, ਸਬੰਧੀ ਹੋਏ ਕਥਿਤ ਭ੍ਰਿਸ਼ਟਾਚਾਰ ਬਾਰੇ ਪੁੱਛਿਆ ਤਾਂ ਉਨਾਂ ਉਲਟਾ ਸਵਾਲ ਕੀਤਾ ਕਿ ਸਾਡੀ ਭ੍ਰਿਸ਼ਟਾਚਾਰ ਸਬੰਧੀ ਜੀਰੋ ਟੌਲਰੈਂਸ ਨੀਤੀ ਹੈ। ਉਨਾਂ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਭ੍ਰਿਯਟਾਚਾਰ ਕਿਵੇਂ ਹੋਇਆ ਹੈ। ਜਦੋਂ ਉਨਾਂ ਨੂੰ ਦੱਸਿਆ ਗਿਆ ਕਿ ਕਮਰਸ਼ੀਅਲ ਕਿਸਮ ਦੀ ਸ਼ਹਿਰ ਦੀ ਬੇਸ਼ਕੀਮਤੀ ਜਗ੍ਹਾ ਦੀਆਂ ਰਜਿਸਟਰੀਆਂ ਜਿਆਦਾ ਰਿਹਾਇਸੀ ਤੇ ਕੁੱਝ ਕਮਰਸ਼ੀਅਲ ਪਰੰਤੂ ਦੋਵੇਂ ਸਫੈਦ ਦਰਸਾ ਕੇ ਇੱਕੋ ਜਗ੍ਹਾ ਦੀਆਂ ਇੱਕੋ ਪਰਿਵਾਰ ਵੱਲੋਂ ਦੋ ਖਰੀਦਦਾਰ ਪਰਿਵਾਰਾਂ ਦੇ ਵੱਖ ਵੱਖ ਮੈਂਬਰਾਂ ਦੇ ਨਾਂ ਤੇ 16 ਰਜਿਸਟਰੀਆਂ ਕਰਵਾਈਆਂ ਗਈਆਂ, ਇੱਕੋ ਜਗ੍ਹਾ ਦੇ 21 ਨਕਸ਼ੇ ਪਾਸ ਕਰ ਦਿੱਤੇ ਗਏ। ਰਜਿਸਟਰੀਆਂ ਕਰਵਾਉਣ ਤੋਂ 6 ਦਿਨ ਬਾਅਦ ਹੀ 2 ਪੀੜ੍ਹੀਆਂ ਦੇ ਇੰਤਕਾਲ 6 ਦਿਨਾਂ ਅੰਦਰ ਹੀ ਕਰ ਦਿੱਤੇ ਗਏ, ਕਮੇਟੀ ਵੱਲੋਂ ਨਕਸ਼ੇ ਪਾਸ ਕਰਨ ਤੋਂ ਪਹਿਲਾਂ ਬੇਸਮੈਂਟ ਦੀ ਮੰਜੂਰੀ ਦਾ ਕੋਈ ਸਰਟੀਫਿਕੇਟ/ਐਨਉਸੀ ਲਿਆ ਬਿਨਾਂ ਹੀ ਨਕਸ਼ੇ ਕਿਵੇਂ ਪਾਸ ਕੀਤੇ ਗਈ।
ਕੇਵਲ ਸਿੰਘ ਢਿੱਲੋਂ ਨੇ ਮੰਨਿਆ ਕਿ ਇਹ ਖਬਰਾਂ ਉਨਾਂ ਬਰਨਾਲਾ ਟੂਡੇ/ ਟੂਡੇ ਨਿਊਜ ਤੇ ਹੀ ਵੇਖੀਆਂ, ਜਿਸ ਤੋਂ ਬਾਅਦ ਨਗਰ ਕੌਂਸਲ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੜਤਾਲ ਹੋਣ ਤੱਕ ਕੰਮ ਰੋਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੂੰ ਕਿਹਾ ਗਿਆ ਹੈ। ਉਨਾਂ ਕਿਹਾ ਕਿ ਪੜਤਾਲ ਉਪਰੰਤ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਜੇਕਰ ਭ੍ਰਿਸ਼ਟਾਚਾਰ ਦੇ ਤੱਥ ਫਾਈਲ ਤੇ ਆਏ ਤਾਂ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਅਧਿਕਾਰੀ ਅਤੇ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਢਿੱਲੋਂ ਨੇ ਬਰਨਾਲਾ ਟੂਡੇ/ ਟੂਡੇ ਨਿਊਜ ਦੀ ਕਵਰੇਜ ਦੀ ਸਰਾਹਣਾ ਕਰਦਿਆਂ ਕਿਹਾ ਕਿ ਉਲਾਂ ਵੱਲੋਂ ਸ਼ਹਿਰ ਦੇ ਅਹਿਮ ਮੁੱਦੇ ਉਭਾਰੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਵਾਦਾਂ ਵਿੱਚ ਘਿਰੇ ਬਹੁਕਰੋੜੀ ਪ੍ਰੋਜੈਕਟ ਸਬੰਧੀ ਤੱਥਾਂ ਅਤੇ ਦਸਤਾਵੇਜਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਕੰਮਪਲੈਕਸ ਮਾਲਿਕਾਂ ਖਿਲਾਫ ਵੀ ਉਹ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।