ਠੇਕੇ ਦਾ ਕੈਸ਼ ਜਮ੍ਹਾ ਕਰਵਾਉਣ ਜਾ ਰਹੇ 2 ਕਰਿੰਦਿਆਂ ਦੀ ਕੀਤੀ ਕੁੱਟਮਾਰ,ਦੋਸ਼ੀ ਹੋਏ ਫਰਾਰ
2 ਦੀ ਹੋਈ ਸ਼ਨਾਖਤ, 9 ਖਿਲਾਫ ਕੇਸ ਦਰਜ਼, ਤਲਾਸ਼ ਵਿੱਚ ਲੱਗੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 30 ਅਗਸਤ 2021
ਸ਼ਹਿਰ ਅੰਦਰ ਝਪਟਮਾਰਾਂ ਦੇ ਹੌਂਸਲੇ ਇੱਨ੍ਹੇਂ ਬੁਲੰਦ ਹੋ ਚੁੱਕੇ ਹਨ, ਕਿ ਲੰਘੀ ਰਾਤ ਸ਼ਰਾਬ ਠੇਕੇ ਦੇ 2 ਕਰਿੰਦਿਆਂ ਨੂੰ 8/9 ਵਿਅਕਤੀਆਂ ਨੇ ਰਾਹ ਵਿੱਚ ਘੇਰਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਕੇ, ਉਨਾਂ ਤੋਂ 20 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਗੰਭੀਰ ਰੂਪ ਵਿੱਚ ਜਖਮੀ ਹੋਏ ਦੋਵੇਂ ਕਰਿੰਦਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਜਖਮੀਆਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ 8/9 ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਐਤਵਾਰ ਦੀ ਰਾਤ ਕਰੀਬ ਸਾਢੇ 9 ਵਜੇ ਵਾਪਰੀ। ਹਸਪਤਾਲ ਵਿਖੇ ਦਾਖਿਲ ਬੇਹੱਦ ਸਹਿਮੇ ਹੋਏ ਹਰਦੀਪ ਸਿੰਘ ਅਤੇ ਅਰਸ਼ਦੀਪ ਨੇ ਦੱਸਿਆ ਕਿ ਉਹ ਦੋਵੇਂ ਸਬਜ਼ੀ ਮੰਡੀ ਬਰਨਾਲਾ ਵਿਖੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਦੇ ਤੌਰ ਤੇ ਕੰਮ ਕਰਦੇ ਹਨ। ਲੰਘੀ ਰਾਤ ਕਰੀਰ ਸਾਢੇ 9 ਵਜੇ ਉਹ ਦੋਵੇਂ ਮੋਟਰਸਾਇਕਲ ਤੇ ਸਵਾਰ ਹੋ ਕੇ ਠੇਕੇਦਾਰਾਂ ਦੇ ਦਫਤਰ ਵੱਲ ਠੇਕੇ ਦੀ ਵਿਕਰੀ ਦਾ 20 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ। ਰਾਸਤੇ ਵਿੱਚ ਪਹਿਲਾਂ ਤੋਂ ਘਾਤ ਲਗਾਈ ਖੜ੍ਹੇ ਸੰਦੀਪੀ ਪੰਡਿਤ ਅਤੇ ਉਸ ਦੇ ਭਰਾ ਰਾਜਾ ਪੰਡਿਤ ਵਾਸੀ ਕਿਲਾ ਮੁਹੱਲਾ ਬਰਨਾਲਾ ਨੇ ਆਪਣੇ 6/7 ਹੋਰ ਅਣਪਛਾਤੇ ਸਾਥੀਆਂ ਸਮੇਤ , ਉਨਾਂ ਨੂੰ ਘੇਰ ਲਿਆ ਅਤੇ ਕੈਂਸ਼ ਦੇਣ ਲਈ ਕਿਹਾ, ਵਿਰੋਧ ਕਰਨ ਤੇ ਸਾਰੇ ਦੋਸ਼ੀਆਂ ਨੇ ਉਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ 20 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ । ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਕਿਹਾ ਕਿ ਜਖਮੀਆਂ ਦੇ ਬਿਆਨ ਅਤੇ ਮੋੈਡੀਕਲ ਰਿਪੋਰਟ ਦੇ ਅਧਾਰ ਤੇ ਸੰਦੀਪੀ ਪੰਡਿਤ ਅਤੇ ਰਾਜਾ ਪੰਡਿਤ ਸਮੇਤ 6/7 ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 379/323/341/148/149 ਆਈਪੀਸੀ ਤਹਿਤ ਕੇਸ ਦਰਜ਼ ਕਰਕੇ, ਮਾਮਲੇ ਦੀ ਜਾਂਚ ਏ.ਐਸ.ਆਈ ਚਮਕੌਰ ਸਿੰਘ ਨੂੰ ਸੌਂਪ ਦਿੱਤੀ ਹੈ। ਉਲਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।