ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਭਰਵੀਂ ਗਿਣਤੀ ਵਿੱਚ ਮੁਲਾਜਮ/ਪੈਨਸ਼ਨਰਾਂ ਰੋਸ ਭਰਪੂਰ ਗੇਟ ਰੈਲੀ ਕਰਕੇ ਘੇਰਿਆ ਰੈਸਟ ਹਾਊਸ
ਪੇਅ ਕਮਿਸ਼ਨ ਦੀ ਰਿਪੋਰਟ ਸੋਧਕੇ ਜਲਦ ਲਾਗੂ ਕਰਨ ਦੀ ਮੰਗ
ਪਰਦੀਪ ਕਸਬਾ , ਸੰਗਰੂਰ 20 ਅਗੱਸਤ 2021
ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਲਾ ਸੰਗਰੂਰ ਦੇ ਕਨਵੀਨਰ ਅਵਿਨਾਸ਼ ਚੰਦਰ ਸ਼ਰਮਾ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ, ਮੇਲਾ ਸਿੰਘ ਪੁੰਨਾਵਾਲ, ਪ੍ਰੀਤਮ ਸਿੰਘ ਧੂਰਾ, ਸੀਤਾ ਰਾਮ ਸ਼ਰਮਾ,ਸੁਖਦੇਵ ਚੰਗਾਲੀਵਾਲਾ, ਰਾਜਵੀਰ ਸ਼ਰਮਾ ਬਡਰੁੱਖਾਂ, ਬਾਲ ਕ੍ਰਿਸ਼ਨ ਚੌਹਾਨ, ਸ਼੍ਰੀ ਨਿਵਾਸ ਸ਼ਰਮਾ, ਹਰਜੀਤ ਬਾਲੀਆਂ ਦੀ ਅਗਵਾਈ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਅੱਗੇ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਰੋਸ ਭਰਪੂਰ ਗੇਟ ਰੈਲੀ ਕਰਕੇ ਸੂਬਾ ਸਰਕਾਰ ਪ੍ਤੀ ਰੋਸ ਜਾਹਿਰ ਕੀਤਾ ਗਿਆ।
ਇਸ ਮੌਕੇ ਰਾਕੇਸ਼ ਸ਼ਰਮਾ ਜਿਲਾ ਪ੍ਧਾਨ ਪੀਐਸਐਮਐਸਯੂ, ਅਨੁਜ ਸ਼ਰਮਾ, ਰਾਣੋ ਖੇੜੀ ਗਿੱਲਾਂ ਆਸ਼ਾ ਵਰਕਰ ਫੈਸਲੇ ਯੂਨੀਅਨ, ਬਲਜੀਤ ਕੌਰ ਪੇਧਨੀ ਆਂਗਨਵਾੜੀ ਵਰਕਰ ਯੂਨੀਅਨ ਆਗੂ, ਸੁਰਿੰਦਰ ਬਾਲੀਆਂ ਪੈਨਸ਼ਨਰ ਆਗੂ, ਗੁਰਪ੍ਰੀਤ ਮੰਗਵਾਲ, ਸਤੀਸ਼ ਮੂਣਕ , ਕਰਮਜੀਤ ਬੀਹਲਾ ਆਗੂ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ, ਮਾਲਵਿੰਦਰ ਸੰਧੂ, ਦੇਵੀ ਦਿਆਲ,ਕੁਲਵੰਤ ਸਿੰਘ, ਜੀਤ ਸਿੰਘ ਢੀਂਡਸਾ, ਫਕੀਰ ਚੰਦ ਟਿੱਬਾ, ਹੰਸਰਾਜ ਦੀਦਾਰਗੜ੍ਹ ਆਦਿ ਵੱਲੋਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਧ੍ਰੋਹ ਕਮਾਉਣ ਦਾ ਦੋਸ਼
ਲਗਾਉਂਦੇ ਕਿਹਾ ਗਿਆ ਕਿ ਪੇਅ ਕਮਿਸ਼ਨ ਦੀ ਰਿਪੋਰਟ ਜੋ ਕਿ ਸਮੂਹ ਮੁਲਾਜਮ/ਪੈਨਸ਼ਨਰ ਵਰਗ ਨੇ ਮੁੱਢ ਤੋਂ ਹੀ ਰੱਦ ਕਰ ਦਿੱਤੀ ਹੈ ਅਤੇ ਸਰਕਾਰ ਵੱਲੋਂ ਗਠਿਤ ਕੀਤੀ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਨਾਲ ਸਾਂਝੇ ਫਰੰਟ ਦੇ ਆਗੂਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ 3.01 ਦੀ ਦਰ ਤੇ ਵਾਧੇ ਦੀ ਮੰਗ ਅਨੁਸਾਰ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਨਾ ਕਰਨ ਕਰਕੇ ਸੂਬੇ ਭਰ ਦੇ ਲੱਖਾਂ ਮੁਲਾਜਮਾਂ ਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਪੈਦਾ ਹੋ ਰਿਹਾ ਹੈ। ਕਿਉਂਕਿ ਇਸ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਕੇਡਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਮੁਤਾਬਿਕ ਬਣਦਾ ਢੁੱਕਵਾਂ ਲਾਭ ਨਹੀਂ ਹੋ ਰਿਹਾ, ਜਦਕਿ ਇਸਦੇ ਉਲਟ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਖਜਾਨਾ ਖਾਲੀ ਹੋ ਰਿਹਾ ਹੈ,
ਜਦਕਿ ਰਾਜਨੀਤਕ ਆਗੂ ਜੋ ਕਿ 5-5 ਪੈਨਸ਼ਨਾਂ ਲੈ ਰਹੇ ਹਨ, ਉਹ ਆਪ ਸਰਕਾਰੀ ਖਜਾਨੇ ਤੇ ਬੋਝ ਹਨ, ਸਮੂਹ ਵਰਗ ਅੱਜ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਆਗੂਆਂ ਨੇ ਕਿਹਾ ਕਿ ਅਗਰ ਜਲਦ ਹੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਹੈ ਤਾਂ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸਦਾ ਖਾਮਿਆਜਾ ਮੌਕੇ ਦੀ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ।
ਗੇਟ ਰੈਲੀ ਉਪਰੰਤ ਹਜਾਰਾਂ ਦੇ ਕਾਫਲੇ ਵੱਲੋਂ ਸਥਾਨਕ ਰੈਸਟ ਹਾਊਸ ਜੋ ਕਿ ਮੌਜੂਦਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਆਰਜੀ ਰਿਹਾਇਸ਼ ਹੈ ਦਾ ਘਿਰਾਓ ਕੀਤਾ ਗਿਆ। ਸਾਂਝਾ ਫਰੰਟ ਦੀਆਂ ਮੁੱਖ ਮੰਗਾਂ ਪੇਅ ਕਮਿਸ਼ਨ ਦੀ ਰਿਪੋਰਟ ਸੋਧਕੇ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਤੁਰੰਤ ਰੀਲੀਜ ਕੀਤੀਆਂ ਜਾਣ, ਮੈਡੀਕਲ ਭੱਤੇ ਵਿੱਚ ਵਾਧਾ ਕੀਤਾ ਜਾਵੇ, 15 ਜਨਵਰੀ 2015 ਦਾ ਪੱਤਰ ਰੱਦ ਕੀਤਾ ਜਾਵੇ,ਕੱਚੇ ਮੁਲਾਜਮਾਂ ਨੂੰ ਬਿਨਾਂ ਸ਼ਰਤ ਪੱਕੇ ਕੀਤਾ ਜਾਵੇ, 2015 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਏਸੀਪੀ ਸਕੀਮ ਦਾ ਲਾਭ ਦੇਣ ਬਾਰੇ ਪੱਤਰ ਜਰਨਲਾਈਜ ਕਰਨਾ, ਕੇਂਦਰ ਸਰਕਾਰ ਦੀ ਤਰਜ ਤੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਫੈਮਿਲੀ ਪੈਨਸ਼ਨ ਦਾ ਲਾਭ ਦੇਣਾ ਆਦਿ ਮੰਗ ਪੱਤਰ ਵਿੱਚ ਦਰਜ ਹਨ।