ਮੇਰਾ ਕੰਮ ਮੇਰਾ ਮਾਣ’ ਸਕੀਮ ਤਹਿਤ ਰਜਿਸਟਰਡ ਕਿਰਤੀ/ ਕਾਮਿਆਂ ਤੇ ਉਨ੍ਹਾਂ ‘ਤੇ ਨਿਰਭਰ ਕਰਨ ਵਾਲ਼ਿਆਂ ਨੂੰ ਮੁਫ਼ਤ ਦਿੱਤੀ ਜਾਵੇਗੀ ਇੰਡਸਟਰੀਅਲ ਸਿਖਲਾਈ: ਰਵਿੰਦਰਪਾਲ ਸਿੰਘ
ਹਰਪ੍ਰੀਤ ਕੌਰ , ਸੰਗਰੂਰ, 28 ਅਗਸਤ 2021
ਪੰਜਾਬ ਸਰਕਾਰ ਦੁਆਰਾ ਰਜਿਸਟਰਡ ਕਿਰਤੀ/ਕਾਮਿਆਂ ਅਤੇ ਉਨ੍ਹਾਂ ‘ਤੇ ਨਿਰਭਰ ਕਰਨ ਵਾਲ਼ਿਆਂ ਨੂੰ ਮੁਫਤ ਸਿਖਲਾਈ ਦੇਣ ਲਈ `ਮੇਰਾ ਕੰਮ ਮੇਰਾ ਮਾਣ’ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਰਜਿਸਟਰਡ ਕਿਰਤੀ/ਕਾਮੇ ਅਤੇ ਉਨ੍ਹਾਂ ‘ਤੇ ਨਿਰਭਰ ਕਰਨ ਵਾਲ਼ਿਆਂ ਨੂੰ ਮੁਫ਼ਤ ਇੰਡਸਟਰੀਅਲ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਇਕ ਸਾਲ ਲਈ 2500 ਰੁਪਏ ਪ੍ਰਤੀ ਮਹੀਨਾ ਰੋਜ਼ਗਾਰ ਸਹਾਇਤਾ ਭੱਤਾ ਵੀ ਦਿੱਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਰਵਿੰਦਰਪਾਲ ਸਿੰਘ ਨੇ ਦਿੱਤੀ।
ਰਵਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ `ਮੇਰਾ ਕੰਮ ਮੇਰਾ ਮਾਣ’ ਯੋਜਨਾ ਜ਼ਿਲ੍ਹੇ ਦੇ ਉਸਾਰੀ ਕਾਮਿਆਂ ਅਤੇ ਰਜਿਸਟਰਡ ਕਿਰਤੀ/ਕਾਮਿਆਂ ਨੂੰ ਵੱਖ-ਵੱਖ ਟਰੇਡਾਂ ਵਿੱਚ ਨਿਪੁੰਨਤਾ ਪ੍ਰਦਾਨ ਕਰਨ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਰਾਜ ਦੇ ਸ਼ਹਿਰੀ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਆਪਣੇ ਚੁਣੇ ਹੋਏ ਖੇਤਰ ਵਿੱਚ ਆਪਣੀ ਸਮਰੱਥਾ ਨੂੰ ਵਧਾਉਣ ਦੇ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਲੰਮੇ ਸਮੇਂ ਲਈ ਆਤਮ-ਨਿਰਭਰ ਬਣਾ ਸਕਣ। ਉਨ੍ਹਾਂ ਕਿਹਾ ਕਿ ਇਹ ਰਜਿਸਟਰਡ ਕਿਰਤੀ/ਕਾਮਿਆਂ ਲਈ ਇੱਕ ਸੁਨਹਿਰੀ ਮੌਕਾ ਹੈ ਜਿਸ ਦਾ ਉਨ੍ਹਾਂ ਨੂੰ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਪਲਾਈਨ ਨੰਬਰ 98779-18167 ‘ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦੇ ਹੈ।