ਮਲਟੀ ਸਟੋਰੀ ਕੰਪਲੈਕਸ ਦੀ ਬੇਸਮੈਂਟ ਕਾਰਣ ਦੱਬਿਆ ਗਲੀ ਦਾ ਫਰਸ਼
ਵਿਵਾਦਾਂ ‘ਚ ਘਿਰੇ ਡੀ.ਐਲ. ਟੰਡਨ ਕੰਪਲੈਕਸ ਦਾ ਮੁਆਇਨਾ ਕਰਨ ਪਹੁੰਚੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਟੀਮ
ਈ.ਉ. ਮੋਹਿਤ ਸ਼ਰਮਾ ਨੇ ਕਿਹਾ ਮੌਕਾ ਮੁਆਇਨਾ ਕਰ ਲਿਆ, ਹੁਣ ਦਸਤਾਵੇਜਾਂ ਦੀ ਪੜਤਾਲ ਤੋਂ ਬਾਅਦ ਹੋਵੇਗਾ ਅਗਲਾ ਐਕਸ਼ਨ
ਹਰਿੰਦਰ ਨਿੱਕਾ , ਬਰਨਾਲਾ 27 ਅਗਸਤ 2021
ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਕਰੋੜਾਂ ਰੁਪਏ ਦੀ ਲਾਗਤ ਨਾਲ ਉੱਸਰ ਰਹੇ ਡੀ.ਐਲ. ਕੰਪਲੈਕਸ ਦੀ ਨਿਯਮਾਂ ਨੂੰ ਨਜਰਅੰਦਾਜ ਕਰਕੇ ਬਣਾਈ ਜਾ ਰਹੀ ਬੇਸਮੈਂਟ ਦੀ ਵਜ੍ਹਾ ਨਾਲ ਅਚਾਣਕ ਦਬੀ ਗਲੀ ਕਾਰਣ ਇਲਾਕੇ ਦੇ ਲੋਕਾਂ ਲਈ ਖਤਰੇ ਦਾ ਘੁੱਗੂ ਬੋਲ ਗਿਆ ਹੈ। ਜਿੱਥੇ ਇਲਾਕਾ ਵਾਸੀਆਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਕਾਫੀ ਸਮੇਂ ਤੋਂ ਕੁੰਭਕਰਨੀ ਨੀਂਦ ਸੌ ਰਹੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਜਾਗ ਵੀ ਖੁੱਲ ਗਈ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਕਥਿਤ ਮਿਲੀਭੁਗਤ ਅਤੇ ਰਾਜਸੀ ਸ਼ਹਿ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਉਸਾਰੇ ਜਾ ਰਹੇ ਉਕਤ ਬਹੁਕਰੋੜੀ ਕਮਰਸ਼ੀਅਲ ਕੰਪਲੈਕਸ ਦੀਆਂ ਬੇਨਿਸਮੀਆਂ ਨੂੰ ਬਰਨਾਲਾ ਟੂਡੇ/ ਟੂਡੇ ਨਿਊਜ ਦੁਆਰਾ ਬੇਨਕਾਬ ਕਰ ਦੇਣ ਤੋਂ ਬਾਅਦ ਮਾਈਨਿੰਗ ਵਿਭਾਗ ਤੋਂ ਬਾਅਦ ਅੱਜ ਕੌਂਸਲ ਪ੍ਰਬੰਧਕ ਵੀ ਹਰਕਤ ਵਿੱਚ ਆ ਗਏ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ, ਐਮ.ਈ. ਚਰਨਪਾਲ ਅਤੇ ਬਿਲਡਿੰਗ ਇੰਸਪੈਕਟਰ ਆਦਿ ਕਰਮਚਾਰੀਆਂ ਦੀ ਟੀਮ ਦਰਬਾਰੀ ਲਾਲ ਟੰਡਨ ਬਹੁਮੰਜਿਲਾ ਕੰਪਲੈਕਸ ਦੀ ਜਾਂਚ ਕਰਨ ਲਈ ਪਹੁੰਚ ਹੀ ਗਈ।
ਡੀ.ਐਲ. ਕੰਪਲੈਕਸ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੇ ਕੰਪਲੈਕਸ ਦੀ ਨਿਯਮਾਂ ਨੂੰ ਛਿੱਕੇ ਟੰਗ ਕੇ ਤਿਆਰ ਕੀਤੀ ਜਾ ਰਹੀ ਬੇਸਮੈਂਟ ਕਾਰਣ ਧੰਸੀ ਸਰਕਾਰੀ ਗਲੀ ਦੀ ਸੂਚਨਾ ਬਰਨਾਲਾ ਟੂਡੇ ਦੀ ਟੀਮ ਨੂੰ ਦਿੱਤੀ। ਮੌਕਾ ਦੇਖਣ ਤੋਂ ਸਾਹਮਣੇ ਆਇਆ ਕਿ ਕੰਪਲੈਕਸ ਮਾਲਿਕਾਂ ਨੇ ਜਿਹੜੀ ਬੇਸਮੈਂਟ ਤਿਆਰ ਕੀਤੀ ਹੈ, ਉਹ ਨਿਯਮਾਂ ਅਨੁਸਾਰ ਨਿਸਚਿਤ ਜਗ੍ਹਾ ਛੱਡੇ ਬਿਨਾਂ ਹੀ ਗਲੀ ਦੇ ਕਿਨਾਰੇ ਤੱਕ ਬਣਾਈ ਗਈ ਹੈ, ਇੱਥੇ ਹੀ ਬੱਸ ਨਹੀਂ ਪੈਸੇ ਦੇ ਨਸ਼ੇ ਵਿੱਚ ਚੂਰ ਕੰਪਲੈਕਸ ਮਾਲਿਕਾਂ ਨੇ ਆਮ ਲੋਕਾਂ ਦੀ ਜਾਨ ਨੂੰ ਜੋਖਿਮ ਵਿੱਚ ਪਾਉਣ ਲਈ ਸੀਵਰੇਜ ਦੀ ਪਾਈਪ ਦੇ ਬਿਲਕੁਲ ਨੇੜੇ ਤੱਕ ਖੁਦਾਈ ਕਰ ਲਈ। ਜਿਸ ਕਾਰਣ ਗਲੀ ਦਾ ਫਰਸ਼ ਦਬ ਗਿਆ ਅਤੇ ਇੰਟਰਲੌਕ ਟਾਇਲਾਂ ਵੀ ਕਾਫੀ ਹਿੱਸੇ ਚੋਂ ਧਸ ਗਈਆਂ ।
ਪਟੇਲ ਨਗਰ ਗਲੀ ਨੰਬਰ 3 ਅਤੇ 4 ਦੇ ਬਾਸ਼ਿੰਦਿਆਂ ਮਨੋਜ ਕੁਮਾਰ, ਰਵਿੰਦਰ ਕੁਮਾਰ, ਸਿਨੇਸ਼ ਗੁਪਤਾ, ਦਿਨੇਸ਼ ਕੁਮਾਰ, ਰਾਜੀਵ ਕੁਮਾਰ ਆਦਿ ਨੇ ਦੱਸਿਆ ਕਿ ਸਮੂਹ ਮੁਹੱਲਾ ਵਾਸੀਆਂ ਵੱਲੋਂ 17 ਅਗਸਤ ਨੂੰ ਲਿਖਤੀ ਸ਼ਕਾਇਤ ਨਗਰ ਕੌਂਸਲ ਬਰਨਾਲਾ ਨੂੰ ਦੇ ਕੇ ਕਿਹਾ ਸੀ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰਿਹਾਇਸ਼ੀ ਇਲਾਕੇ ਵਿੱਚ ਬੇਸਮੈਂਟ ਬਣਾਉਣ, ਨਜਾਇਜ ਕਬਜਾ ਕਰਨ , ਗਲਤ ਢੰਗ ਨਾਲ ਨਕਸ਼ਾ ਪਾਸ ਕਰਵਾਉਣ, ਰਿਹਾਇਸ਼ੀ ਇਲਾਕੇ ਅੰਦਰ ਬਿਨਾਂ ਬੈਕਸਾਈਡ ਤੇ ਕੋਈ ਜਗ੍ਹਾ ਛੱਡੇ ਬਹੁਮੰਜਿਲਾ ਇਮਾਰਤ ਬਣਾਉਣ ਤੋਂ ਰੋਕਣ ਲਈ ਕਿਹਾ ਗਿਆ ਸੀ। ਮੁਹੱਲਾ ਵਾਸੀਆਂ ਨੇ ਇਹ ਵੀ ਕਿਹਾ ਕਿ ਬੇਸਮੈਂਟਸ਼ੁਦਾ ਬਹੁਮੰਜਿਲਾ ਬਿਲਡਿੰਗ ਦਾ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਮੁਹੱਲਾ ਵਾਸੀਆਂ ਤੋਂ ਕੋਈ ਇਤਰਾਜ ਨਾ ਹੋਣ ਸਬੰਧੀ ਪੁੱਛਿਆ ਤੱਕ ਵੀ ਨਹੀਂ ਗਿਆ। ਮੁਹੱਲਾ ਵਾਸੀਆਂ ਦੀ ਪੈਰਵੀ ਕਰ ਰਹੇ ਪ੍ਰਸਿੱਧ ਐਡਵੋਕੇਟ ਵਰਿੰਦਰ ਗੋਇਲ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਲੋਕਾਂ ਦਾ ਇਤਰਾਜ ਸੁਣੇ ਬਿਨਾਂ ਅਤੇ ਲੋਕਾਂ ਦੀ ਸੁਰੱਖਿਆ ਦਾ ਖਿਆਲ ਰੱਖਿਆਂ ਬਿਨਾਂ ਹੀ ਬਹੁਮੰਜਿਲਾ ਇਮਾਰਤ ਤਿਆਰ ਕਰਨ ਨੂੰ ਪਤਾ ਨਹੀਂ ਕਿਵੇਂ ਹਰੀ ਝੰਡੀ ਦੇ ਦਿੱਤੀ ਗਈ। ਉਨਾਂ ਕਿਹਾ ਕਿ ਉਹ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈਣ ਤੋਂ ਰੋਕਣ ਲਈ ਹਰ ਕਾਨੂੰਨੀ ਉਜ਼ਰ ਕਰਨਗੇ।
ਨਗਰ ਕੌਂਸਲ ਦੇ ਈਉ ਮੋਹਿਤ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਦੇ ਐਮਈ ਚਰਨਪਾਲ ਅਤੇ ਬਿਲਡਿੰਗ ਸ਼ਾਖਾ ਦੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਉਨਾਂ ਖੁਦ ਵਿਵਾਦਾਂ ਵਿੱਚ ਆਏ ਕਮਰਸ਼ੀਅਲ ਪ੍ਰੋਜੈਕਟ ਦਾ ਅੱਜ ਨਿਰੀਖਣ ਕੀਤਾ ਹੈ। ਉਨਾਂ ਕਿਹਾ ਕਿ ਉਹ ਮੌਕੇ ਤੇ ਬਣ ਰਹੀ ਬਿਲਡਿੰਗ ਅਤੇ ਨਕਸ਼ਾ ਪੇਸ਼ ਕਰਨ ਸਮੇਂ ਪੇਸ਼ ਕੀਤੇ ਦਸਤਾਵੇਜਾਂ ਦੀ ਪੜਤਾਲ ਕਰਨ ਉਪਰੰਤ ਸੰਭਵ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ। ਉਨਾਂ ਕਿਹਾ ਕਿ ਕੌਸਲ ਦੀ ਟੈਕਨੀਕਲ ਟੀਮ ਤੋਂ ਵੀ ਰਾਇ ਹਾਸਿਲ ਕੀਤੀ ਜਾਵੇਗੀ, ਕਿਸੇ ਵੀ ਬੇਨਿਯਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਕਰੀਬ 9 ਕਨਾਲ ਕਮਰਸ਼ੀਅਲ ਜਗ੍ਹਾ ਦੇ ਬਹੁਤੇ ਹਿੱਸੇ ਨੂੰ ਰਿਹਾਇਸ਼ੀ ਅਤੇ ਸਫੈਦ ਜਗ੍ਹਾ ਦਰਸਾ ਕੇ ਮਾਲ ਵਿਭਾਗ ਨੂੰ ਕਰੋੜਾ ਰੁਪਏ ਦਾ ਚੂਨਾ ਲਾਉਣ ਦਾ ਮਾਮਲਾ ਅਤੇ ਗੈਰ ਕਾਨੂੰਨੀ ਮਾਇਨਿੰਗ ਕਰਨ ਦਾ ਮੁੱਦਾ ਬਰਨਾਲਾ ਟੂਡੈ ਵੱਲੋਂ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਡੀ.ਐਲ. ਟੰਡਨ ਕੰਪਲੈਕਸ ਦੇ ਮਾਲਿਕਾਂ ਖਿਲਾਫ ਉਚਿੱਤ ਕਾਨੂੰਨੀ ਕਾਰਵਾਈ ਆਰੰਭੀ ਹੋਈ ਹੈ।