ਬਹੁਕਰੋੜੀ ਕੰਪਲੈਕਸ ਮਾਲਿਕਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੰਢਤੁੱਪ ਕਰਕੇ ਲਿਆ ਕਰੋੜਾਂ ਦਾ ਲਾਭ
ਬਰਨਾਲਾ ਦੇ ਪੁਰਾਣੇ ਬੱਸ ਸਟੈਂਡ ਸਾਹਮਣੇ ਟੰਡਨ ਦੀ ਚਾਰਦੀਵਾਰੀ ਵਾਲੀ 9 ਕਨਾਲ ਜਗ੍ਹਾ ਦੀ ਇੱਕ ਸਾਈਟ ਨੂੰ ਟੋਟਿਆਂ ‘ਚ ਵੰਡਿਆ
ਹਰਿੰਦਰ ਨਿੱਕਾ , ਬਰਨਾਲਾ 26 ਅਗਸਤ 2021
ਤਕੜਿਆਂ ਦਾ ਸੱਤੀਂ ਵੀਹੀਂ 100 ਦੀ ਸਦੀਆਂ ਪੁਰਾਣੀ ਕਹਾਵਤ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਇੱਕ ਵਾਰ ਫਿਰ ਧਨਾਢਾਂ ਨੂੰ ਕਰੋੜਾਂ ਰੁਪਏ ਦਾ ਫਾਇਦਾ ਦੇ ਕੇ 16 ਆਨੇ ਸੱਚ ਸਾਬਿਤ ਕਰ ਦਿਖਾਇਆ ਹੈ। ਜੀ ਹਾਂ, ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੀ ਇਹ ਪਟਕਥਾ ਮਾਲ ਵਿਭਾਗ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧਨਾਢ ਖਰੀਦਦਾਰਾਂ ਨਾਲ ਸਾਜਬਾਜ ਕਰਕੇ 120 ਦਿਨ ਪਹਿਲਾਂ ਲਿਖੀ , ਜਿਸ ਨੂੰ 29 ਅਪ੍ਰੈਲ 2021 ਨੂੰ ਬੜੀ ਹੀ ਹੁਸ਼ਿਆਰੀ ਅਤੇ ਚਲਾਕੀ ਨਾਲ ਅਮਲੀ ਜਾਮਾ ਪਹਿਣਾਇਆ ਗਿਆ ਸੀ । ਜੇਕਰ ਇਸ ਗੜਬੜ ਘੁਟਾਲੇ ਦੀ ਨਿਰਪੱਖ ਅਤੇ ਕਿਸੇ ਇਮਾਨਦਾਰ ਅਧਿਕਾਰੀ ਤੋਂ ਜਾਂਚ ਕਰਵਾਈ ਗਈ ਤਾਂ ਮਾਲ ਮਹਿਕਮੇ ਦੇ ਇਸ ਵੱਡੇ ਘੁਟਾਲੇ ਨੂੰ ਜਿਲ੍ਹੇ ਦੇ ਮਾਲ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਸੂਬੇ ਦੀ ਸੱਤਾ ਤੇ ਕਾਬਿਜ਼ ਕੁੱਝ ਰਾਜਸੀ ਲੀਡਰਾਂ ਦੀ ਮਿਲੀਭੁਗਤ ਨਾਲ ਮਾਲ ਵਿਭਾਗ ਦੇ ਰਿਕਾਰੜ ਵਿੱਚ ਹੁਣ ਤੱਕ ਹੋਏ ਸੱਭ ਤੋਂ ਵੱਡੇ ਘੁਟਾਲੇ ਦੇ ਤੌਰ ਤੇ ਜਾਣਿਆ ਜਾਵੇਗਾ।
ਕਦੋਂ ਕੀ ਹੋਇਆ ਤੇ ਕਿਵੇਂ ਲੱਗਿਆ ਸਰਕਾਰੀ ਖਜ਼ਾਨੇ ਨੂੰ ਚੂਨਾ
ਸ਼ਹਿਰ ਦੀ ਪ੍ਰਸਿੱਧ ਹਸਤੀ ਟੰਡਨ ਦੀ ਕੋਠੀ ਵਾਲੀ ਕਮਰਸ਼ੀਅਲ ਸ੍ਰੇਣੀ ਦੀ ਕਰੀਬ 9 ਕਨਾਲ ਬੇਸ਼ਕੀਮਤੀ ਜਗ੍ਹਾ ,ਜਿਸ ਨੂੰ ਸ਼ਹਿਰ ਦਾ ਦਿਲ ਸਮਝਿਆ ਜਾਂਦਾ ਹੈ ਦਾ ਸੌਦਾ ਪ੍ਰੋਪਰਟੀ ਡੀਲਰਾਂ ਨੇ ਕਰੀਬ ਸਾਢੇ 18 ਕਰੋੜ ਰੁਪਏ ਵਿੱਚ ਕਰਵਾਇਆ ਅਤੇ ਕਰੀਬ ਡੇਢ ਕਰੋੜ ਰੁਪਿਆ ਮੌਕੇ ਤੇ ਮੌਜੂਦ ਕੁੱਝ ਦੁਕਾਨਦਾਰਾਂ / ਹੋਟਲ ਮਾਲਿਕ ਆਦਿ ਤੋਂ ਉਨਾਂ ਦੇ ਕਬਜ਼ੇ ਵਾਲੀਆਂ ਦੁਕਾਨਾਂ ਨੂੰ ਖਾਲੀ ਕਰਵਾਉਣ ਲਈ ਖਰੀਦਦਾਰਾਂ ਵੱਲੋਂ ਵੱਖਰਾ ਖਰਚਿਆ ਗਿਆ। ਇਸ ਤਰਾਂ ਖਰੀਦਦਾਰਾਂ ਨੇ ਉਕਤ ਜਗ੍ਹਾ ਦਾ ਸੌਦਾ ਕੁੱਲ 20 ਕਰੋੜ ਰੁਪਏ ਵਿੱਚ ਖਰੀਦਿਆ। ਪਰੰਤੂ ਉਕਤ ਜਗ੍ਹਾ ਦੀ ਰਜਿਸਟਰੀ ਘੱਟ ਅਸ਼ਟਾਮ ਲਗਾ ਕੇ ਕਰੀਬ ਸਾਢੇ 5 ਕਰੋੜ ਰੁਪਏ ਵਿੱਚ ਹੀ ਕਰਵਾ ਲਈ ਗਈ।
ਚਲੋ ਅਜਿਹਾ ਹੋਣਾ ਕੋਈ ਅਚੰਭੇ ਵਾਲੀ ਗੱਲ ਨਹੀਂ, ਕਿਉਂਕਿ ਵੱਧ ਮੁੱਲ ਦੀ ਜਗ੍ਹਾ ਦੀ ਘੱਟ ਰੁਪੱਈਆਂ ਦੀ ਰਜਿਸਟਰੀ ਕਰਵਾਉਣ ਦਾ ਪ੍ਰਚਲਣ ਲੰਬੇ ਸਮੇਂ ਤੋਂ ਜ਼ਾਰੀ ਹੈ। ਜਿਸ ਨੂੰ ਲੋਕ ਵੀ ਬਹੁਤਾ ਗੰਭੀਰਤਾ ਨਾਲ ਨਹੀਂ ਲੈਂਦੇ। ਪਰੰਤੂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਲਈ ਕਾਇਮ ਹੋਏ ਵਖਤੀ ਗਠਜੋੜ ਦੁਆਰਾ ਮਾਲ ਵਿਭਾਗ ਦੇ ਜਮੀਨੀ ਰਿਕਾਰਡ ਦੇ ਨੰਬਰਾਂ ਵਿੱਚ ਦਰਜ਼ ਜਗ੍ਹਾ ਦੀ ਇਕੱਠੀ ਰਜਿਸਟਰੀ ਕਰਵਾਉਣ ਦੀ ਬਜਾਏ ਜਗ੍ਹਾ ਦੀ ਕਿਸੇ ਤਕਸੀਮ ਨਾ ਹੋਣ ਦੇ ਬਾਵਜੂਦ ਵੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੰਢਤੁੱਪ ਕਰਕੇ ਟੋਟਿਆਂ ਵਿੱਚ ਵੰਡ ਕੇ ਵਸੀਕੇ ਬੈਨਾਮੇ ਕਰਵਾਉਣ ਦੀ ਸਕੀਮ ਘੜ੍ਹੀ ਗਈ। ਕਰੀਬ 