ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਵੱਲੋਂ ਅਹੁਦੇ ਦਾ ਕਾਰਜਭਾਰ ਸੰਭਾਲਣ ਉਪਰੰਤ ਮੀਡੀਆ ਨਾਲ ਪਲੇਠੀ ਮਿਲਣੀ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 24 ਅਗਸਤ 2021
ਬਰਨਾਲਾ ਜਿਲ੍ਹੇ ਦੇ ਪੁਲਿਸ ਮੁਖੀ ਵੱਜੋਂ ਵੱਡੇ ਨਸ਼ਾ ਤਸਕਰਾਂ ਦੇ ਖਿਲਾਫ ਮਿਸਾਲੀ ਕਾਰਵਾਈ ਕਰਕੇ ਪੰਜਾਬ ਹੀ ਨਹੀਂ ਉੱਤਰੀ ਭਾਰਤ ਅੰਦਰ ਆਪਣੀ ਵੱਖਰੀ ਪਹਿਚਾਣ ਕਾਇਮ ਕਰਨ ਵਾਲੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪੁਲੀਸ ਮੁਖੀ ਸ਼੍ਰੀ ਸੰਦੀਪ ਗੋਇਲ ਨੇ ਆਪਣੇ ਅਹੁਦੇ ਦਾ ਕਾਰਜਭਾਰ ਸਾਂਭਣ ਉਪਰੰਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਨਾਲ ਪਲੇਠੀ ਮਿਲਣੀ ਕੀਤੀ। ਪ੍ਰੈਸ ਮਿਲਣੀ ਮੌਕੇ ਸ੍ਰੀ ਗੋਇਲ ਨੇ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਨਸੀਬ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਉਤੇ ਬਤੌਰ ਜ਼ਿਲ੍ਹਾ ਪੁਲੀਸ ਮੁਖੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਤਨਦੇਹੀ ਤੇ ਸੇਵਾ ਭਾਵਨਾ ਨਾਲ ਨਿਭਾਉਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁਲੀਸ ਕੈਰੀਅਰ ਦੀ ਸ਼ੁਰੂਆਤ ਬਤੌਰ ਡੀ.ਐਸ.ਪੀ. ਪ੍ਰੋਬੇਸ਼ਨਰੀ, ਸਾਲ 1994 ਵਿੱਚ ਫ਼ਤਹਿਗੜ੍ਹ ਸਾਹਿਬ ਤੋਂ ਹੀ ਕੀਤੀ ਸੀ।
ਸ਼੍ਰੀ ਗੋਇਲ ਨੇ ਦੱਸਿਆ ਕਿ ਟਰੇਨਿੰਗ ਉਪਰੰਤ ਉਨ੍ਹਾਂ ਦੀ ਪਹਿਲੀ ਪੋਸਟਿੰਗ ਡੀ.ਐਸ.ਪੀ. ਪੱਟੀ ਵਜੋਂ ਹੋਈ। ਉਪਰੰਤ ਉਨ੍ਹਾਂ ਨੇ ਡੀ.ਐਸ.ਪੀ. ਲੁਧਿਆਣਾ ਸਿਟੀ ਵਜੋਂ ਸੇਵਾਵਾਂ ਨਿਭਾਈਆਂ ਤੇ ਪੀ.ਸੀ.ਆਰ. ਪ੍ਰਣਾਲੀ ਦਾ ਖਾਕਾ ਤਿਆਰ ਕਰਨ ਉਪਰੰਤ ਉਸ ਨੂੰ ਲਾਗੂ ਕਰਵਾਉਣ ਸਬੰਧੀ ਉਨ੍ਹਾਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਿਆਂ ਉਹ ਸਾਲ 2006 ਵਿੱਚ ਐਸ.ਪੀ. ਵਿਜੀਲੈਂਸ ਬਣੇ। ਉਸ ਉਪਰੰਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਬਤੌਰ ਜ਼ਿਲ੍ਹਾ ਪੁਲੀਸ ਮੁਖੀ ਸੇਵਾਵਾਂ ਨਿਭਾਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇਗਾ ਅਤੇ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਤੇ ਲੋਕਾਂ ਨੂੰ ਵੱਖ ਵੱਖ ਅਲਾਮਤਾਂ ਤੋਂ ਬਚਾਉਣ ਵਿੱਚ ਮੀਡੀਆ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਉਨ੍ਹਾਂ ਨੇ ਜਿੱਥੇ ਮੀਡੀਆ ਤੋਂ ਸਹਿਯੋਗ ਦੀ ਮੰਗ ਕੀਤੀ , ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਬਿਹਤਰ ਬਨਾਉਣ ਸਬੰਧੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਿਸੇ ਵੀ ਤਰ੍ਹਾਂ ਦੇ ਮਾੜੇ ਕੰਮ ਜਾਂ ਅਨਸਰ ਦੀ ਸੂਚਨਾ ਫੌਰੀ ਪੁਲੀਸ ਨੂੰ ਦੇਣ ਤਾਂ ਜੋ ਮਾੜੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਜ਼ਿਕਰਯੋਗ ਹੈ ਲੁਧਿਆਣਾ ਵਿਖੇ ਹੌਜ਼ਰੀ ਸਨਅੱਤ ਵਿੱਚ ਅੱਗ ਲੱਗਣ ਦੀ ਘਟਨਾ ਦੌਰਾਨ ਲੋਕਾਂ ਦਾ ਬਚਾਅ ਕਰਦਿਆਂ ਸ੍ਰੀ ਗੋਇਲ ਖੁਦ ਵੀ ਜ਼ਖ਼ਮੀ ਹੋ ਗਏ ਸਨ, । ਜਿਸ ਸਬੰਧੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੈਡਲ ਨਾਲ ਸਨਮਾਨਿਆ ਗਿਆ ਸੀ।ਇਸ ਦੇ ਨਾਲ ਨਾਲ ਪੂਰਨ ਸਮਰਪਣ ਭਾਵਨਾ ਨਾਲ ਕੰਮ ਕਰਨ ਸਬੰਧੀ ਉਨ੍ਹਾਂ ਦਾ ਮੁੱਖ ਮੰਤਰੀ, ਪੰਜਾਬ ਵੱਲੋਂ ਸਨਮਾਨ ਕੀਤਾ ਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਕੰਮ ਲਈ ਉਨ੍ਹਾਂ ਨੂੰ 09 ਡੀ.ਜੀ. ਕਮੈਂਡੇਸ਼ਨ ਡਿਸਕਸ ਵੀ ਮਿਲ ਚੁੱਕੀਆਂ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲੀਸ ਮੁਖੀ ਵਜੋਂ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਬਰਨਾਲਾ ਵਿਖੇ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਸਨ।
ਇਸ ਮੌਕੇ ਐਸ.ਪੀ. (ਐਚ) ਹਰਪਾਲ ਸਿੰਘ, ਐਸ.ਪੀ. (ਡੀ) ਜਗਜੀਤ ਸਿੰਘ ਜੱਲ੍ਹਾ, ਐਸ.ਪੀ. ਨਵਰੀਤ ਸਿੰਘ ਵਿਰਕ ਸਮੇਤ ਵੱਖ ਵੱਖ ਅਧਿਕਾਰੀ ਤੇ ਮੀਡੀਆ ਕਰਮੀ ਹਾਜ਼ਰ ਸਨ।