ਬੇਰੁਜ਼ਗਾਰਾਂ ਨੇ ਖ਼ੂਨ ਨਾਲ ਲਿਖੇ ਖ਼ਤ ਮੰਤਰੀ ਦੀ ਕੋਠੀ ਵਿੱਚ ਧੱਕੇ ਨਾਲ ਕੀਤਾ ਰੋਸ ਮਾਰਚ
ਕੋਠੀ ਗੇਟ ਉੱਤੇ ਸਾਂਝਾ ਮੋਰਚਾ ਜਾਰੀ, ਟੈਂਕੀ ਉੱਤੇ ਡੱਟਿਆ ਮੁਨੀਸ਼
ਹਰਪ੍ਰੀਤ ਕੌਰ ਬਬਲੀ ‘ ਸੰਗਰੂਰ,30 ਅਗਸਅ 2021
ਆਪਣੇ ਰੁਜ਼ਗਾਰ ਲਈ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ 31 ਦਸੰਬਰ ਤੋ ਪੱਕਾ ਮੋਰਚਾ ਜਮਾਈ ਬੈਠੇ ਅਤੇ 21 ਅਗਸਤ ਤੋ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਮੱਲੀ ਬੈਠੇ ਬੇਰੁਜ਼ਗਾਰਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਉਪਰ ਬੇਰੁਜ਼ਗਾਰਾਂ ਦਾ ਖੂਨ ਚੂਸਣ ਦਾ ਦੋਸ਼ ਲਗਾਉਂਦਿਆਂ ਆਪਣੀਆਂ ਰਗਾਂ ਵਿੱਚੋ ਖੂਨ ਕੱਢ ਕੇ ਮੰਗਾਂ ਸੰਬੰਧੀ ਪੱਤਰ ਲਿਖ ਕੇ ਟੈਂਕੀ ਤੋ ਸਿੱਖਿਆ ਮੰਤਰੀ ਦੀ ਕੋਠੀ ਤੱਕ ਮਾਰਚ ਕਰਨ ਮਗਰੋਂ ਸਿੱਖਿਆ ਮੰਤਰੀ ਤੱਕ ਪੱਤਰ ਪੁਚਾਉਣ ਲਈ ,ਪੱਤਰਾਂ ਨੂੰ ਗੇਟ ਰਾਹੀਂ ਕੋਠੀ ਅੰਦਰ ਧੱਕਿਆ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਜਿੱਥੇ ਕਰੀਬ ਅੱਠ ਮਹੀਨੇ ਤੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ, ਉਥੇ ਹਲਕੇ ਦੇ ਹਰੇਕ ਪਿੰਡ ਵਿੱਚ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਜਾਂਦਾ ਹੈ,ਜਿੱਥੇ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਸਹਿਯੋਗ ਕਰਦੇ ਹਨ।ਪਰ ਸਿੱਖਿਆ ਮੰਤਰੀ ਮੰਗਾਂ ਮੰਨਣ ਦੀ ਬਜਾਏ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਦੇ ਵਾਅਦੇ ਤੋ ਮੁੱਕਰ ਚੁੱਕੀ ਹੈ।ਜਿਹੜੀ ਕਿ ਸ਼ਰੇਆਮ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ।
ਉਹਨਾਂ ਕਿਹਾ ਕਿ 25 ਅਗਸਤ ਨੂੰ ਮੋਤੀ ਮਹਿਲ ਪਟਿਆਲਾ ਨੇੜੇ ਕੀਤੇ ਰੋਸ ਪ੍ਰਦਰਸ਼ਨ ਮਗਰੋਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਦਿੱਤੀ ਮੀਟਿੰਗ ਵੀ ਅਚਾਨਕ ਮੁਲਤਵੀ ਕਰ ਦਿੱਤੀ ਗਈ ਅਤੇ ਅਗਲੀ ਮੀਟਿੰਗ ਸਬੰਧੀ ਕੋਈ ਸੱਦਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪੰਜ ਜਥੇਬੰਦੀਆਂ ਉਪਰ ਆਧਾਰਿਤ ਬੇਰੁਜ਼ਗਾਰ ਸਾਂਝਾ ਮੋਰਚਾ ਆਪਣੀਆਂ ਮੰਗਾਂ ਲਈ ਡੱਟਿਆ ਹੋਇਆ ਹੈ। ਅਮਨ ਸੇਖਾ, ਸੰਦੀਪ ਗਿੱਲ, ਗੁਰਪ੍ਰੀਤ ਸਿੰਘ ਪੱਕਾ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਬੇਰੁਜ਼ਗਾਰਾਂ ਨੇ ਖ਼ੂਨ ਨਾਲ ਲਿਖੇ ਖਤ ਭੇਜ ਕੇ ਰੁਜ਼ਗਾਰ ਦੀ ਮੰਗ ਦੁਹਰਾਈ ਹੈ। ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਸਮੇਤ ਸਾਰੀਆਂ ਮੰਗਾਂ ਲਈ ਚੱਲ ਰਿਹਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।
ਬੇਰੁਜ਼ਗਾਰਾਂ ਨੇ ਟੈਂਕੀ ਕੋਲ ਬੈਠ ਕੇ ਲਿਖੇ ਖੂਨੀ ਖਤ ਹੱਥਾਂ ਵਿਚ ਫੜ੍ਹ ਕੇ ਸਿੱਖਿਆ ਮੰਤਰੀ ਦੀ ਕੋਠੀ ਤੱਕ ਮਾਰਚ ਕੀਤਾ ਅਤੇ ਖਤਾਂ ਨੂੰ ਗੇਟ ਰਾਹੀ ਅੰਦਰ ਅੰਦਰ ਧੱਕ ਕੇ ਸਮਾਪਤੀ ਕੀਤੀ। ਇਸ ਮੌਕੇ ਅਮਨ ਸੇਖਾ,ਕਿਰਨ ਈਸੜਾ, ਸੁਨੀਲ ਫਾਜ਼ਿਲਕਾ, ਰਵਿੰਦਰ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਮਨਪ੍ਰੀਤ ਕੌਰ, ਰਿੰਪੀ ਕੌਰ, ਗੁਰਪ੍ਰੀਤ ਗਾਜੀਪੁਰ, ਸੱਤਪਾਲ ਕੌਰ, ਹਰਦੀਪ ਫਾਜ਼ਿਲਕਾ, ਸੁਖਜੀਤ ਸਿੰਘ, ਗੁਰਮੇਲ ਬਰਗਾੜੀ, ਰਸਪਾਲ ਸਿੰਘ, ਜਗਤਾਰ ਸਿੰਘ ਆਦਿ ਨੇ ਖੂਨ ਨਾਲ ਖਤ ਲਿਖੇ।