9 ਕਨਾਲ ਜਮੀਨ ਦੇ ਖਰੀਦਦਾਰ 2 ਪ੍ਰਮੁੱਖ ਹਿੱਸੇਦਾਰਾਂ ਰਜਨੀਸ਼ ਬਾਂਸਲ ਵਾਸੀ ਪੰਚਕੂਲਾ ਅਤੇ ਅਜੇ ਕੁਮਾਰ ਜਿੰਦਲ ਵਾਸੀ ਬਰਨਾਲਾ ਵੱਲੋਂ ਆਪਣੇ ਵੱਖ ਵੱਖ ਪਰਿਵਾਰਿਕ ਮੈਂਬਰਾਂ ਅਤੇ ਹੋਰ ਕਰੀਬੀ ਰਿਸ਼ਤੇਦਾਰਾਂ ਦੇ ਨਾਮ ਤੇ 16 ਵੱਖ ਵੱਖ ਰਜਿਸਟਰੀਆਂ ਦੇ ਰੂਪ ਵਿੱਚ ਵਸੀਕਾ ਬੈਨਾਮਾ ਕਰਵਾ ਲਿਆ ਗਿਆ। ਰਜਿਸਟਰੀਆਂ ਦੀ ਪੜਚੋਲ ਤੋਂ ਬਾਅਦ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਵੱਖ ਵੱਖ ਵਸੀਕਿਆਂ ਵਿੱਚ ਕਈ ਵਿਅਕਤੀਆਂ ਦਾ ਨਾਮ ਵਾਰ ਵਾਰ ਵੀ ਦਰਜ਼ ਹੈ। ਅਜਿਹਾ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਅਤੇ ਖਰੀਦਦਾਰ ਧਨਾਢਾਂ ਨੂੰ ਲਾਭ ਪਹੁੰਚਾਉਣ ਲਈ ਪੂਰੇ ਯੋਜਨਾਬੱਧ ਢੰਗ ਕੀਤਾ ਗਿਆ।
ਕਮਰਸ਼ੀਅਲ ਸਾਈਟ ਨੂੰ ਖਰੀਦਣ ਵੇਲੇ ਦਿਖਾਇਆ ਰਿਹਾਇਸ਼ੀ
ਕਾਫੀ ਜੱਦੋਜਹਿਦ ਤੋਂ ਬਾਅਦ ਮਾਲ ਵਿਭਾਗ ਦੇ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਕਰੀਬ 9 ਕਨਾਲ ਜਮੀਨ ਦੀਆਂ ਹਿੱਸਾ ਲਿਖ ਕੇ ਕਰਵਾਈਆਂ ਵੱਖ ਵੱਖ 16 ਰਜਿਸਟਰੀਆਂ ਵਿੱਚੋਂ ਸਿਰਫ 4 ਰਜਿਸਟਰੀਆਂ ਕਮਰਸ਼ੀਅਲ ਅਤੇ 12 ਰਜਿਸਟਰੀਆਂ ਰਿਹਾਇਸ਼ੀ ਦਰਸਾ ਕੇ ਕਰਵਾਈਆਂ ਗਈਆਂ ਹਨ। ਇਸ ਤਰਾਂ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਦੀ ਰਚੀ ਸਾਜਿਸ਼ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਘੱਟ ਮਾਲੀਆ / ਅਸ਼ਟਾਮ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਇਹ ਸਾਰੀਆਂ ਰਜਿਸਟਰੀਆਂ ਦਰਬਾਰੀ ਲਾਲ ਟੰਡਨ ਦੇ ਵਾਰਿਸਾਂ ਵੱਲੋਂ ਪੰਕਜ ਕੁਮਾਰ ਤਿਆਗੀ, ਵਾਸੀ ਮੁਬੰਈ ਨੂੰ ਦਿੱਤੀ ਗਈ ਪਾਵਰ ਆਫ ਅਟਾਰਨੀ ਦੇ ਅਧਾਰ ਪਰ ਕਰਵਾਈਆਂ ਗਈਆਂ ਸਨ। ਇਹ 16 ਰਜਿਸਟਰੀਆਂ ਕੁੱਲ 9 ਵਿਅਕਤੀਆਂ ਦੇ ਨਾਮ ਕਰਵਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ 5 ਪੁਰਸ਼ ਅਤੇ 4 ਔਰਤਾਂ ਸ਼ਾਮਿਲ ਹਨ।
ਤਹਿਸੀਲ ਦਫਤਰ ਵਿੱਚ ਮੱਚੀ ਤਰਥੱਲੀ
ਮਾਲ ਵਿਭਾਗ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਪ੍ਰੋਪਰਟੀ ਡੀਲਰਾਂ ਵੱਲੋਂ ਇਹ ਸਾਰੇ ਵਸੀਕਿਆਂ ਦਾ ਰਿਕਾਰਡ, ਰਜਿਸਟਰੀਆਂ ਕਰਵਾਉਣ ਦਾ ਅਮਲ ਨੇਪਰੇ ਚਾੜਣ ਤੋਂ ਬਾਅਦ ਕਾਫੀ ਲੁਕੋ ਕੇ ਰੱਖਿਆ ਗਿਆ। ਤਾਂਕਿ ਖਜਾਨੇ ਨੂੰ ਲਾਈ ਚਪਤ ਫਾਇਲਾਂ ਵਿੱਚ ਹੀ ਦਬ ਕੇ ਰਹਿ ਜਾਵੇ। ਪਰੰਤੂ ਬਰਨਾਲਾ ਟੂਡੇ ਦੀ ਟੀਮ ਅਤੇ ਕੁੱਝ ਹੋਰ ਸਹਿਯੋਗੀ ਸੱਜਣ ਇਹ ਸਾਰੇ ਗੜਬੜ ਘੁਟਾਲੇ ਦਾ ਰਿਕਾਰਡ ਵਾਚਣ ਵਿੱਚ ਸਫਲ ਹੋ ਹੀ ਗਏ। ਮਾਲ ਵਿਭਾਗ ਦਾ ਰਿਕਾਰਡ ਖੰਗਾਲਨ ਉਪਰੰਤ ਕਈ ਅਜਿਹੇ ਅੰਕੜੇ/ਤੱਥ ਵੀ ਬਰਨਾਲਾ ਟੂਡੇ ਦੀ ਟੀਮ ਹੱਥ ਲੱਗੇ ਹਨ, ਜਿੰਨਾਂ ਦਾ ਖੁਲਾਸਾ ਪਾਠਕਾਂ ਦੀ ਕਚਿਹਰੀ ਵਿੱਚ ਅਗਲੇ ਦਿਨਾਂ ‘ਚ ਹੋਰ ਵੀ ਤਫਸ਼ੀਲ ਨਾਲ ਰੱਖਿਆ ਜਾਵੇਗਾ। ਜਿਹੜਾ ਇਸ ਬਹਕਰੋੜੀ ਘੋਟਾਲੇ ਦਾ ਪਰਦਾਫਾਸ਼ ਕਰਕੇ, ਪੂਰੀ ਸਾਜਿਸ਼ ਵਿੱਚ ਸ਼ਾਮਿਲ ਚਿਹਰਿਆਂ ਨੂੰ ਬੇਨਕਾਬ ਕਰ ਦੇਵੇਗਾ। ਰਜਿਸਟਰੀਆਂ ਹੱਥ ਆਉਂਦੇ ਹੀ, ਹਰ ਰਜਿਸਟਰੀ ਦਾ ਲੇਖਾ ਜੋਖਾ ਵੀ ਪਾਠਕਾਂ ਦੇ ਰੂਬਰੂ ਰੱਖਿਆ ਜਾਵੇਗਾ, ਉੱਧਰ ਮਾਲ ਵਿਭਾਗ ਦੇ ਇਸ ਘੁਟਾਲੇ ਦੀਆਂ ਪਰਤਾਂ ਉੱਧੜਣ ਦੀ ਭਿਣਕ ਪੈਣ ਤੋਂ ਬਾਅਦ ਤਹਿਸੀਲ ਦਫਤਰ ਵਿੱਚ ਕਾਫੀ ਤਰਥੱਲੀ ਮੱਚ ਗਈ ਹੈ ।