ਸਿੰਘੂ ਬਾਰਡਰ ਦੀ ਭਰਵੀਂ ਤੇ ਸਫਲ ਕਨਵੈਨਸ਼ਨ ਨੇ ਕਿਸਾਨ ਅੰਦੋਲਨ ਦਾ ਦੇਸ਼-ਵਿਆਪੀ ਖਾਸਾ ਉਜਾਗਰ ਕੀਤਾ: ਕਿਸਾਨ ਆਗੂ
ਕੇਂਦਰ ਸਰਕਾਰ ਨੇ ਗੰਨੇ ਦੀ ਐਫਆਰਪੀ ‘ਚ ਮਹਿਜ਼ ਪੰਜ ਰੁਪਏ ਦਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ: ਉਪਲੀ
ਪਰਦੀਪ ਕਸਬਾ , ਬਰਨਾਲਾ, 28 ਅਗਸਤ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 332 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਸਿੰਘੂ ਬਾਰਡਰ ਦਿੱਲੀ ਵਿਖੇ 26-27 ਅਗਸਤ ਨੂੰ ਹੋਈ ਕਿਸਾਨ ਕਨਵੈਨਸ਼ਨ ਵਿੱਚ ਵੱਖ- ਵੱਖ ਜਥੇਬੰਦੀਆਂ ਤੇ ਵਰਗਾਂ ਦੀ ਭਰਵੀਂ ਸ਼ਮੂਲੀਅਤ ਅਤੇ ਇਸ ਦੀਅਪਾਰ ਸਫਲਤਾ ਬਾਰੇ ਚਰਚਾ ਕੀਤੀ।
ਇਸ ਇਤਿਹਾਸਕ ਸੰਮੇਲਨ ਵਿੱਚ 22 ਸੂਬਿਆਂ ਨਾਲ ਸਬੰਧਿਤ 300 ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ,18 ਆਲ ਇੰਡੀਆ ਟਰੇਡ ਯੂਨੀਅਨਾਂ, 9 ਮਹਿਲਾ ਸੰਗਠਨਾਂ ਅਤੇ 17 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਕਨਵੈਨਸ਼ਨ ਨੇ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਜੋ ਕਿਸਾਨ ਅੰਦੋਲਨ ਨੂੰ ਸਿਰਫ ਦੋ ਸੂਬਿਆਂ ਦਾ ਅੰਦੋਲਨ ਦੱਸ ਰਹੇ ਹਨ। 22 ਸੂਬਿਆਂ ‘ਚੋਂ ਪਹੁੰਚੇ ਡੈਲੀਗੇਟਾਂ ਤੇ ਕਿਸਾਨਾਂ ਤੋਂ ਇਲਾਵਾ ਔਰਤਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਭਲੀ-ਭਾਂਤ ਦਿਖਾ ਦਿੱਤਾ ਹੈ ਕਿ ਇਸ ਅੰਦੋਲਨ ਦਾ ਖਾਸ ਦੇਸ਼-ਵਿਆਪੀ ਹੈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ।ਆਉਂਦੇ ਦਿਨਾਂ ‘ਚ ਕਿਸਾਨ ਅੰਦੋਲਨ ਦੀ ਵਿਆਪਕਤਾ ਤੇ ਮਜ਼ਬੂਤੀ ਹੋਰ ਉਚੀਆਂ ਬੁਲੰਦੀਆਂ ਸਰ ਕਰੇਗੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਗੁਰਨਾਮ ਸਿੰਘ ਠੀਕਰੀਵਾਲਾ,ਜਗਸੀਰ ਸਿੰਘ ਸੀਰਾ, ਨਛੱਤਰ ਸਿੰਘ ਸਹੌਰ, ਰਣਧੀਰ ਸਿੰਘ ਰਾਜਗੜ੍ਹ, ਮੇਲਾ ਸਿੰਘ ਕੱਟੂ, ਜਸਪਾਲ ਕੌਰ ਕਰਮਗੜ੍ਹ, ਕਾਕਾ ਸਿੰਘ ਫਰਵਾਹੀ, ਬਲਜੀਤ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਕੁਲਵਿੰਦਰ ਸਿੰਘ ਪੱਤੀ ਰੋਡ, ਪ੍ਰੇਮਪਾਲ ਕੌਰ, ਮਾਸਟਰ ਬੂਟਾ ਸਿੰਘ ਖੰਗੂੜਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਗੰਨੇ ਦੀ ਫੇਅਰ ਐਂਡ ਰਿਉਮਨਰੇਟਿਵ ਪਰਾਈਸ (ਐਫਆਰਪੀ -ਨਿਆਂਸੰਗਤ ਤੇ ਲਾਹੇਵੰਦ ਕੀਮਤ) ਵਿੱਚ ਮਹਿਜ਼ ਪੰਜ ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। 2021-22 ਦੇ ਸ਼ੀਜਨ ਲਈ ਮਿਥੀ ਗਈ 290 ਪ੍ਰਤੀ ਕੁਵਿੰਟਲ ਦੀ ਕੀਮਤ ਕਿਸਾਨਾਂ ਦੀਆਂ ਲਾਗਤਾਂ ਦੀ ਵੀ ਪੂਰਤੀ ਨਹੀਂ ਕਰਦੀ। ਬਹੁਤੇ ਸੂਬਿਆਂ ਵੱਲੋਂ ਐਲਾਨੀ ਗਈ ਐਸਏਪੀ (ਸਟੇਟ ਐਡਮਨਿਸਟਰਡ ਪਰਾਈਸ) ਪਹਿਲਾਂ ਹੀ 290 ਰੁਪਏ ਨਾਲੋਂ ਜ਼ਿਆਦਾ ਹੈ। ਫਿਰ ਇਸ ਐਫਆਰਪੀ ਨੂੰ ‘ਹੁਣ ਤੱਕ ਦੀ ਸਭ ਤੋਂ ਉਚੀ ਕੀਮਤ’ ਕਹਿ ਕੇ ਫੋਕੀਆਂ ਟਾਹਰਾਂ ਮਾਰਨ ਦੀ ਕੀ ਤੁਕ ਬਣਦੀ ਹੈ। ਸਰਕਾਰ ਕਿਸਾਨਾਂ ਨੂੰ ਇਸ ਤਰ੍ਹਾਂ ਗੁਮਰਾਹ ਕਰਨਾ ਬੰਦ ਕਰੇ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ।
ਉਧਰ, ਰਿਲਾਇੰਸ ਮਾਲ ਬਰਨਾਲਾ ਅੱਗੇ ਲੱਗਿਆ ਧਰਨਾ ਅੱਜ 332 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਤੇ ਦਲੀਪ ਸਿੰਘ ਨੇ ਸੰਬੋਧਨ ਕੀਤਾ।