ਸ਼ਹਿਰ ‘ਚ ਧੜਾਧੜ ਹੋ ਰਹੀ ਮਾਈਨਿੰਗ,ਬੇਸਮੈਂਟ ਦੀ ਮੰਜੂਰੀ ਬਿਨਾਂ ਨਗਰ ਕੌਂਸਲ ਕਰ ਰਹੀ ਨਕਸ਼ੇ ਪਾਸ !
S D O ਮਾਈਨਿੰਗ & ਡਰੇਨਜ਼ ਬਲਜੀਤ ਸਿੰਘ ਨੇ ਕਿਹਾ ਸ਼ਹਿਰ ‘ਅੰਦਰ ਹੋ ਰਹੀ ਮਾਈਨਿੰਗ ਬਾਰੇ ਨਹੀਂ ਕੋਈ ਜਾਣਕਾਰੀ
ਨਗਰ ਕੌਂਸਲ ਦੇ ਈ.ਉ ਬੋਲੇ , ਨਿਯਮਾਂ ਦੀ ਅਣਦੇਖੀ ਕਰਕੇ ਪਾਸ ਕੀਤੇ ਨਕਸ਼ਿਆਂ ਦੀ ਕਰਾਂਗਾ ਪੜਤਾਲ
ਹਰਿੰਦਰ ਨਿੱਕਾ , ਬਰਨਾਲਾ 24 ਅਗਸਤ 2021
ਮਾਈਨਿੰਗ ਮਹਿਕਮੇ ਅਤੇ ਨਗਰ ਕੌਂਸਲ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਕਾਰਣ ਸ਼ਹਿਰ ਅੰਦਰ ਬਣ ਰਹੀਆਂ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਦੀਆਂ ਬੇਸਮੈਂਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸ਼ਹਿਰ ਦੀ ਹਦੂਦ ਅੰਦਰ ਸ਼ਰੇਆਮ ਅਤੇ ਸ਼ਰੇਰਾਹ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈਆਂ ਜਾ ਰਹੀਆਂ ਬੇਸਮੈਂਟਾਂ ਬਾਰੇ ਮਾਈਨਿੰਗ ਵਿਭਾਗ ਦੇ ਮੁਕਾਮੀ ਅਧਿਕਾਰੀ ਅਤੇ ਕਰਮਚਾਰੀ ਪੂਰੀ ਤੌਰ ਮੌਨ ਹਨ ਅਤੇ ਨਗਰ ਕੌਂਸਲ ਦੇ ਅਧਿਕਾਰੀ ਮੁਸਕਰੀਆਂ ਹੱਸ ਕੇ ਗੱਲ ਨੂੰ ਆਈ ਗਈ ਕਰ ਰਹੇ ਹਨ, ਜਿੰਨਾਂ ਦੀ ਕਾਰਗੁਜਾਰੀ ਵੀ ਸ਼ੱਕ ਦੇ ਦਾਇਰੇ ਵਿੱਚ ਹੈ । ਕੁੱਝ ਦਿਨਾਂ ਦੀ ਸਭ ਤੋਂ ਵੱਧ ਚਰਚਾ ਰੇਲਵੇ ਸਟੇਸ਼ਨ ਰੋਡ ਤੇ ਸਥਿਤ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਦਰਬਾਰੀ ਲਾਲ ਟੰਡਨ ਵਾਲੀ ਕੋਠੀ ਵਾਲੀ ਜਗ੍ਹਾ ਤੇ ਵੱਡੀ ਕਮਰਸ਼ੀਅਲ ਬਿਲਡਿੰਗ ਦਾ ਨਿਰਮਾਣ ਧੜੱਲੇ ਨਾਲ ਜ਼ਾਰੀ ਹੈ। ਜਿਸ ਵਿੱਚ ਮਾਈਨਿੰਗ ਵਿਭਾਗ ਤੋਂ ਇਕੱਲੀ ਬੇਸਮੈਂਟ ਦੀ ਮੰਜੂਰੀ ਲਏ ਬਿਨਾਂ ਨਗਰ ਕੌਂਸਲ ਵੱਲੋਂ ਨਕਸ਼ਾ ਪਾਸ ਕਰਨ ਦੀ ਗੱਲ ਹੀ ਨਹੀਂ,ਬਲਿਕ ਉਕਤ ਜਗ੍ਹਾ ਦੀ ਖਰੀਦ ਤੋਂ ਕਈ ਹੋਰ ਬੇਨਿਯਮੀਆਂ ਵੀ ਸਾਹਮਣੇ ਆ ਰਹੀਆਂ ਹਨ।
ਉਕਤ ਕਮਰਸ਼ੀਅਲ ਸਾਈਟ ਦੀ ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਿਲਡਿੰਗ ਦੇ ਨਿਰਮਾਣ ਲਈ ਕਰੀਬ 10 ਫੁੱਟ ਤੋਂ ਜਿਆਦਾ ਡੂੰਘੀ ਬੇਸਮੈਂਟ ਲਈ ਗੈਰਕਾਨੂੰਨੀ ਢੰਗ ਨਾਲ ਜਮੀਨ ਦੀ ਖੁਦਾਈ ਕੀਤੀ ਗਈ ਹੈ। ਬੇਸਮੈਂਟ ਦਾ ਬਹੁਤਾ ਕੰਮ ਮੁਕੰਮਲ ਹੋਣ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਬੰਧੀ ਮੌਕੇ ਤੇ ਕੰਮ ਕਰਵਾ ਰਹੇ ਖੁਦ ਨੂੰ ਮੁਨਸ਼ੀ ਦੱਸ ਰਹੇ ਵਿਅਕਤੀ ਨੇ ਕਿਹਾ ਕਿ ਮੈਂਨੂੰ ਕੋਈ ਜਾਣਕਾਰੀ ਨਹੀਂ ਕਿ ਬੇਸਮੈਂਟ ਬਣਾਉਣ ਲਈ ਮਾਈਨਿੰਗ ਵਿਭਾਗ ਤੋਂ ਕੋਈ ਮੰਜੂਰੀ ਲੈਣੀ ਜਰੂਰੀ ਸੀ, ਉਨਾਂ ਕਿਹਾ ਕਿ ਨਗਰ ਕੌਂਸਲ ਤੋਂ ਨਕਸ਼ਾ ਪਾਸ ਕਰਵਾਕੇ ਹੀ ਕਮਰਸ਼ੀਅਲ ਕੰਪਲੈਕਸ ਤਿਆਰ ਕੀਤਾ ਜਾ ਰਿਹਾ ਹੈ। ਉੱਧਰ ਬਹੁਕਰੋੜੀ ਕਮਰਸ਼ੀਅਲ ਕੰਪਲੈਕਸ ਤਿਆਰ ਕਰ ਰਹੇ ਰਜਨੀਸ਼ ਬਾਂਸਲ ਨੇ ਕਿਹਾ ਕਿ ਅਸੀਂ ਨਿਯਮਾਂ ਅਨੁਸਾਰ ਹੀ ਬਿਲਿੰਡਗ ਤਿਆਰ ਕਰ ਰਹੇ ਹਾਂ। ਉਨਾਂ ਬੇਸਮੈਂਟ ਬਣਾਉਣ ਸਬੰਧੀ ਮਾਈਨਿੰਗ ਵਿਭਾਗ ਤੋਂ ਕੋਈ ਮਨਜੂਰੀ ਨਾ ਲੈਣ ਬਾਰੇ ਕਿਹਾ ਕਿ ਸਾਨੂੰ ਇਸ ਦੀ ਕੋਈ ਜਾਦਕਾਰੀ ਨਹੀਂ ਹੈ।
ਡਰੇਨਜ ਐਂਡ ਮਾਈਨਿੰਗ ਵਿਭਾਗ ਦੇ ਐਸਡੀਉ ਬਲਜੀਤ ਸਿੰਘ ਨੇ ਸ਼ਹਿਰ ਦੀ ਉਕਤ ਜਗ੍ਹਾ ਤੇ ਬੇਸਮੈਂਟ ਤਿਆਰ ਕਰਨ ਲਈ ਕੀਤੀ ਜਾ ਰਹੀ ਮਾਈਨਿੰਗ ਬਾਰੇ ਕਿਹਾ ਕਿ ਉਨਾਂ ਦੇ ਮਹਿਕਮੇ ਤੋਂ ਕਿਸੇ ਨੇ ਉਕਤ ਬੇਸਮੈਂਟ ਬਣਾਉਣ ਤੋਂ ਪਹਿਲਾਂ ਕੋਈ ਦੁਰਖਾਸਤ ਨਹੀਂ ਦਿੱਤੀ ਅਤੇ ਨਾ ਹੀ ਉਨਾਂ ਨੂੰ ਇਸ ਬੇਸਮੈਂਟ ਦੀ ਕੋਈ ਜਾਣਕਾਰੀ ਵੀ ਨਹੀਂ ਮਿਲੀ। ਹੁਣ ਇਹ ਮਾਮਲਾ ਧਿਆਨ ਵਿੱਚ ਲਿਆਉਣ ਤੋਂ ਬਾਅਦ ਜੇ.ਈ ਨੂੰ ਮੌਕਾ ਦੇਖ ਕੇ ਅਗਲੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਕਹਿ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਬਿਨਾਂ ਮਾਈਨਿੰਗ ਵਿਭਾਗ ਤੋਂ ਬੇਸਮੈਂਟ ਦੀ ਮੰਜੂਰੀ ਨਕਸ਼ਾ ਪਾਸ ਕਰਨਾ ਉਚਿਤ ਨਹੀਂ ਹੈ। ਅਜਿਹਾ ਹੋਣ ਨਾਲ ਸਰਕਾਰੀ ਖਜ਼ਾਨੇ ਨੂੰ ਕਾਫੀ ਨੁਕਸਾਨ ਹੋਇਆ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਨੇ ਮੰਨਿਆ ਕਿ ਬੇਸਮੈਂਟ ਦੀ ਮੰਜੂਰੀ ਨਗਰ ਕੌਂਸਲ ਨਹੀਂ, ਬਲਕਿ ਮਾਈਨਿੰਗ ਵਿਭਾਗ ਤੋਂ ਹੀ ਲੈਣੀ ਜਰੂਰੀ ਹੈ। ਜੇਕਰ ਬਿਨਾਂ ਮਾਈਨਿੰਗ ਵਿਭਾਗ ਦੀ ਮੰਜੂਰੀ ਤੋਂ ਹੀ ਬੇਸਮੈਂਟ ਬਣਾਉਣ ਲਈ ਕੌਂਸਲ ਅਧਿਕਾਰੀਆਂ ਨੇ ਨਕਸ਼ਾ ਪਾਸ ਕੀਤਾ ਹੈ, ਤਾਂ ਉਹ ਨਕਸ਼ਾ ਅਤੇ ਪੇਸ਼ ਕੀਤੀ ਫਾਈਲ ਦੀ ਪੜਤਾਲ ਉਪਰੰਤ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।